ਸਿੱਖ ਬੁੱਧੀਜੀਵੀਆਂ ਦੇ ਵਫ਼ਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
Friday, Mar 25, 2022 - 11:34 AM (IST)
ਨਵੀਂ ਦਿੱਲੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਘੇ ਸਿੱਖ ਬੁੱਧੀਜੀਵੀਆਂ ਅਤੇ ਸ਼ਖਸੀਅਤਾਂ ਦੇ ਵਫਦ ਨਾਲ ਆਪਣੇ ਨਿਵਾਸ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਇਤਿਹਾਸ ਅਤੇ ਵਰਤਮਾਨ ਨੂੰ ਯਾਦ ਕਰਦੇ ਹੋਏ ਕੌਮ ਦੀ ਖੂਬ ਤਾਰੀਫ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ’ਚ ਅਹਿਮ ਰੋਲ ਅਦਾ ਕੀਤਾ ਅਤੇ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਿੱਖ ਫੌਜੀ ਡਟੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖ ਕੌਮ ਦੇ ਮੈਂਬਰਾਂ ਨੇ ਕੌਮਾਂਤਰੀ ਪੱਧਰ ’ਤੇ ਨਾਮ ਅਤੇ ਪ੍ਰਸਿੱਧੀ ਕਮਾਈ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਦ੍ਰਿੜ ਸੰਕਲਪ ਹੈ। ਵਫ਼ਦ ਦੀ ਅਗਵਾਈ ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦਾ ਤੇਜ਼ੀ ਨਾਲ ਹੱਲ ਕਰਨ ’ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖ ਵਫਦ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਿੱਖਾਂ ਦੀਆਂ ਮਸ਼ਕਿਲਾਂ ਹੱਲ ਕਰਨ ਲਈ ਕਦਮ ਚੁੱਕਣ ’ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