ਦਿੱਲੀ ਪੁਲਸ ਹੈੱਡਕੁਆਟਰ ’ਚ ਬੋਲੇ ਅਮਿਤ ਸ਼ਾਹ- ਪੁਲਸ ਨੇ ਹਰ ਮੁਸ਼ਕਲ ’ਚ ਦਿੱਤਾ ਸਾਥ
Tuesday, Jan 19, 2021 - 01:37 PM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦਿੱਲੀ ਪੁਲਸ ਦੇ ਅਧਿਕਾਰੀਆਂ ਨਾਲ ਮੈਰਾਥਨ ਬੈਠਕ ਕਰ ਰਹੇ ਹਨ। ਦਿੱਲੀ ਪੁਲਸ ਦੇ ਹੈੱਡਕੁਆਟਰ ’ਚ ਹੋ ਰਹੀ ਇਹ ਬੈਠਕ ਸ਼ਾਮ ਦੇ ਕਰੀਬ 5 ਵਜੇ ਤਕ ਚੱਲੇਗੀ। ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 50 ਤੋਂ ਜ਼ਿਆਦਾ ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢਣ ਵਾਲੇ ਹਨ, ਇਸ ਵਿਚਕਾਰ ਸ਼ਾਹ ਦੀ ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ।
ਬੈਠਕ ਦੌਰਾਨ ਸ਼ਾਹ ਦਿੱਲੀ ਪੁਲਸ ਦੇ ਸਾਰੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ’ਚ ਗਣਤੰਤਰ ਦਿਵਸ ਦੀ ਸੁਰੱਖਇਆ ਨੂੰ ਲੈ ਕੇ ਚਰਚਾ ਹੋਣੀ ਹੈ।
ਸੁਪਰੀਮ ਕੋਰਟ ਨੇ ਕਿਹਾ- ਸੁਰੱਖਿਆ ਦੀ ਜ਼ਿੰਮੇਵਾਰੀ ਪੁਲਸ ਦੀ
ਦਿੱਲੀ ਦੇ ਸਿੰਘੂ ਬਾਰਡਰ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਪੁਲਸ ਸੁਪਰੀਮ ਕੋਰਟ ਗਈ ਸੀ ਪਰ ਕੋਰਟ ਨੇ ਕਿਹਾ ਕਿ ਸ਼ਹਿਰ ’ਚ ਕਿਸ ਨੂੰ ਐਂਟਰੀ ਦੇਣੀ ਹੈ ਅਤੇ ਕਿਸ ਨੂੰ ਨਹੀਂ, ਇਸ ਦਾ ਫੈਸਲਾ ਕੋਰਟ ਨਹੀਂ ਸਗੋਂ ਪੁਲਸ ਹੀ ਕਰੇਗੀ। ਕੋਰਟ ਨੇ ਕਿਹਾ ਕਿ ਰਾਜਧਾਨੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਦੀ ਹੈ। ਉਥੇ ਹੀ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਬਾਰਡਰ ’ਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਉਹ ਵੀ ਪੁਲਸ ਕੋਲੋਂ ਟਰੈਕਟਰ ਪਰੇਡ ਦੀ ਮਨਜ਼ੂਰੀ ਮੰਗਣ ਲਈ ਬੈਠਕ ਕਰਨਗੇ।