ਕਿਸਾਨ ਅੰਦੋਲਨ: ਬੈਠਕ ਤੋਂ ਬਾਅਦ ਬੋਲੇ ਤੋਮਰ- ਕਿਸਾਨ ਆਗੂ ਨਹੀਂ ਦੇ ਸਕੇ ਕੋਈ ਹੋਰ ਤਜਵੀਜ਼

01/08/2021 6:10:48 PM

ਨਵੀਂ ਦਿੱਲੀ– ਕਿਸਾਨਾਂ ਅਤੇ ਸਰਕਾਰ ਵਿਚਾਲੇ ਸ਼ੁੱਕਰਵਾਰ ਨੂੰ ਹੋਈ ਅੱਠਵੇਂ ਦੌਰ ਦੀ ਬੈਠਕ ਵੀ ਬੇਨਤੀਜਾ ਰਹੀ। ਬੈਠਕ ਤੋਂ ਬਾਅਦ ਖੇਤਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਆਗੂ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਤਜਵੀਜ਼ ਨਹੀਂ ਦੇ ਸਕੇ। ਅਜਿਹੇ ’ਚ ਹੁਣ 15 ਜਨਵਰੀ ਨੂੰ ਦੁਪਹਿਰ 12 ਵਜੇ ਇਕ ਵਾਰ ਫਿਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਬੈਠਕ ਹੋਵੇਗੀ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਹੋਈ ਬੈਠਕ ’ਚ ਕੇਂਦਰ ਸਰਕਾਰ ਨੇ ਕਿਸਾਨਾਂ ਵਲੋਂ ਚੁੱਕੇ ਗਏ ਚਾਰ ਮੁੱਦਿਆਂ ’ਚੋਂ ਦੋ ’ਤੇ ਰਜ਼ਾਮੰਦੀ ਜਤਾਈ ਸੀ। 

ਤੋਮਰ ਨੇ ਕਿਹਾ ਕਿ ਕਾਨੂੰਨਾਂ ’ਤੇ ਚਰਚਾ ਹੋਈ ਪਰ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਿਆ। ਸਰਕਾਰ ਨੇ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਤਜਵੀਜ਼ ਦਿੰਦੀਆਂ ਹਨ ਤਾਂ ਅਸੀਂ ਉਸ ’ਤੇ ਵਿਚਾਰ ਕਰਾਂਗੇ ਪਰ ਕਿਸਾਨ ਜਥੇਬੰਦੀਆਂ ਨੇ ਕੋਈ ਵਿਕਲਪ ਪੇਸ਼ ਨਹੀਂ ਕੀਤਾ ਇਸ ਲਈ ਬੈਠਕ ਖ਼ਤਮ ਕਰ ਦਿੱਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਅਗਲੀ ਬੈਠਕ 15 ਜਨਵਰੀ ਨੂੰ ਕੀਤੀ ਜਾਵੇਗੀ। 

ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਉਹ ਲੋਕ ਜੋ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਪਰ ਕਈ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੀਆਂ ਹਨ ਜੋ ਇਨ੍ਹਾਂ ਕਾਨੂੰਨਾਂ ਦੇ ਵਿਰੋਧ ’ਚ ਹਨ। ਜਦੋਂ ਉਨ੍ਹਾਂ ਲੋਕਾਂ ਨੇ ਮਿਲਣ ਦੀ ਅਪੀਲ ਕੀਤੀ ਜੋ ਕਾਨੂੰਨਾਂ ਦੇ ਸਮਰਥਨ ’ਚ ਹਨ ਤਾਂ ਅਸੀਂ ਉਨ੍ਹਾਂ ਨੂੰ ਵੀ ਸਮਾਂ ਦਿੱਤਾ। 


Rakesh

Content Editor

Related News