ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਬਾਅਦ ਦਲ ਬਦਲਣ ਦਾ ਸਿਲਸਿਲਾ ਸ਼ੁਰੂ
Saturday, Oct 13, 2018 - 03:59 PM (IST)

ਰਾਏਪੁਰ—ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਬਾਅਦ ਦਲ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਛੱਤੀਸਗੜ੍ਹ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮਦਿਆਲ ਉਈਕੇ ਨੇ ਆਪਣੀ ਪਾਰਟੀ ਛੱਡ ਕੇ ਭਾਜਪਾ ਨੂੰ ਚੁਣ ਲਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਸਮੇਤ ਹੋਰਾਂ ਦੀ ਮੌਜੂਦਗੀ 'ਚ ਰਾਮਦਿਆਲ ਨੂੰ ਭਾਜਪਾ 'ਚ ਸ਼ਾਮਿਲ ਕਰਾਇਆ ਗਿਆ। ਇਸ ਨੂੰ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਚੌਥੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ 'ਚ ਹਨ। ਇਸਦੇ ਚਲਦਿਆਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਰਾਮਦਿਆਲ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੀ ਪਾਲੀ-ਤਾਨਾਖਾਰ ਵਿਧਾਨਸਭਾ ਸੀਟ ਤੋਂ ਵਿਧਾਇਕ ਹਨ। ਇਸ ਸੀਟ ਨੂੰ ਕਾਂਗਰਸ ਦਾ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਹੈ।
ਛੱਤੀਸਗੜ੍ਹ 'ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। 2013 'ਚ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 49, ਕਾਂਗਰਸ ਨੂੰ 39, ਬਸਪਾ ਨੂੰ 1 ਤੇ ਬਾਕੀਆਂ ਨੂੰ ਇਕ ਸੀਟ ਮਿਲੀ ਸੀ। ਰਮਨ ਸਿੰਘ ਦੀ ਅਗਵਾਈ 'ਚ ਭਾਜਪਾ ਨੇ ਪਿਛਲੀਆਂ ਚੋਣਾਂ 'ਚ ਲਗਾਤਾਰ ਤੀਜੀ ਵਾਰ ਕਾਂਗਰਸ ਨੂੰ ਹਰਾ ਕੇ ਸਰਕਾਰ ਬਣਾਈ ਸੀ।