ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਇੰਝ ਦਿੱਤੀ ਸ਼ਰਧਾਂਜਲੀ

08/07/2019 9:51:53 AM

ਵਾਸ਼ਿੰਗਟਨ/ਨਵੀਂ ਦਿੱਲੀ (ਭਾਸ਼ਾ)— ਅਮਰੀਕਾ ਵਿਚ ਭਾਰਤੀ ਭਾਈਚਾਰੇ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੁਸ਼ਮਾ ਨੂੰ ਦੂਜਿਆਂ ਦੀ ਪਰਵਾਹ ਕਰਨ ਵਾਲੀ ਅਤੇ ਇਕ ਅਸਧਾਰਨ ਨੇਤਾ ਦੱਸਿਆ। ਇੱਥੇ ਦੱਸ ਦਈਏ ਕਿ ਸੁਸ਼ਮਾ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਐਮਜ਼) ਵਿਚ ਦਿਹਾਂਤ ਹੋ ਗਿਆ ਸੀ। ਉਹ 67 ਸਾਲ ਦਾ ਸੀ। 

ਭਾਰਤ ਦੇ ਸਭ ਤੋਂ ਕਿਰਿਆਸ਼ੀਲ ਆਗੂਆਂ ਵਿਚ ਸ਼ਾਮਲ ਸੁਸ਼ਮਾ ਦੇ ਅਚਾਨਕ ਦਿਹਾਂਤ ਨਾਲ ਹਿਊਸਟਨ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਛਾ ਗਈ। ਉਨ੍ਹਾਂ ਨੇ ਸੁਸ਼ਮਾ ਨੂੰ ਕ੍ਰਿਸ਼ਮਾਈ ਅਤੇ ਊਰਜਾ ਭਰਪੂਰ ਨੇਤਾ ਅਤੇ ਇਕ ਦ੍ਰਿੜ੍ਹ ਮਹਿਲਾ ਦੇ ਤੌਰ 'ਤੇ ਯਾਦ ਕੀਤਾ। ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਆਫ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਆਹਲੂਵਾਲੀਆ ਨੇ ਕਿਹਾ,''ਉਨ੍ਹਾਂ ਨੂੰ ਦੁਨੀਆ ਭਰ ਵਿਚ ਲੋੜਵੰਦ ਭਾਰਤੀ ਲੋਕਾਂ ਲਈ ਵਿਦੇਸ਼ ਮੰਤਰਾਲੇ ਅਤੇ ਦੂਤਘਰਾਂ ਦੇ ਦਰਵਾਜੇ ਖੋਲ੍ਹਣ ਵਿਚ ਉਨ੍ਹਾਂ ਦੀ ਅਗਵਾਈ ਲਈ ਯਾਦ ਕੀਤਾ ਜਾਵੇਗਾ।'' 

ਆਹਲੂਵਾਲੀਆ ਨੇ ਦੱਸਿਆ,''ਉਹ ਸੁਸ਼ਮਾ ਨੂੰ ਪਹਿਲੀ ਵਾਰ ਉਦੋਂ ਮਿਲੇ ਸਨ ਜਦੋਂ ਉਹ ਸਿਹਤ ਮੰਤਰੀ ਸੀ। ਉਹ ਦਿੱਲੀ ਵਿਚ ਇਕ ਟੀਕਾਕਰਣ ਪ੍ਰੋਗਰਾਮ ਵਿਚ ਸ਼ਾਮਲ ਹੋਈ ਸੀ। ਮੈਂ ਪਾਇਆ ਕਿ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।'' ਆਹਲੂਵਾਲੀਆ ਨੇ ਸਾਲ 2017 ਵਿਚ ਆਏ ਹੜ੍ਹ ਵਿਚ ਹਿਊਸਟਨ ਯੂਨੀਵਰਸਿਟੀ ਵਿਚ ਫਸੇ 200 ਭਾਰਤੀ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕਰਨ ਵਿਚ ਸੁਸ਼ਮਾ ਦੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਤਰੀਕੇ ਨਾਲ ਸੁਸ਼ਮਾ ਨੇ ਭਾਰਤ ਦੇ ਕੌਂਸਲੇਟ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਉਣ ਦੀ ਮੁਹਿੰਮ ਚਲਾਈ ਉਹ ਪ੍ਰਸ਼ੰਸਾਯੋਗ ਸੀ। 

ਪਦਮ ਸ਼੍ਰੀ ਨਾਲ ਸਨਮਾਨਿਤ ਅਤੇ ਓਕਲਾਹੋਮਾ ਸਟੇਟ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੁਭਾਸ਼ ਕਾਕ ਨੇ ਕਿਹਾ,''ਮੈਂ ਸੁਸ਼ਮਾ ਦੇ ਅਚਾਨਕ ਦਿਹਾਂਤ ਨਾਲ ਬਹੁਤ ਦੁਖੀ ਹਾਂ। ਦਇਆ ਅਤੇ ਕਾਬਲੀਅਤ ਨਾਲ ਭਰਪੂਰ ਮਹਿਲਾ ਨੇ 5 ਸਾਲ ਤੱਕ ਵਿਦੇਸ਼ ਮੰਤਰੀ ਦੇ ਤੌਰ 'ਤੇ ਸ਼ਾਨਦਾਰ ਕੰਮ ਕੀਤਾ।'' ਸੈਲੀਬ੍ਰਿਟੀ ਮਿਸ਼ੇਲਿਨ ਸਟਾਰ ਸ਼ੈਫ ਵਿਕਾਸ ਖੰਨਾ ਨੇ ਟਵੀਟ ਕੀਤਾ,''ਨਿਊਯਾਰਕ ਦੀ ਤੁਹਾਡੀ ਹਰ ਯਾਤਰਾ 'ਤੇ ਤੁਹਾਡੇ ਲਈ ਖਾਣਾ ਪਕਾਉਣ ਦੇਣ ਲਈ ਤੁਹਾਡਾ ਸ਼ੁਕਰੀਆ। ਮੈਨੂੰ ਦੁਨੀਆ ਜਿੱਤਣ ਦਾ ਅਸ਼ੀਰਵਾਦ ਦੇਣ ਲਈ ਵੀ ਤੁਹਾਡਾ ਸ਼ੁਕਰੀਆ। ਤੁਸੀਂ ਭਾਰਤ ਮਾਤਾ ਦੀ ਸੱਚੀ ਔਲਾਦ ਸੀ। ਈਸ਼ਵਰ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।''


Vandana

Content Editor

Related News