ਗੁਜਰਾਤ ’ਚ ਹਵਾਈ ਫ਼ੌਜ ਨੇ ਵਿਖਾਈ ਤਾਕਤ: ਜੰਗੀ ਜਹਾਜ਼ਾਂ, ਹੈਲੀਕਾਪਟਰਾਂ ਤੇ ਰਿਮੋਟ ਨਾਲ ਚੱਲਣ ਵਾਲੇ ਡਰੋਨਾਂ ਦੀ ਵਰਤੋਂ
Friday, Nov 20, 2026 - 05:54 AM (IST)
ਜਾਮਨਗਰ (ਏਜੰਸੀ) : ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਗੁਜਰਾਤ ’ਚ ਵੱਡੇ ਪੱਧਰ ’ਤੇ ਕਰਵਾਈ ਗਈ ਇਕ ਬਹੁ-ਕੌਮੀ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮਸ਼ਕ ਦੌਰਾਨ ਆਪਣੀ ਵਧਦੀ ਹਵਾਈ ਤਾਕਤ ਅਤੇ ਆਫ਼ਤ ਨਾਲ ਨਜਿੱਠਣ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੜਾਕੂ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ, ਹੈਲੀਕਾਪਟਰਾਂ ਅਤੇ ਰਿਮੋਟ ਨਾਲ ਚੱਲਣ ਵਾਲੇ ਡਰੋਨਾਂ ਦੀ ਵਰਤੋਂ ਕੀਤੀ ਗਈ। ਇਹ ਪ੍ਰਦਰਸ਼ਨ 17 ਤੋਂ 19 ਨਵੰਬਰ ਤੱਕ ਏਅਰ ਫੋਰਸ ਸਟੇਸ਼ਨ ਜਾਮਨਗਰ ਵਿਖੇ ਕਰਵਾਈ ਗਈ ਸਾਲਾਨਾ ਸਾਂਝੀ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮਸ਼ਕ ‘ਸਹਾਇਤਾ ਸੇਤੂ 2026’ ਦਾ ਹਿੱਸਾ ਸੀ। ਇਸ ਬਹੁ-ਏਜੰਸੀ ਮਸ਼ਕ ’ਚ ਫੌਜ ਦੇ ਤਿੰਨਾਂ ਅੰਗਾਂ ਦੇ ਨਾਲ-ਨਾਲ ਭਾਰਤੀ ਕੋਸਟ ਗਾਰਡ, ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀਆਂ, ਨਾਗਰਿਕ ਪ੍ਰਸ਼ਾਸਨ ਅਤੇ ਮਿੱਤਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਤੇ ਬਾਈਕ ਦੀ ਟੱਕਰ 'ਚ 4 ਲੋਕਾਂ ਦੀ ਮੌਤ
ਪ੍ਰਮੁੱਖ ਰੱਖਿਆ ਮੁਖੀ (ਸੀ. ਡੀ. ਐੱਸ.) ਜਨਰਲ ਐੱਨ. ਐੱਸ. ਰਾਜਾ ਸੁਬਰਮਣੀ ਨੇ ਕਿਹਾ ਕਿ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮਨੁੱਖੀ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਲਈ ਵੱਖ-ਵੱਖ ਏਜੰਸੀਆਂ ਵਿਚਾਲੇ ਤਾਲਮੇਲ ਵਾਲੇ ਯਤਨ ਜ਼ਰੂਰੀ ਹਨ। ਉਨ੍ਹਾਂ ਕਿਹਾ, ‘‘ਅੱਜ ਦੀਆਂ ਆਫ਼ਤਾਂ ਸੰਭਾਵੀ ਦੁਨੀਆ ’ਚ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਕਿਸੇ ਇਕ ਏਜੰਸੀ ਦੀ ਸਮਰੱਥਾ ਨਾਲ ਸੰਭਵ ਨਹੀਂ ਹੈ। ਇਸ ਲਈ ਪੂਰੇ ਦੇਸ਼ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਆਫ਼ਤ ਰਾਹਤ ਯਤਨ ‘ਗੁਆਂਢੀ ਪਹਿਲਾਂ’ ਨੀਤੀ ਅਤੇ ਵਿਸਥਾਰਤ ਗਲੋਬਲ ਸਮੁੰਦਰੀ ਦ੍ਰਿਸ਼ਟੀਕੋਣ ‘ਮਹਾਸਾਗਰ’ ਤੋਂ ਸੇਧ ਲੈਂਦੇ ਹਨ।
ਭਾਰਤ ਹਿੰਦ ਮਹਾਸਾਗਰ ਖੇਤਰ ਅਤੇ ਹਿੰਦ-ਪ੍ਰਸ਼ਾਂਤ ’ਚ ਇਕ ਭਰੋਸੇਮੰਦ ਪਹਿਲਾਂ ਜਵਾਬੀ ਕਾਰਵਾਈ ਕਰਨ ਵਾਲੇ ਦੇਸ਼ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਤੁਰਕੀ ’ਚ ‘ਆਪ੍ਰੇਸ਼ਨ ਦੋਸਤ’ ਅਤੇ ਮਿਆਂਮਾਰ ’ਚ ‘ਆਪ੍ਰੇਸ਼ਨ ਬ੍ਰਹਮਾ’ ਦਾ ਜ਼ਿਕਰ ਭਾਰਤ ਦੀਆਂ ਮਨੁੱਖਤਾਵਾਦੀ ਸਹਾਇਤਾ ਮੁਹਿੰਮਾਂ ਦੀਆਂ ਉਦਾਹਰਣਾਂ ਵਜੋਂ ਕੀਤਾ। ਹਵਾਈ ਫੌਜ ਨੇ ਇਸ ਦੌਰਾਨ ਜੈਗੁਆਰ ਲੜਾਕੂ ਜਹਾਜ਼, ਸੀ-130ਜੇ ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼, ਐੱਮ. ਆਈ.-17 ਹੈਲੀਕਾਪਟਰ ਅਤੇ ਰਿਮੋਟ ਨਾਲ ਚੱਲਣ ਵਾਲੇ ਕਵਾਡਕਾਪਟਰ ਤਾਇਨਾਤ ਕੀਤੇ। ਫੌਜ ਦੇ ਤਿੰਨਾਂ ਅੰਗਾਂ ਵੱਲੋਂ ਵਰਤੇ ਜਾਣ ਵਾਲੇ ਐਡਵਾਂਸਡ ਲਾਈਟ ਹੈਲੀਕਾਪਟਰ (ਏ. ਐੱਲ. ਐੱਚ.) ਮਾਰਕ-4 ਤੋਂ ਇਲਾਵਾ ਸਮੁੰਦਰੀ ਫੌਜ ਦੇ ਡੋਰਨੀਅਰ ਜਹਾਜ਼ ਅਤੇ ਜ਼ਮੀਨੀ ਫੌਜ ਦੇ ਏ. ਐੱਲ. ਐੱਚ. ਤੇ ਚੀਤਾ ਹੈਲੀਕਾਪਟਰਾਂ ਨੇ ਵੀ ਹਿੱਸਾ ਲਿਆ।
ਇਹ ਵੀ ਪੜ੍ਹੋ : ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ
ਪ੍ਰਦਰਸ਼ਨ ਦੌਰਾਨ ਐੱਮ. ਆਈ.-17 ਵੀ5 ਹੈਲੀਕਾਪਟਰ ਨੇ ਅੱਗ ਬੁਝਾਉਣ ਵਾਲੇ ਰੋਬੋਟ ਦੀ ਮਦਦ ਨਾਲ ਪਾਣੀ ਦੀ ਬਾਲਟੀ ਰਾਹੀਂ ਅੱਗ ਬੁਝਾਉਣ ਦਾ ਅਭਿਆਸ ਕੀਤਾ, ਜਦਕਿ ਇਕ ਹੋਰ ਐੱਮ. ਆਈ.-17 1ਬੀ ਹੈਲੀਕਾਪਟਰ ਨੇ ਜ਼ਮੀਨੀ ਫੌਜ ਦੇ ਵਾਹਨ ਨੂੰ ਹਵਾਈ ਰਸਤੇ ਪਹੁੰਚਾਇਆ। ਹਵਾਈ ਫੌਜ ਦੀ ਕੰਬੈਟ ਫ੍ਰੀ ਫਾਲ ਰੈਪਿਡ ਰਿਸਪਾਂਸ ਫੋਰਸ ਦੇ ਜਵਾਨਾਂ ਨੇ ਏ. ਐੱਨ.-32 ਜਹਾਜ਼ ਤੋਂ ਛਾਲ ਮਾਰ ਕੇ ਵੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
