ਅਯੁੱਧਿਆ 'ਚ ਮਿਲਿਆ 300 ਸਾਲ ਪੁਰਾਣਾ ਖ਼ਜ਼ਾਨਾ! ਦੁਰਲੱਭ ਖਜ਼ਾਨੇ ਨੂੰ ਵੇਖਣ ਲਈ ਲੱਗੀ ਭੀੜ
Tuesday, Apr 07, 2026 - 02:41 PM (IST)
ਵੈੱਬ ਡੈਸਕ- ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਤੋਂ ਇਕ ਮਾਣਮੱਤੀ ਅਤੇ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਰਾਮਕਥਾ ਅਜਾਇਬ ਘਰ (ਮਿਊਜ਼ੀਅਮ) ਲਈ ਉਹ ਦੁਰਲੱਭ ਵਿਰਾਸਤ ਮਿਲ ਗਈ ਹੈ, ਜਿਸ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। 'ਪਾਂਡੂਲਿਪੀ ਸੰਭਾਲ ਯੱਗ' ਮੁਹਿੰਮ ਦੇ ਤਹਿਤ ਰਾਮਚਰਿਤਮਾਨਸ ਦੀ ਲਗਭਗ 300 ਸਾਲ ਪੁਰਾਣੀ ਹੱਥਲਿਖਤ ਪਾਂਡੂਲਿਪੀ ਸਾਹਮਣੇ ਆਈ ਹੈ।
ਅਮੇਠੀ ਦੇ ਸ਼ਖਸ ਨੇ ਪੀੜ੍ਹੀਆਂ ਤੋਂ ਸੰਭਾਲ ਕੇ ਰੱਖੀ ਸੀ ਇਹ ਧਰੋਹਰ
ਕੁਮਾਰਗੰਜ ਖੇਤਰ 'ਚ ਰਹਿਣ ਵਾਲੇ ਅਮੇਠੀ ਨਿਵਾਸੀ ਜਗਜੀਤ ਸਿੰਘ ਨੇ ਇਸ ਅਨਮੋਲ ਪਾਂਡੂਲਿਪੀ ਨੂੰ ਸਾਲਾਂ ਤੋਂ ਆਪਣੇ ਕੋਲ ਸੁਰੱਖਿਅਤ ਰੱਖਿਆ ਹੋਇਆ ਸੀ। ਇਹ ਉਨ੍ਹਾਂ ਦੇ ਪਰਿਵਾਰ 'ਚ ਕਈ ਪੀੜ੍ਹੀਆਂ ਤੋਂ ਚੱਲੀ ਆ ਰਹੀ ਸੀ। ਹੁਣ ਉਨ੍ਹਾਂ ਨੇ ਖੁਦ ਇਸ ਨੂੰ ਅਜਾਇਬ ਘਰ ਵਿੱਚ ਸੁਰੱਖਿਅਤ ਰੱਖਣ ਲਈ ਅਧਿਕਾਰਤ ਬੇਨਤੀ ਕੀਤੀ ਹੈ।
ਦੇਵਨਾਗਰੀ ਲਿਪੀ 'ਚ ਹੈ ਲਿਖਤ
ਦੱਸਿਆ ਜਾ ਰਿਹਾ ਹੈ ਕਿ ਇਹ ਪਾਂਡੂਲਿਪੀ ਦੇਵਨਾਗਰੀ ਲਿਪੀ 'ਚ ਹੱਥ ਨਾਲ ਲਿਖੀ ਗਈ ਹੈ ਅਤੇ ਆਪਣੀ ਪ੍ਰਾਚੀਨਤਾ ਕਾਰਨ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਅਜਾਇਬ ਘਰ ਦੇ ਨਿਰਦੇਸ਼ਕ ਅਨੁਸਾਰ, ਇਸ ਦੀ ਪ੍ਰਮਾਣਿਕਤਾ ਅਤੇ ਇਤਿਹਾਸਕ ਮਹੱਤਵ ਦੀ ਡੂੰਘਾਈ ਨਾਲ ਜਾਂਚ ਅਤੇ ਅਧਿਐਨ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ ਅਧਿਕਾਰਤ ਤੌਰ 'ਤੇ ਸੰਗ੍ਰਹਿ ਦਾ ਹਿੱਸਾ ਬਣਾਇਆ ਜਾਵੇਗਾ।
ਇਤਿਹਾਸਕ ਅਤੇ ਭਾਸ਼ਾਈ ਮਹੱਤਵ
ਮਾਹਿਰਾਂ ਅਨੁਸਾਰ, ਇਹ ਪਾਂਡੂਲਿਪੀ ਨਾ ਸਿਰਫ਼ ਧਾਰਮਿਕ ਪੱਖੋਂ ਸਗੋਂ ਭਾਸ਼ਾਈ ਅਤੇ ਇਤਿਹਾਸਕ ਅਧਿਐਨ ਲਈ ਵੀ ਬੇਹੱਦ ਖਾਸ ਹੈ। ਇਸ ਨਾਲ ਪ੍ਰਾਚੀਨ ਦੇਵਨਾਗਰੀ ਲਿਪੀ ਦੀ ਬਣਤਰ, ਅੱਖਰਾਂ ਦੀ ਸ਼ੈਲੀ ਅਤੇ ਉਸ ਸਮੇਂ ਦੀ ਲਿਖਣ ਕਲਾ ਨੂੰ ਸਮਝਣ 'ਚ ਮਦਦ ਮਿਲੇਗੀ। 300 ਸਾਲ ਪਹਿਲਾਂ ਦੀ ਲਿਖਣ ਸ਼ੈਲੀ ਅੱਜ ਦੀ ਆਧੁਨਿਕ ਦੇਵਨਾਗਰੀ ਤੋਂ ਕਾਫ਼ੀ ਵੱਖਰੀ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਜਾਇਬ ਘਰ ਦੇ ਚੇਅਰਮੈਨ ਅਤੇ ਰਾਮ ਮੰਦਰ ਟਰੱਸਟੀ ਨ੍ਰਿਪੇਂਦਰ ਮਿਸ਼ਰਾ ਦੇ ਨਿਰਦੇਸ਼ਾਂ ਹੇਠ ਰਾਮਕਥਾ ਅਜਾਇਬ ਘਰ ਨੂੰ ਇਕ 'ਰਿਪੋਜ਼ਟਰੀ ਸੈਂਟਰ' ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਦੇਸ਼ ਭਰ ਤੋਂ ਪ੍ਰਾਚੀਨ ਹੱਥਲਿਖਤਾਂ ਨੂੰ ਇਕੱਠਾ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜੇਕਰ ਇਸ ਪਾਂਡੂਲਿਪੀ ਦੀ ਪ੍ਰਮਾਣਿਕਤਾ ਸਿੱਧ ਹੋ ਜਾਂਦੀ ਹੈ, ਤਾਂ ਇਹ ਖੋਜ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗੀ।
