ਅਮਰਨਾਥ ਯਾਤਰਾ ਦੂਜੇ ਦਿਨ ਵੀ ਰਹੀ ਮੁਲਤਵੀ, ਮੀਂਹ ਕਾਰਨ ਨੁਕਸਾਨਿਆ ਗਿਆ ਮਾਰਗ
Monday, Aug 12, 2024 - 01:53 PM (IST)
ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਮਾਰਗ ਦੀ ਮੁਰੰਮਤ ਕਾਰਨ ਬਾਲਟਾਲ ਮਾਰਗ ਰਾਹੀਂ ਅਮਰਨਾਥ ਯਾਤਰਾ ਸੋਮਵਾਰ ਨੂੰ ਦੂਜੇ ਦਿਨ ਵੀ ਮੁਲਤਵੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਗੰਦੇਰਬਲ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਗੁਫਾ ਮੰਦਰ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹਾਲ ਹੀ 'ਚ ਭਾਰੀ ਮੀਂਹ ਕਾਰਨ ਨੁਕਸਾਨੀ ਗਈ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਤਾਂ ਜੋ ਅਮਰਨਾਥ ਯਾਤਰੀਆਂ ਲਈ ਇਸ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ।
ਅਧਿਕਾਰੀਆਂ ਮੁਤਾਬਕ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਪਰੰਪਰਾਗਤ ਨੁਨਵਾਨ ਵਾਲੇ ਪਾਸੇ ਤੋਂ ਯਾਤਰਾ ਵੀ ਭਾਰੀ ਮੀਂਹ ਕਾਰਨ ਮਾਰਗ ਦੇ ਨੁਕਸਾਨੇ ਜਾਣ ਤੋਂ ਬਾਅਦ 6 ਅਗਸਤ ਨੂੰ ਮੁਅੱਤਲ ਕਰ ਦਿੱਤੀ ਗਈ ਸੀ। ਯਾਤਰਾ ਦੇ ਪਹਿਲਗਾਮ ਮਾਰਗ 'ਤੇ ਜ਼ਰੂਰੀ ਮੁਰੰਮਤ ਅਤੇ ਸਾਂਭ-ਸੰਭਾਲ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲਾਨਾ 52 ਦਿਨਾਂ ਅਮਰਨਾਥ ਯਾਤਰਾ 29 ਜੂਨ ਨੂੰ ਗੰਦੇਰਬਲ ਜ਼ਿਲ੍ਹੇ ਦੇ ਬਾਲਟਾਲ ਅਤੇ ਦੱਖਣੀ ਕਸ਼ਮੀਰ ਦੇ ਨੁਨਵਾਨ ਪਹਿਲਗਾਮ ਮਾਰਗਾਂ ਤੋਂ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਹੁਣ ਤੱਕ 5 ਲੱਖ ਤੋਂ ਵੱਧ ਸ਼ਰਧਾਲੂ ਕਸ਼ਮੀਰ ਹਿਮਾਲਿਆ ਵਿਚ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8