ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ ''ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ

Thursday, Jul 03, 2025 - 12:48 PM (IST)

ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ ''ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ

ਨੈਸ਼ਨਲ ਡੈਸਕ- ਏਅਰ ਇੰਡੀਆ ਦੀ ਇਕ ਹੋਰ ਫਲਾਈਟ ਏ.ਆਈ. 103, ਜੋ ਕਿ ਨਵੀਂ ਦਿੱਲੀ ਤੋਂ ਅਮਰੀਕਾ ਦੇ ਵਾਸ਼ਿੰਗਟਨ ਜਾ ਰਹੀ ਸੀ, ਨੂੰ ਤਕਨੀਕੀ ਖ਼ਰਾਬੀ ਕਾਰਨ ਰੱਦ ਕਰਨਾ ਪੈ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਨੇ ਦੱਸਿਆ ਕਿ ਇਸ ਫਲਾਈਟ ਨੇ ਬੁੱਧਵਾਰ ਦੀ ਰਾਤ 12.45 ਵਜੇ ਨਵੀਂ ਦਿੱਲੀ ਏਅਰਪੋਰਟ ਤੋ ਵਾਸ਼ਿੰਗਟਨ ਜਾਣ ਲਈ ਉਡਾਣ ਭਰੀ ਸੀ। ਇਸ ਨੇ ਫਿਊਲ ਲਈ ਆਸਟ੍ਰੀਆ ਦੇ ਵਿਆਨਾ 'ਚ ਰੁਕਣਾ ਸੀ, ਪਰ ਇਸ 'ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। 

ਇਹੀ ਨਹੀਂ, ਇਸ ਤੋਂ ਬਾਅਦ ਫਲਾਈਟ ਏ.ਆਈ.104, ਜੋ ਕਿ ਇਸੇ ਰੂਟ 'ਤੇ ਜਾਣੀ ਸੀ, ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਫਲਾਈਟਾਂ ਰੱਦ ਹੋਣ ਮਗਰੋਂ ਏਅਰ ਇੰਡੀਆ ਨੇ ਯਾਤਰੀਆਂ ਦੀ ਸਹੂਲਤ ਲਈ ਦਿੱਲੀ ਆਉਣ ਲਈ ਬਦਲਵੀਆਂ ਫਲਾਈਟਾਂ ਜਾਂ ਉਨ੍ਹਾਂ ਨੂੰ ਰਿਫੰਡ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ।

ਏਅਰਲਾਈਨ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਕੋਲ ਸ਼ੈਨੇਗਨ ਵੀਜ਼ਾ ਹੈ ਜਾਂ ਉਹ ਵੀਜ਼ਾ ਫ੍ਰੀ ਐਂਟਰੀ ਲਈ ਯੋਗ ਹਨ, ਉਨ੍ਹਾਂ ਦੇ ਆਸਟ੍ਰੀਆ 'ਚ ਹੋਟਲਾਂ 'ਚ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਦਕਿ ਬਾਕੀਆਂ ਦੇ ਰਹਿਣ ਲਈ ਵੀ ਢੁੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇਸ ਲਈ ਆਸਟ੍ਰੀਅਨ ਅਧਿਕਾਰੀਆਂ ਤੋਂ ਇਜਾਜ਼ਤ ਦੀ ਉਡੀਕ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ 'ਚ ਹੋਏ ਪਲੇਨ ਕ੍ਰੈਸ਼ ਮਗਰੋਂ ਏਅਰ ਇੰਡੀਆ ਲਗਾਤਾਰ ਸਵਾਲਾਂ ਦੇ ਘੇਰੇ 'ਚ ਘਿਰੀ ਹੋਈ ਹੈ। ਹਾਦਸੇ ਮਗਰੋਂ ਏਅਰਲਾਈਨ ਦੀਆਂ ਬਹੁਤ ਸਾਰੀਆਂ ਫਲਾਈਟਾਂ 'ਚ ਤਕਨੀਕੀ ਖ਼ਰਾਬੀ ਆਈ ਹੈ, ਜਿਸ ਕਾਰਨ ਜਾਂ ਤਾਂ ਉਨ੍ਹਾਂ ਨੂੰ ਰੱਦ ਕਰਨਾ ਪਿਆ ਹੈ, ਜਾਂ ਫ਼ਿਰ ਉਨ੍ਹਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ।


author

Harpreet SIngh

Content Editor

Related News