ਪੱਛਮੀ ਬੰਗਾਲ ''ਚ ਵੱਡੀ ਕਾਰਵਾਈ: ਧਾਰਮਿਕ ਸਥਾਨਾਂ ਤੋਂ ਹਟਾਏ ਗਏ 5,299 ਲਾਊਡਸਪੀਕਰ

Saturday, Aug 08, 2026 - 04:07 AM (IST)

ਪੱਛਮੀ ਬੰਗਾਲ ''ਚ ਵੱਡੀ ਕਾਰਵਾਈ: ਧਾਰਮਿਕ ਸਥਾਨਾਂ ਤੋਂ ਹਟਾਏ ਗਏ 5,299 ਲਾਊਡਸਪੀਕਰ

ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਨੇ ਸੂਬੇ ਭਰ ਦੇ ਧਾਰਮਿਕ ਸਥਾਨਾਂ ਤੋਂ 5,299 ਲਾਊਡਸਪੀਕਰ ਹਟਾ ਦਿੱਤੇ ਹਨ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਕਲਕੱਤਾ ਹਾਈ ਕੋਰਟ ਦੇ ਸਾਲ 2020 ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ, ਜਿਸ ਨੂੰ ਹੁਣ ਲਾਗੂ ਕੀਤਾ ਗਿਆ ਹੈ। ਹਟਾਏ ਗਏ ਲਾਊਡਸਪੀਕਰਾਂ ਵਿੱਚ 4,203 ਮਸਜਿਦਾਂ ਅਤੇ 1,096 ਮੰਦਰ ਸ਼ਾਮਲ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਲਾਊਡਸਪੀਕਰਾਂ ਨੂੰ ਹਟਾਉਣ ਦਾ ਕੰਮ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਇਆ ਹੈ, ਜਿੱਥੇ ਪੁਲਸ ਨੇ ਧਾਰਮਿਕ ਸੰਸਥਾਵਾਂ ਨੂੰ ਲਾਊਡਸਪੀਕਰ ਹਟਾਉਣ ਦੀ ਬੇਨਤੀ ਕੀਤੀ ਸੀ। ਸਥਾਨਕ ਪੁਲਸ ਸਟੇਸ਼ਨਾਂ ਵੱਲੋਂ ਮਿਲੀਆਂ ਜ਼ਬਾਨੀ ਹਦਾਇਤਾਂ ਤੋਂ ਬਾਅਦ ਬੁੱਧਵਾਰ ਨੂੰ ਪੂਰੇ ਪੱਛਮੀ ਬੰਗਾਲ ਵਿੱਚ ਕਈ ਮਸਜਿਦਾਂ ਨੇ ਅਜ਼ਾਨ ਲਈ ਵਰਤੇ ਜਾਣ ਵਾਲੇ ਲਾਊਡਸਪੀਕਰ ਖ਼ੁਦ ਹੀ ਹਟਾ ਦਿੱਤੇ। ਇਸ ਤੋਂ ਪਹਿਲਾਂ, ਇਸੇ ਸਾਲ ਨਵੀਂ ਰਾਜ ਸਰਕਾਰ ਨੇ ਪ੍ਰਾਰਥਨਾਵਾਂ ਦਾ ਸਥਾਨ ਬਦਲ ਕੇ ਬ੍ਰਿਗੇਡ ਪਰੇਡ ਗਰਾਊਂਡ ਕਰ ਦਿੱਤਾ ਸੀ।

ਲਾਊਡਸਪੀਕਰ ਹਟਾਉਣ ਦੇ ਨਾਲ-ਨਾਲ ਸੂਬਾ ਸਰਕਾਰ ਸਥਾਨਕ ਸ਼ਾਸਨ ਪ੍ਰਣਾਲੀ ਦੇ ਢਾਂਚੇ ਵਿੱਚ ਵੀ ਵੱਡੇ ਬਦਲਾਅ ਕਰਨ ਜਾ ਰਹੀ ਹੈ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਅਤੇ ਹਾਵੜਾ ਨਗਰ ਨਿਗਮਾਂ ਦੇ ਹੱਦਬੰਦੀ ਬਿੱਲਾਂ 'ਤੇ ਵਿਚਾਰ ਕਰਨ ਲਈ 12 ਅਗਸਤ ਨੂੰ ਰਾਜ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ। 

ਪ੍ਰਸਤਾਵਿਤ ਸੋਧਾਂ ਤਹਿਤ ਕੋਲਕਾਤਾ ਨਗਰ ਨਿਗਮ ਵਿੱਚ ਵਾਰਡਾਂ ਦੀ ਗਿਣਤੀ 144 ਤੋਂ ਵਧਾ ਕੇ 209 ਅਤੇ ਹਾਵੜਾ ਨਗਰ ਨਿਗਮ ਵਿੱਚ ਵਾਰਡਾਂ ਦੀ ਗਿਣਤੀ 50 ਤੋਂ ਵਧਾ ਕੇ 68 ਕਰਨ ਦੀ ਯੋਜਨਾ ਹੈ। ਇਹ ਬਦਲਾਅ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੱਦਬੰਦੀ ਦਾ ਰਸਤਾ ਸਾਫ਼ ਕਰਨ ਲਈ ਕੀਤੇ ਜਾ ਰਹੇ ਹਨ।
 


author

Inder Prajapati

Content Editor

Related News