ਆਯੁਸ਼ਮਾਨ ਭਾਰਤ ਯੋਜਨਾ ''ਚ ਵੱਡੇ ਪੱਧਰ ''ਤੇ ਹੋਈ ਧੋਖਾਧੜੀ, ਜਾਂਚ ਦੇ ਘੇਰੇ ''ਚ ਆਏ ਕਈ ਹਸਪਤਾਲ ਤੇ ਡਾਕਟਰ

Sunday, Aug 04, 2024 - 03:09 PM (IST)

ਆਯੁਸ਼ਮਾਨ ਭਾਰਤ ਯੋਜਨਾ ''ਚ ਵੱਡੇ ਪੱਧਰ ''ਤੇ ਹੋਈ ਧੋਖਾਧੜੀ, ਜਾਂਚ ਦੇ ਘੇਰੇ ''ਚ ਆਏ ਕਈ ਹਸਪਤਾਲ ਤੇ ਡਾਕਟਰ

ਨਵੀਂ ਦਿੱਲੀ - ਆਯੁਸ਼ਮਾਨ ਭਾਰਤ ਯੋਜਨਾ 'ਚ ਵੱਡੇ ਪੱਧਰ 'ਤੇ ਧੋਖਾਧੜੀ ਹੋਣ ਦੀ ਜਾਣਕਾਰੀ ਮਿਲੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਕੱਲੇ ਹਿਮਾਚਲ ਪ੍ਰਦੇਸ਼ ਵਿੱਚ ਜਨਵਰੀ ਤੋਂ ਜੁਲਾਈ ਤੱਕ 25 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ ਹੈ। ਈਡੀ ਨੂੰ 23 ਹਜ਼ਾਰ ਮਰੀਜ਼ਾਂ ਦੇ ਨਾਂ 'ਤੇ 21 ਕਰੋੜ ਰੁਪਏ ਦੀ ਧੋਖਾਧੜੀ ਦੇ ਦਸਤਾਵੇਜ਼ ਮਿਲੇ ਹਨ। ਕੇਂਦਰੀ ਏਜੰਸੀ ਮੁਤਾਬਕ ਹਸਪਤਾਲਾਂ ਨੇ ਉਨ੍ਹਾਂ ਲੋਕਾਂ ਦੇ ਵੀ ਦਾਅਵੇ ਲਏ ਹਨ ਜਿਨ੍ਹਾਂ ਨੇ ਇਲਾਜ ਤਾਂ ਦੂਰ ਦੀ ਗੱਲ ਹੈ ਕਈ ਲੋਕਾਂ ਨੇ ਆਯੁਸ਼ਮਾਨ ਕਾਰਡ ਵੀ ਨਹੀਂ ਬਣਾਇਆ ਸੀ । ਘੁਟਾਲੇ ਦੀਆਂ ਇਹ ਤਾਰਾਂ ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਸੂਬਿਆਂ ਨਾਲ ਜੁੜੀਆਂ ਹੋਈਆਂ ਹਨ। 31 ਜੁਲਾਈ ਨੂੰ ਈਡੀ ਨੇ ਦਿੱਲੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ 20 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਹਿਮਾਚਲ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਪੀਐਮ-ਜੇਏਵਾਈ) ਕਾਰਡਾਂ ਵਿੱਚ ਧਾਂਦਲੀ ਦੀ ਜਾਂਚ ਊਨਾ ਵਿੱਚ ਸਟੇਟ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੁਆਰਾ ਦਰਜ ਕੀਤੀ ਗਈ ਇੱਕ ਐਫਆਈਆਰ 'ਤੇ ਅਧਾਰਤ ਹੈ। ਜਾਂਚ ਦੌਰਾਨ 373 ਫਰਜ਼ੀ ਆਯੂਸ਼ਮਾਨ ਕਾਰਡਾਂ ਦੀ ਪਛਾਣ ਹੋਈ ਹੈ। 

ਇਨ੍ਹਾਂ ਵਿੱਚੋਂ, ਲਗਭਗ 40.68 ਲੱਖ ਰੁਪਏ ਆਯੂਸ਼ਮਾਨ ਕਾਰਡ ਲਾਭਪਾਤਰੀਆਂ ਨੂੰ ਦਿੱਤੇ ਇਲਾਜ ਦੇ ਨਾਮ 'ਤੇ ਸਰਕਾਰ ਤੋਂ ਅਦਾਇਗੀ ਲਈ ਦਾਅਵਾ ਕੀਤਾ ਗਿਆ ਸੀ। ਹਸਪਤਾਲਾਂ ਨੇ ਇਲਾਜ ਅਤੇ ਸਰਜਰੀਆਂ ਦੇ ਦਾਅਵੇ ਕੀਤੇ ਜੋ ਅਸਲ ਵਿੱਚ ਕੀਤੇ ਹੀ ਨਹੀਂ ਗਏ ਸਨ। ਕਈ ਮਰੀਜ਼ਾਂ ਦੇ ਨਾਵਾਂ ਦੀਆਂ ਕਲੇਮ ਫਾਈਲਾਂ ਗਾਇਬ ਹਨ।

