ਸ਼ਿੰਦੇ ਧੜੇ ਦੇ ਨੇਤਾ ਦਾ ਦਾਅਵਾ- ਸਾਡੇ ਸੰਪਰਕ ’ਚ ਉੱਧਵ ਦੀ ਪਾਰਟੀ ਦੇ 7 ਸੰਸਦ ਮੈਂਬਰ

Wednesday, Jun 17, 2026 - 02:55 AM (IST)

ਸ਼ਿੰਦੇ ਧੜੇ ਦੇ ਨੇਤਾ ਦਾ ਦਾਅਵਾ- ਸਾਡੇ ਸੰਪਰਕ ’ਚ ਉੱਧਵ ਦੀ ਪਾਰਟੀ ਦੇ 7 ਸੰਸਦ ਮੈਂਬਰ

ਮੁੰਬਈ - ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਐੱਮ. ਐੱਲ. ਸੀ. ਕ੍ਰਿਪਾਲ ਤੁਮਾਨੇ ਨੇ ਦਾਅਵਾ ਕੀਤਾ ਕਿ ਉੱਧਵ ਠਾਕਰੇ ਦੀ ਸ਼ਿਵ ਸੈਨਾ (ਉੱਧਵ ਬਾਲਾ ਸਾਹਿਬ ਠਾਕਰੇ) ਦੇ 7 ਸੰਸਦ ਮੈਂਬਰ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ‘ਆਪ੍ਰੇਸ਼ਨ ਟਾਈਗਰ’ ਦੇ ਤਹਿਤ ਪਿਛਲੇ ਇਕ ਮਹੀਨੇ ਤੋਂ ਚਰਚਾ ਚੱਲ ਰਹੀ ਹੈ, ਜੋ ਹੁਣ ਅੰਤਿਮ ਪੜਾਅ ’ਚ ਹੈ। ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਸੰਸਦ ਮੈਂਬਰ ਸ਼ਿੰਦੇ ਧੜੇ ਵਿਚ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ 14 ਤੋਂ 16 ਵਿਧਾਇਕ ਵੀ ਪਾਰਟੀ ਤੋਂ ਵੱਖ ਹੋ ਸਕਦੇ ਹਨ।

ਰਿਪੋਰਟਾਂ ਮੁਤਾਬਕ ਇਸ ਦੌਰਾਨ 14 ਜੂਨ ਨੂੰ ਉੱਧਵ ਠਾਕਰੇ ਨੇ ਆਪਣੇ ਸੰਸਦ ਮੈਂਬਰਾਂ ਦੀ ਬੈਠਕ ਸੱਦੀ ਸੀ। ਬੈਠਕ ਵਿਚ ਉੱਧਵ ਠਾਕਰੇ ਨੇ ਕਿਹਾ ਸੀ ਕਿ ਜੇਕਰ ਕੋਈ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ। ਉਹ ਖੁਸ਼ੀ-ਖੁਸ਼ੀ ਜਾਣ। ਉੱਧਵ ਨੇ 2022 ਵਿਚ ਹੋਈ ਸ਼ਿਵ ਸੈਨਾ ਦੀ ਬਗਾਵਤ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ— ਉਸ ਸਮੇਂ ਵੀ ਮੈਨੂੰ ਬਗਾਵਤ ਦੀ ਜਾਣਕਾਰੀ ਸੀ, ਪਰ ਮੈਂ ਕਿਸੇ ’ਤੇ ਦਬਾਅ ਨਹੀਂ ਬਣਾਇਆ।

ਸ਼ਿਵ ਸੈਨਾ (ਉੱਧਵ) ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ
ਯਵਤਮਾਲ-ਵਾਸ਼ਿਮ ਸੀਟ ਤੋਂ ਸ਼ਿਵ ਸੈਨਾ (ਉੱਧਵ) ਸੰਸਦ ਮੈਂਬਰ ਸੰਜੇ ਦੇਸ਼ਮੁਖ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਪ੍ਰਤਾਪਰਾਓ ਜਾਧਵ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਦੇਸ਼ਮੁਖ ਨੇ ਐਤਵਾਰ ਦੀ ਬੈਠਕ ਵਿਚ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨਿੱਜੀ ਤੌਰ ’ਤੇ ਹਿੱਸਾ ਨਹੀਂ ਲਿਆ ਸੀ।

ਹਾਲਾਂਕਿ ਗੱਲਬਾਤ ਵਿਚ ਸੰਜੇ ਰਾਊਤ ਨੇ ਕਿਹਾ ਕਿ ਇਸ ਮੁਲਾਕਾਤ ਨੂੰ ਲੈ ਕੇ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸ਼ਿਵ ਸੈਨਾ (ਉੱਧਵ) ਦੇ ਸਾਰੇ ਸੰਸਦ ਮੈਂਬਰ ਪਾਰਟੀ ਦੇ ਨਾਲ ਹਨ।
 


author

Inder Prajapati

Content Editor

Related News