ਸੰਯੁਕਤ ਰਾਸ਼ਟਰ ਮਹਾਸਭਾ ਦੇ ਨਵੇਂ ਚੁਣੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ PM ਮੋਦੀ ਨਾਲ ਕੀਤੀ ਮੁਲਾਕਾਤ

07/24/2021 11:07:12 AM

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਲਈ ਨਵੇਂ ਚੁਣੇ ਪ੍ਰਧਾਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। 7 ਜੁਲਾਈ ਨੂੰ ਨਿਊਯਾਰਕ ਚ ਚੁਣੇ ਜਾਣ ਤੋਂ ਬਾਅਦ ਸ਼ਾਹਿਦ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਲਈ ਪ੍ਰਧਾਨ ਦੇ ਤੌਰ 'ਤੇ ਭਾਰਤ ਦੌਰੇ 'ਤੇ ਆਏ ਹੋਏ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਚੋਣਾਂ 'ਚ ਅਬਦੁੱਲਾ ਸ਼ਾਹਿਦ ਦੀ ਸ਼ਾਨਦਾਰ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਵਿਸ਼ਵ ਪੱਧਰ 'ਤੇ ਮਾਲਦੀਵ ਦੀ ਵਧਦੀ ਸਾਖ (ਕ੍ਰੈਡਿਟ) ਨੂੰ ਦਰਸਾਉਂਦਾ ਹੈ। 

PunjabKesari

ਪ੍ਰਧਾਨ ਮੰਤਰੀ ਨੇ ਪੂਰੀ ਦੁਨੀਆ ਦੀ ਮੌਜੂਦਾ ਹਕੀਕਤ ਅਤੇ ਵਿਸ਼ਵ ਦੀ ਵਿਸ਼ਾਲ ਆਬਾਦੀ ਦੀਆਂ ਇੱਛਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸੰਯੁਕਤ ਰਾਸ਼ਟਰ ਦੀਂ ਵੱਖ-ਵੱਖ ਸੰਸਥਾਵਾਂ ਸਮੇਤ ਬਹੁਪੱਖੀ ਪ੍ਰਣਾਲੀ 'ਚ ਸੁਧਾਰ ਦੇ ਮਹੱਤਵ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਮੋਦੀ ਅਤੇ ਸ਼ਾਹਿਦ ਨੇ ਹਾਲ ਦੇ ਸਾਲਾਂ 'ਚ ਭਾਰਤ ਅਤੇ ਮਾਲਦੀਵ ਦੇ ਦੋ-ਪੱਖੀ ਸੰਬੰਧਾਂ 'ਚ ਬਹੁਤ ਤੇਜ਼ੀ ਨਾਲ ਹੋਏ ਵਾਧੇ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਸੰਤੋਸ਼ ਜ਼ਾਹਰ ਕੀਤਾ ਕਿ ਕੋਰੋਨਾ ਮਹਾਮਾਰੀ ਨਾਲ ਪੈਦਾ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਦੇ ਬਾਵਜੂਦ ਦੋ-ਪੱਖੀ ਪ੍ਰਾਜੈਕਟਾਂ 'ਤੇ ਕੰਮ ਕਾਫ਼ੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਭਾਰਤ ਦੀ 'ਗੁਆਂਢੀ ਪਹਿਲੇ' ਨੀਤੀ ਅਤੇ 'ਸਾਗਰ' ਵਿਜਨ ਦੇ ਇਕ ਮੁੱਖ ਪਿੱਲਰ ਦੇ ਰੂਪ 'ਚ ਮਾਲਦੀਵ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ।

PunjabKesari


DIsha

Content Editor

Related News