72 ਸੜਕਾਂ ਬੰਦ, ਮੌਸਮ ਵਿਭਾਗ ਨੇ 2 ਸਤੰਬਰ ਤੱਕ ਮੋਹਲੇਧਾਰ ਮੀਂਹ ਦੀ ਕੀਤੀ ਭਵਿੱਖਬਾਣੀ

Saturday, Aug 31, 2024 - 02:53 PM (IST)

72 ਸੜਕਾਂ ਬੰਦ, ਮੌਸਮ ਵਿਭਾਗ ਨੇ 2 ਸਤੰਬਰ ਤੱਕ ਮੋਹਲੇਧਾਰ ਮੀਂਹ ਦੀ ਕੀਤੀ ਭਵਿੱਖਬਾਣੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਕੁੱਲ 72 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਇੱਥੋਂ ਦੇ ਸਥਾਨਕ ਮੌਸਮ ਦਫਤਰ ਨੇ 2 ਸਤੰਬਰ ਨੂੰ ਵੱਖ-ਵੱਖ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਸੀ। ਸੂਬਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ 72 ਸੜਕਾਂ 'ਚੋਂ ਸ਼ਿਮਲਾ 'ਚ 35, ਮੰਡੀ 'ਚ 15, ਕਾਂਗੜਾ 'ਚ 10, ਕੁੱਲੂ 'ਚ 9 ਅਤੇ ਊਨਾ, ਸਿਰਮੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ 'ਚ ਇਕ-ਇਕ ਸੜਕਾਂ ਬੰਦ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਸੂਬੇ 'ਚ 10 ਬਿਜਲੀ ਅਤੇ 32 ਜਲ ਸਪਲਾਈ ਸਕੀਮਾਂ 'ਚ ਵੀ ਠੱਪ ਰਹੀਆਂ। ਕੇਂਦਰ ਮੁਤਾਬਕ 27 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ 'ਚ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਨੂੰ ਮੀਂਹ ਕਾਰਨ ਹੋਏ ਨੁਕਸਾਨ ਕਾਰਨ 1,265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸ਼ੁੱਕਰਵਾਰ ਸ਼ਾਮ ਤੋਂ ਸੂਬੇ ਦੇ ਕੁਝ ਹਿੱਸਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ 'ਚ 44.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼ਿਲਾਰੂ (43.1 ਮਿਲੀਮੀਟਰ), ਜੁਬਾਰਹੱਟੀ (20.4 ਮਿਲੀਮੀਟਰ), ਮਨਾਲੀ (17 ਮਿਲੀਮੀਟਰ), ਸ਼ਿਮਲਾ (15.1 ਮਿਲੀਮੀਟਰ), ਸਲੈਪਰ (11.3 ਮਿਲੀਮੀਟਰ) ਅਤੇ ਡਲਹੌਜ਼ੀ (11 ਮਿਲੀਮੀਟਰ) ਮੀਂਹ ਦਰਜ ਕੀਤਾ ਗਿਆ ਹੈ।

ਸਥਾਨਕ ਮੌਸਮ ਵਿਭਾਗ ਨੇ 2 ਸਤੰਬਰ ਨੂੰ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਮੋਹਲੇਧਾਰ ਮੀਂਹ, ਤੂਫ਼ਾਨ ਅਤੇ ਬਿਜਲੀ ਚਮਕਣ ਦਾ 'ਯੈਲੋ' ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ 'ਚ 1 ਜੂਨ ਤੋਂ 31 ਅਗਸਤ ਤੱਕ ਪਿਛਲੇ ਤਿੰਨ ਮਹੀਨਿਆਂ 'ਚ ਹੁਣ ਤੱਕ ਮੀਂਹ ਦੀ ਕਮੀ 23 ਫੀਸਦੀ ਰਹੀ ਹੈ। ਸੂਬੇ 'ਚ ਔਸਤ 613.8 ਮਿਲੀਮੀਟਰ ਦੇ ਮੁਕਾਬਲੇ 471.1 ਮਿਲੀਮੀਟਰ ਮੀਂਹ ਪਿਆ ਹੈ। 


author

Tanu

Content Editor

Related News