ਬਿਹਾਰ ’ਚ ਫਿਰ ਜ਼ਹਿਰੀਲੀ ਸ਼ਰਾਬ ਨਾਲ 8 ਮੌਤਾਂ, 6 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਗਈ
Tuesday, Jan 24, 2023 - 11:43 AM (IST)

ਪਟਨਾ– ਸ਼ਰਾਬਬੰਦੀ ਵਾਲੇ ਬਿਹਾਰ ’ਚ ਇਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਨੇ ਕਹਿਰ ਮਚਾਇਆ ਹੈ। ਸੂਬੇ ਦੇ ਸੀਵਾਨ ਜ਼ਿਲੇ ’ਚ ਪਿਛਲੇ 24 ਘੰਟਿਆਂ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 14 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ’ਚੋਂ 6 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।
ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਪੇਟ ਦਰਦ, ਉਲਟੀ ਆਉਣ ਤੇ ਚੱਕਰ ਆਉਣ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਸ਼ਾਮ ਲਗਭਗ 7 ਵਜੇ 10 ਲੋਕਾਂ ਨੂੰ ਸੀਵਾਨ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਹੋਰਨਾਂ ਦੀ ਮੌਤ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਂਦੇ ਸਮੇਂ ਹੋਈ। 7 ਹੋਰ ਲੋਕ ਜ਼ਿਲਾ ਹਸਪਤਾਲ ’ਚ ਦਾਖਲ ਹਨ। ਮਾਮਲੇ ’ਚ ਹੁਣ ਤੱਕ ਕੁੱਲ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ’ਚ ਅਪ੍ਰੈਲ 2016 ਤੋਂ ਸ਼ਰਾਬ ਵੇਚਣ ਅਤੇ ਪੀਣ ’ਤੇ ਪਾਬੰਦੀ ਹੈ।