ਹਿਮਾਚਲ ਪ੍ਰਦੇਸ਼ 'ਚ ਰੱਦ ਕੀਤੇ ਗਏ 8,937 ਆਯੁਸ਼ਮਾਨ ਕਾਰਡ 

 ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 8,937 ਆਯੁਸ਼ਮਾਨ ਭਾਰਤ ਗੋਲਡ ਕਾਰਡ ਸਕੀਮ ਦੀ ਕਥਿਤ ਉਲੰਘਣਾ ਲਈ ਰੱਦ ਕੀਤੇ ਗਏ ਹਨ। ਇਸ ਪੂਰੇ ਮਾਮਲੇ 'ਚ ਕਰੀਬ 25 ਕਰੋੜ ਰੁਪਏ ਦੀ ਨਾਜਾਇਜ਼ ਕਮਾਈ ਦਾ ਪਤਾ ਲੱਗਾ ਹੈ। ਇਹ ਜਾਣਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਤੀ ਹੈ। ਤਲਾਸ਼ੀ ਦੌਰਾਨ ਲਗਭਗ 88 ਲੱਖ ਰੁਪਏ ਨਕਦ, ਚਾਰ ਬੈਂਕ ਲਾਕਰ ਅਤੇ 140 ਸਬੰਧਤ ਬੈਂਕ ਖਾਤੇ ਵੀ ਮਿਲੇ ਹਨ। ਕਾਗਜ਼ਾਂ, ਅਕਾਊਂਟ ਬੁੱਕਾਂ ਅਤੇ ਅਚੱਲ ਅਤੇ ਚੱਲ ਜਾਇਦਾਦਾਂ ਦੇ ਹੋਰ ਦਸਤਾਵੇਜ਼, ਮੋਬਾਈਲ ਫੋਨ/ਆਈਪੈਡ, ਹਾਰਡ ਡਿਸਕਾਂ ਅਤੇ ਪੈਨ ਡਰਾਈਵਾਂ ਦੇ ਰੂਪ ਵਿੱਚ 16 ਡਿਜੀਟਲ ਡਿਵਾਈਸ ਜ਼ਬਤ ਕੀਤੇ।

ਸੰਸਥਾਵਾਂ ਦੀ ਜਾਂਚ ਜਾਰੀ

31 ਜੁਲਾਈ ਨੂੰ ਖੋਜ ਮੁਹਿੰਮ ਦੌਰਾਨ, ਸ਼੍ਰੀ ਬਾਂਕੇ ਬਿਹਾਰੀ ਹਸਪਤਾਲ, ਫੋਰਟਿਸ ਹਸਪਤਾਲ ਹਿਮਾਚਲ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ, ਸ਼੍ਰੀ ਬਾਲਾਜੀ ਹਸਪਤਾਲ, ਸ਼੍ਰੀ ਹਰੀਹਰ ਹਸਪਤਾਲ, ਸੂਦ ਨਰਸਿੰਗ ਹੋਮ, ਨੀਲਕੰਠ ਹਸਪਤਾਲ ਅਤੇ ਉਨ੍ਹਾਂ ਦੇ ਮੁੱਖ ਪ੍ਰਬੰਧਕ ਡਾ. ਵਿਜੇਂਦਰ ਮਿਨਹਾਸ , ਰਘੁਬੀਰ ਸਿੰਘ ਬਾਲੀ, ਡਾ. ਪ੍ਰਦੀਪ ਮੱਕੜ, ਡਾ: ਰਾਜੇਸ਼ ਸ਼ਰਮਾ, ਮਨੀਸ਼ ਭਾਟੀਆ, ਡਾ: ਮਨੋਜ ਸੂਦ ਅਤੇ ਡਾ: ਹੇਮੰਤ ਕੁਮਾਰ ਵਿਰੁੱਧ ਦਿੱਲੀ, ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ (ਕਾਂਗੜਾ, ਊਨਾ, ਸ਼ਿਮਲਾ, ਮੰਡੀ ਅਤੇ ਕੁੱਲੂ) ਵਿਚ 20 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਈਡੀ ਨੇ ਆਈਪੀਸੀ, 1860 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਸਟੇਟ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ, ਊਨਾ ਦੁਆਰਾ ਦਰਜ ਕੀਤੀ ਐਫਆਈਆਰ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। 

 


author

Harinder Kaur

Content Editor

Related News