‘ਆਪ’ ਤੇ ਕਾਂਗਰਸ ਮਿਲ ਕੇ ਲੜਨਗੀਆਂ ਗੁਜਰਾਤ ਦੀਆਂ ਆਮ ਚੋਣਾਂ : ਗੜ੍ਹਵੀ

Tuesday, Aug 08, 2023 - 04:58 PM (IST)

‘ਆਪ’ ਤੇ ਕਾਂਗਰਸ ਮਿਲ ਕੇ ਲੜਨਗੀਆਂ ਗੁਜਰਾਤ ਦੀਆਂ ਆਮ ਚੋਣਾਂ : ਗੜ੍ਹਵੀ

ਅਹਿਮਦਾਬਾਦ, (ਭਾਸ਼ਾ)- ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਮੁਖੀ ਇਸੂਦਨ ਗੜ੍ਹਵੀ ਨੇ ਸੋਮਵਾਰ ਨੂੰ ਇਹ ਬਿਆਨ ਦੇ ਕੇ ਹੜਕੰਪ ਮਚਾ ਦਿੱਤੀ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਅਤੇ ਕਾਂਗਰਸ ਗੁਜਰਾਤ ਵਿਚ ਸੀਟਾਂ ਦੀ ਵੰਡ ਦੇ ਫਾਰਮੂਲੇ ਦੇ ਤਹਿਤ ਲੜਨਗੀਆਂ ਕਿਉਂਕਿ ਦੋਵੇਂ ਪਾਰਟੀਆਂ ਵਿਰੋਧੀ ਧਿਰ ‘ਇੰਡੀਆ’ ਦੀਆਂ ਮੈਂਬਰ ਹਨ।

ਗੜ੍ਹਵੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਪਾਰਟੀ ਕੇਂਦਰੀ ਅਗਵਾਈ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਇਸ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਵਿਚਕਾਰ ਸੰਭਾਵੀ ਗਠਜੋੜ ਨਾਲ ਸੱਤਾਧਾਰੀ ਪਾਰਟੀ ਦੀਆਂ ਚੋਣ ਸੰਭਾਵਨਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ। ਇਸਦੇ ਨਾਲ ਹੀ ਸੱਤਾਧਾਰੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ‘ਬੀ ਟੀਮ’ ਕਰਾਰ ਦਿੱਤਾ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੜ੍ਹਵੀ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੋਵੇਂ ‘ਇੰਡੀਆ’ ਗਠਜੋੜ ਦਾ ਹਿੱਸਾ ਹਨ। ਇਹ ਚੋਣ ਗਠਜੋੜ ਗੁਜਰਾਤ ਵਿਚ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਮੁਤਾਬਕ ਚੱਲਦਾ ਹੈ ਤਾਂ ਮੈਂ ਗਾਰੰਟੀ ਦਿੰਦਾ ਹਾਂ ਕਿ ਭਾਜਪਾ ਇਸ ਵਾਰ ਗੁਜਰਾਤ ਦੀਆਂ ਸਾਰੀਆਂ 26 ਸੀਟਾਂ ’ਤੇ ਜਿੱਤ ਹਾਸਲ ਨਹੀਂ ਕਰ ਸਕੇਗੀ।

ਗੜ੍ਹਵੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ, ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ‘ਇੰਡੀਆ’ ਗਠਜੋੜ ਵਿਚ ਸ਼ਾਮਲ ਹੋਈ ਹੈ। ਗੜ੍ਹਵੀ ਨੇ ਕਿਹਾ ਕਿ ਆਪ ਦੀ ਗੁਜਰਾਤ ਇਕਾਈ ਨੇ ਪਹਿਲਾਂ ਹੀ ਉਨ੍ਹਾਂ ਸੀਟਾਂ ’ਤੇ ਖੋਜ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ’ਤੇ ਪਾਰਟੀ ਉਮੀਦਵਾਰ ਖੜ੍ਹੇ ਕਰ ਸਕਦੀ ਹੈ।


author

Rakesh

Content Editor

Related News