ਬੰਗਾਲ 'ਚ ਬੋਲੇ ਅਮਿਤ ਸ਼ਾਹ, ਕਿਹਾ-'ਸੀਏਏ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ'
Wednesday, Dec 27, 2023 - 11:06 AM (IST)
ਬੰਗਾਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ (26 ਦਸੰਬਰ 2023) ਨੂੰ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਇਹ ਦੇਸ਼ ਦਾ ਕਾਨੂੰਨ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਇਸ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਨੈਸ਼ਨਲ ਲਾਇਬ੍ਰੇਰੀ ਵਿਖੇ ਸੂਬਾ ਭਾਜਪਾ ਦੀ ਸੋਸ਼ਲ ਮੀਡੀਆ ਅਤੇ ਆਈਟੀ ਇਕਾਈ ਦੇ ਮੈਂਬਰਾਂ ਦੀ ਬੰਦ ਕਮਰਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਸੀਏਏ ਨੂੰ ਲਾਗੂ ਕਰਨ ਲਈ ਇਹ ਪਾਰਟੀ ਦੀ ਵਚਨਬੱਧਤਾ ਹੈ।
ਅਮਿਤ ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ਦੀਆਂ 42 ਲੋਕ ਸਭਾ ਸੀਟਾਂ ਵਿੱਚੋਂ 35 ਤੋਂ ਵੱਧ ਸੀਟਾਂ ਜਿੱਤੇਗੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ। ਬੰਗਾਲ ਭਾਜਪਾ ਦੀ ਮੀਡੀਆ ਇਕਾਈ ਨੇ ਬੰਦ ਕਮਰਾ ਸਮਾਗਮ ਵਿਚ ਸ਼ਾਹ ਦੇ ਭਾਸ਼ਣ ਦੇ ਬਿੰਦੂਆਂ ਦੀ ਲਿਸਟ ਸਾਂਝੀ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਸ਼ਾਹ ਦੇ ਭਾਸ਼ਣ ਦੇ ਕੁਝ ਵੀਡੀਓ ਕਲਿੱਪ ਵੀ ਸਾਂਝੇ ਕੀਤੇ।
ਅਮਿਤ ਸ਼ਾਹ ਨੇ ਸੀਏਏ 'ਤੇ ਸਾਫ਼ ਕੀਤਾ ਰੁਖ਼
ਉਨ੍ਹਾਂ ਨੇ ਪਾਰਟੀ ਪ੍ਰੋਗਰਾਮ 'ਚ ਕਿਹਾ, 'ਸਾਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਕੰਮ ਕਰਨਾ ਹੋਵੇਗਾ। ਭਾਜਪਾ ਸਰਕਾਰ ਦਾ ਮਤਲਬ ਘੁਸਪੈਠ, ਗਊ ਤਸਕਰੀ ਨੂੰ ਖਤਮ ਕਰਨਾ ਅਤੇ ਸੀਏਏ ਰਾਹੀਂ ਧਾਰਮਿਕ ਆਧਾਰ 'ਤੇ ਸਤਾਏ ਗਏ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਹੈ।'' ਇਸ ਦੀ ਇੱਕ ਵੀਡੀਓ ਕਲਿੱਪ ਭਾਜਪਾ ਦੇ ਮੀਡੀਆ ਵਿੰਗ ਦੁਆਰਾ ਸਾਂਝੀ ਕੀਤੀ ਗਈ ਸੀ।
ਸੀਏਏ ਦੇਸ਼ ਦਾ ਕਾਨੂੰਨ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਏਏ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੈਨਰਜੀ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ, “ਕਈ ਵਾਰ ਉਹ ਲੋਕਾਂ, ਸ਼ਰਨਾਰਥੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਦੇਸ਼ ਵਿੱਚ ਸੀਏਏ ਲਾਗੂ ਹੋਵੇਗਾ ਜਾਂ ਨਹੀਂ। ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਸੀਏਏ ਦੇਸ਼ ਦਾ ਕਾਨੂੰਨ ਹੈ ਅਤੇ ਇਸ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਸਾਡੀ ਪਾਰਟੀ ਦੀ ਵਚਨਬੱਧਤਾ ਹੈ।'' ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸੀਏਏ ਦਾ ਵਿਰੋਧ ਕਰ ਰਹੀ ਹੈ, ਜਿਸ ਨੂੰ 2019 ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।