ਅਫਰੀਕੀ ਗੇਂਦਾ ਉਗਾ ਕੇ ਕਿਸਾਨ ਬਦਲ ਰਿਹੈ ਕਿਸਮਤ, ਇਕ ਏਕੜ ''ਚ ਲੱਖ ਰੁਪਏ ਕਮਾਈ

Friday, Oct 03, 2025 - 01:07 PM (IST)

ਅਫਰੀਕੀ ਗੇਂਦਾ ਉਗਾ ਕੇ ਕਿਸਾਨ ਬਦਲ ਰਿਹੈ ਕਿਸਮਤ, ਇਕ ਏਕੜ ''ਚ ਲੱਖ ਰੁਪਏ ਕਮਾਈ

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਮੁਲਤਾਈ ਤਹਿਸੀਲ ਦੇ ਸਿਰਸਾਵਾੜੀ ਪਿੰਡ ਦੇ ਕਿਸਾਨ ਕਾਸ਼ੀਨਾਥ ਖਾੜੇ ਨੇ ਰਵਾਇਤੀ ਖੇਤੀ ਛੱਡ ਅਫਰੀਕੀ ਗੇਂਦਾ ਉਗਾ ਕੇ ਆਪਣੀ ਕਿਸਮਤ ਬਦਲ ਦਿੱਤੀ ਹੈ। ਜਿੱਥੇ ਪਹਿਲਾਂ ਕਣਕ, ਸੋਇਆਬੀਨ ਅਤੇ ਮੱਕੀ ਦੀ ਖੇਤੀ ਦੀ ਲਾਗਤ ਕੱਢਣਾ ਵੀ ਮੁਸ਼ਕਲ ਸੀ, ਉੱਥੇ ਹੀ ਹੁਣ ਉਹ ਪ੍ਰਤੀ ਏਕੜ ਕਰੀਬ ਇਕ ਲੱਖ ਰੁਪਏ ਦੀ ਕਮਾਈ ਕਰ ਰਹੇ ਹਨ। ਕਾਸ਼ੀਨਾਥ ਨੇ ਦੱਸਿਆ ਕਿ ਪਿਛਲੇ ਸਾਲ ਇਕ ਪ੍ਰਾਈਵੇਟ ਕੰਪਨੀ ਨੇ ਪਿੰਡ ਆ ਕੇ ਉਨ੍ਹਾਂ ਨੂੰ ਗੇਂਦਾ ਫੁੱਲ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਸੀ। ਕੰਪਨੀ ਨੇ ਬੀਜ ਅਤੇ ਤਕਨੀਕੀ ਮਦਦ ਉਪਲੱਬਧ ਕਰਵਾਈ ਅਤੇ ਖੇਤ ਤੋਂ ਹੀ 10 ਰੁਪਏ ਕਿਲੋ ਦੀ ਦਰ ਨਾਲ ਫੁੱਲ ਖਰੀਦਣ ਦਾ ਕਰਾਰ ਕੀਤਾ। ਉਨ੍ਹਾਂ ਨੇ 4 ਏਕੜ 'ਚ ਗੇਂਦਾ ਲਗਾਇਆ ਅਤੇ ਪਹਿਲੇ ਹੀ ਸੀਜ਼ਨ 'ਚ ਚੰਗਾ ਮੁਨਾਫ਼ਾ ਕਮਾਇਆ। ਪ੍ਰਤੀ ਏਕੜ ਸਿਰਫ਼ 2700 ਰੁਪਏ ਬੀਜ ਹੈ ਅਤੇ ਕਰੀਬ 10 ਹਜ਼ਾਰ ਰੁਪਏ ਖਾਦ-ਦਵਾਈ 'ਤੇ ਖਰਚ ਆਇਆ। ਡੇਢ ਮਹੀਨੇ 'ਚ ਫ਼ਸਲ ਤਿਆਰ ਹੋ ਜਾਂਦੀ ਹੈ ਅਤੇ ਇਕ ਸੀਜ਼ਨ 'ਚ 8 ਤੋਂ 10 ਵਾਰ ਫੁੱਲ ਤੋੜੇ ਜਾਂਦੇ ਹਨ। 

ਕਿਸਾਨ ਦੱਸਦੇ ਹਨ ਕਿ ਹਰ ਹਫ਼ਤੇ ਲਗਭਗ 5 ਹਜ਼ਾਰ ਕਿਲੋ ਫੁੱਲ ਨਿਕਲਦੇ ਹਨ, ਜਿਨ੍ਹਾਂ ਨੂੰ ਪੂਰਾ ਪਰਿਵਾਰ ਮਿਲ ਕੇ ਤੋੜਦਾ ਹੈ। ਕੰਪਨੀ ਦੇ ਪ੍ਰਤੀਨਿਧੀ ਪਿੰਡ ਆ ਕੇ ਫੁੱਲ ਖਰੀਦ ਲਿਜਾਂਦੇ ਹਨ ਅਤੇ ਸਮੇਂ 'ਤੇ ਭੁਗਤਾਨ ਕਰ ਦਿੰਦੇ ਹਨ। ਹੁਣ ਤੱਕ ਕਾਸ਼ੀਨਾਥ ਨੂੰ 2 ਲੱਖ ਰੁਪਏ ਦੀ ਰਾਸ਼ੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਕਣਕ ਅਤੇ ਸੋਇਆਬੀਨ ਦੀ ਖੇਤੀ ਨਾਲ ਕਰਜ਼ ਚੁਕਾਉਣਾ ਮੁਸ਼ਕਲ ਹੋ ਜਾਂਦਾ ਸੀ, ਉੱਥੇ ਹੀ ਗੇਂਦੇ ਦੇ ਫੁੱਲ ਨੇ ਨਵੀਂ ਉਮੀਦ ਦਿੱਤੀ ਹੈ। ਹੁਣ ਉਹ ਪੂਰੇ 9 ਏਕੜ 'ਚ ਅਫਰੀਕੀ ਗੇਂਦਾ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਇਹ ਨਕਦੀ ਫਸਲ ਜਲਦੀ ਤਿਆਰ ਹੁੰਦੀ ਹੈ ਅਤੇ ਬਜ਼ਾਰ ਦੀ ਚਿੰਤਾ ਵੀ ਨਹੀਂ ਹੈ। ਪਿੰਡ 'ਚ ਗੇਂਦੇ ਦੀ ਖੇਤੀ ਹੁਣ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਬਣ ਰਹੀ ਹੈ। ਕੰਪਨੀ ਇਨ੍ਹਾਂ ਫੁੱਲਾਂ ਨਾਲ ਜੈਵਿਕ ਖਾਦ ਅਤੇ ਦਵਾਈਆਂ ਬਣਾਉਂਦੀ ਹੈ, ਜਿਨ੍ਹਾਂ ਦੀ ਬਜ਼ਾਰ 'ਚ ਮੰਗ ਲਗਾਤਾਰ ਬਣੀ ਰਹਿੰਦੀ ਹੈ। ਕਾਸ਼ੀਨਾਥ ਖਾੜੇ ਦੀ ਸਫ਼ਲਤਾ ਕਹਾਣੀ ਸਾਬਤ ਕਰਦੀ ਹੈ ਕਿ ਨਵੀਂ ਸੋਚ ਅਤੇ ਮਿਹਨਤ ਨਾਲ ਕਿਸਾਨ ਆਪਣੀ ਜ਼ਿੰਦਗੀ ਅਤੇ ਪਿੰਡ ਦੀ ਤਸਵੀਰ ਦੋਵੇਂ ਬਦਲ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News