ਦਿੱਲੀ ''ਚ ''ਆਪ'' ਤੇ ਕਾਂਗਰਸ ਵਿਚਾਲੇ ਤਾਲਮੇਲ ਦੇ ਆਸਾਰ ਮੱਧਮ
Monday, Aug 13, 2018 - 12:04 PM (IST)
ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦਾ ਕੌਮੀ ਪੱਧਰ 'ਤੇ ਟਾਕਰਾ ਕਰਨ ਲਈ ਗੈਰ-ਕਾਨੂੰਨੀ ਭਾਜਪਾਈ ਪਾਰਟੀਆਂ ਵੱਲੋਂ ਕਾਂਗਰਸ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਸ਼ੁਰੂ ਕੀਤੀ ਗਈ ਕਵਾਇਦ ਦੇ ਚੱਲਦੇ ਖੇਤਰੀ 'ਤੇ ਕੌਮੀ ਪਾਰਟੀਆਂ ਦੀਆਂ ਅੰਦਰੂਨੀ ਸਰਗਰਮੀਆਂ ਜਾਰੀ ਹਨ ਪਰ ਦਿੱਲੀ ਵਿਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੇ ਤਾਲਮੇਲ ਹੋਣ ਦੇ ਆਸਾਰ ਮੱਧਮ ਹੀ ਹਨ। 'ਆਪ' ਆਪਣੇ ਬੂਤੇ 'ਤੇ ਹੀ ਚੋਣਾਂ ਲੜਨ ਬਾਰੇ ਸੰਜੀਦਾ ਜਾਪਦੀ ਹੈ।ਬੀਤੇ ਦਿਨੀਂ ਇਕ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਸ ਤਰੀਕੇ ਨਾਲ ਉੱਥੇ ਪੁੱਜੇ ਕਿ ਆਹਮੋ-ਸਾਹਮਣੇ ਨਾ ਹੋ ਜਾਣ।
ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਵਾਲੇ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ 'ਆਪ' ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਸ੍ਰੀ ਕੇਜਰੀਵਾਲ ਤੋਂ ਸਮਰਥਨ ਮੰਗਣ ਦੀ ਸਲਾਹ ਦਿੱਤੀ ਸੀ, ਜਿਸ ਵਲੋਂ ਕਾਂਗਰਸ ਨੇ ਧਿਆਨ ਹੀ ਨਹੀਂ ਦਿੱਤਾ। ਕਾਂਗਰਸ ਦੀ ਦਿੱਲੀ ਪ੍ਰਦੇਸ਼ ਦੀ ਇਕਾਈ ਵਲੋਂ ਵੀ 'ਆਪ' ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਤੋਂ ਫਿਲਹਾਲ ਇਨਕਾਰ ਹੀ ਕੀਤਾ ਜਾ ਰਿਹਾ ਹੈ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਅਜੈ ਮਕਾਨ ਵੱਲੋਂ ਦਿੱਲੀ ਸਰਕਾਰ ਉੱਤੇ ਲਗਾਤਾਰ ਹੱਲੇ ਜਾਰੀ ਹਨ।
ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਉਹੀ ਹੈ, ਜੋ ਕਾਂਗਸ ਦਾ ਰਵਾਇਤੀ ਵੋਟ ਬੈਂਕ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 70 ਵਿਚੋਂ 67 ਸੀਟਾਂ ਜਿੱਤਣ ਵਾਲੀ 'ਆਪ' ਨੇ ਕਾਂਗਰਸੀ ਵੋਟ ਬੈਂਕ ਨੂੰ ਸੰਨ੍ਹ ਲਗਾਈ ਸੀ ਜਦੋਂ ਕਿ ਭਾਜਪਾ ਦੇ ਪਿਛਲੇ ਵੋਟ ਬੈਂਕ ਵਿਚ ਇਕ ਫੀਸਦੀ ਤੋਂ ਵਧ ਦਾ ਇਜ਼ਾਫਾ ਹੀ ਹੋਇਆ ਸੀ। ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
'ਆਪ' ਵੱਲੋਂ ਲੋਕ ਸਭਾ ਦੀ ਤਿਆਰੀ ਤਹਿਤ ਕੀਤੇ ਗਏ ਵਾਅਦਿਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੇਜਰੀਵਾਲ ਸਰਕਾਰ ਦੇ ਕੰਮਾਂ ਵਿਚ ਕੇਂਦਰ ਵੱਲੋਂ ਅੜਿੱਕੇ ਡਾਹੇ ਜਾਣ ਕਰਕੇ ਲੋਕ ਸਭਾ ਚੋਣਾਂ ਦੌਰਾਨ ਅਜਿਹੇ ਮੁੱਦੇ ਦਿੱਲੀ ਵਿਚ ਭਾਰੂ ਰਹਿਣ ਦੇ ਆਸਾਰ ਹਨ। 'ਆਪ' ਵੱਲੋਂ ਵੀ ਦਿੱਲੀ ਵਿਚ ਆਪਣੇ ਬੂਤੇ ਹੀ ਚੋਣਾਂ ਲੜਨ ਬਾਰੇ ਰਾਇ ਵਿਕਸਤ ਹੋ ਰਹੀ ਹੈ।