ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ 20 ਫੀਸਦੀ ਸੀਟਾਂ ਹੀ ਮਿਲਣਗੀਆਂ : ਅਖਿਲੇਸ਼
Friday, Jan 14, 2022 - 06:04 PM (IST)
ਲਖਨਊ– ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਵਿਅੰਗ ਕਸਦੇ ਹੋਏ ਕਿਹਾ ਕਿ ‘80 ਬਨਾਮ 20’ ਤੋਂ ਉਨ੍ਹਾਂ ਦਾ ਮਤਲਬ ਹੈ ਕਿ ਭਾਜਪਾ ਨੂੰ ਉੱਤਰ ਪ੍ਰਦੇਸ਼ ਚੋਣਾਂ ’ਚ 20 ਫੀਸਦੀ ਸੀਟਾਂ ਮਿਲਣਗੀਆਂ ਜਦਕਿ ਬਾਕੀ 80 ਫੀਸਦੀ ਸਪਾ ਨੂੰ ਮਿਲਣਗੀਆਂ ਪਰ ਅੱਜ ਦੀ ਭੀੜ ਵੇਖ ਕੇ ਲਗਦਾ ਹੈ ਕਿ ਹੁਣ ਉਨ੍ਹਾਂ ਨੂੰ ਉਹ ਵੀ ਮਿਲਣਾ ਮੁਸ਼ਕਿਲ ਹੋਵੇਗਾ। ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਅਤੇ ਹੋਰ ਭਾਜਪਾ ਵਿਧਾਇਕਾਂ ਦੇ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੌਰਿਆ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ।
ਉਨ੍ਹਾਂ ਕਿਹਾ, ‘ਕੁਝ ਦਿਨ ਪਹਿਲਾਂ ਅਸੀਂ ਕਿਹਾ ਸੀਕਿ ਮੁੱਖ ਮੰਤਰੀ ਜੀ ਨੂੰ ਹਿਸਾਬ ਦਾ ਅਧਿਆਪਕ ਰੱਖਣਾ ਹੋਵੇਗਾ। ਇਹ ਜੋ 80 ਅਤੇ 20 ਦੀ ਗੱਲ ਕਰ ਰਹੇ ਹਨ, ਸਮਾਰਜਵਾਦੀ ਪਾਰਟੀ ਦੇ ਨਾਲ 80 ਫੀਸਦੀ ਲੋਕ ਖੜ੍ਹੇ ਹੀ ਹੋ ਗਏ। ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਅੱਜ ਮੰਚ ਨੂੰ ਵੇਖਿਆ ਹੋਵੇਗਾ, ਸਵਾਮੀ ਪ੍ਰਸਾਦ ਮੌਰਿਆ ਦੀ ਗੱਲ ਸੁਣੀ ਹੋਵੇਗੀ, ਉਸ ਤੋਂ ਲਗਦਾ ਹੈ ਕਿ ਉਹ 20 ਫੀਸਦੀ ਵੀ ਉਨ੍ਹਾਂ ਦੇ ਖਿਲਾਫ ਹੋ ਗਏ ਹੋਣਗੇ।’ ਸਪਾ ਨੇਤਾ ਨੇ ਕਿਹਾ, ‘ਹੁਣ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਹੋਣਾ ਤੈਅ ਹੈ। ਹੁਣ ਕੋਈ ਉਨ੍ਹਾਂ ਦਾ ਸਫਾਇਆ ਹੋਣ ਤੋਂ ਨਹੀਂ ਰੋਕ ਸਕਦਾ ਅਤੇ ਜੋ ਲੋਕ 3 ਚੌਥਾਈ ਦੀ ਗੱਲ ਕਰ ਰਹੇ ਸਨ, ਉਹ ਦਰਅਸਲ 3 ਤੋਂ 4ਫੀਸਦੀ ਦੀ ਗੱਲ ਕਰ ਰਹੇ ਹਨ।’
ਯਾਦਵ ਨੇ ਕਿਹਾ, ‘ਅੱਜ ਭਾਜਪਾ ਕੋਲ ਕੋਈ ਠੋਸ ਉਪਲੱਬਧੀ ਨਹੀਂ ਹੈ। ਇਹ ਉਹ ਭਾਜਪਾ ਦੇ ਲੋਕ ਹਨ ਜਿਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਰਕਾਰ ਆਏਗੀ ਤਾਂ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ ਪਰ ਕਿਸਾਨਾਂ ਦੀ ਆਮਦਨ ਦੁਗਣੀ ਨਹੀਂ ਹੋਈ। ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਕਿਸਾਨਾਂ ਲਈ ਡੀਜ਼ਲ ਅਤੇ ਪੈਟਰੋਲ ਮਹਿੰਗਾ ਕਰ ਦਿੱਤਾ।’