ਮੰਦਰ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਿਓ ਤੇ ਦੋ ਧੀਆਂ ਸਣੇ 4 ਦੀ ਮੌਤ

Friday, May 29, 2026 - 11:01 PM (IST)

ਮੰਦਰ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਿਓ ਤੇ ਦੋ ਧੀਆਂ ਸਣੇ 4 ਦੀ ਮੌਤ

ਨਾਹਨ/ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਲਾਲ ਢਾਂਗ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਸ੍ਰੀ ਰੇਣੁਕਾ ਜੀ ਮੰਦਰ ਵਿੱਚ ਮੱਥਾ ਟੇਕਣ ਜਾ ਰਿਹਾ ਸੀ।

ਜਗਾਧਰੀ-ਪਾਉਂਟਾ ਸਾਹਿਬ ਰਾਸ਼ਟਰੀ ਰਾਜਮਾਰਗ 'ਤੇ ਪ੍ਰਤਾਪ ਨਗਰ ਥਾਣਾ ਖੇਤਰ ਦੇ ਕਲੇਸ਼ਵਰ ਮਹਾਦੇਵ ਨੇੜੇ ਮੱਕੀ ਨਾਲ ਲੱਦਿਆ ਇੱਕ ਟਰੱਕ ਬੇਕਾਬੂ ਹੋ ਕੇ ਦੋ ਮੋਟਰਸਾਈਕਲਾਂ 'ਤੇ ਪਲਟ ਗਿਆ। ਇਸ ਭਿਆਨਕ ਟੱਕਰ ਵਿੱਚ ਯਮੁਨਾਨਗਰ ਦੇ ਚੂਹੜਪੁਰ ਕਲਾਂ ਨਿਵਾਸੀ ਰਾਜੇਂਦਰ ਧੀਮਾਨ (45), ਉਨ੍ਹਾਂ ਦੀਆਂ ਦੋ ਧੀਆਂ ਸਿਮਰਨ (14) ਤੇ ਮੀਨਲ (12) ਅਤੇ ਇੱਕ ਰਿਸ਼ਤੇਦਾਰ ਫੂਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜੇਂਦਰ ਦੀ ਪਤਨੀ ਊਸ਼ਾ (40) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਚਸ਼ਮਦੀਦਾਂ ਅਨੁਸਾਰ, ਇਹ ਹਾਦਸਾ ਲਾਲ ਢਾਂਗ ਦੀਆਂ ਪਹਾੜੀ ਢਲਾਣਾਂ 'ਤੇ ਇੱਕ ਤਿੱਖੇ ਮੋੜ ਕੋਲ ਵਾਪਰਿਆ। ਰਾਜੇਂਦਰ ਆਪਣੀ ਪਤਨੀ ਨਾਲ ਇੱਕ ਮੋਟਰਸਾਈਕਲ 'ਤੇ ਸੀ, ਜਦੋਂ ਕਿ ਉਸ ਦੀਆਂ ਦੋਵੇਂ ਧੀਆਂ ਰਿਸ਼ਤੇਦਾਰ ਫੂਲ ਸਿੰਘ ਦੇ ਮੋਟਰਸਾਈਕਲ 'ਤੇ ਸਵਾਰ ਸਨ। ਟਰੱਕ ਦੇ ਪਲਟਣ ਕਾਰਨ ਸਾਰੇ ਸਵਾਰ ਮੱਕੀ ਦੀਆਂ ਬੋਰੀਆਂ ਹੇਠਾਂ ਦਬ ਗਏ। ਸਥਾਨਕ ਲੋਕਾਂ ਅਤੇ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੋਰੀਆਂ ਹਟਾ ਕੇ ਜ਼ਖ਼ਮੀ ਮਹਿਲਾ ਨੂੰ ਬਾਹਰ ਕੱਢਿਆ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ।

ਪ੍ਰਤਾਪ ਨਗਰ ਥਾਣਾ ਇੰਚਾਰਜ ਰੋਹਤਾਸ਼ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸਾ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ। ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Inder Prajapati

Content Editor

Related News