ਛੱਤੀਸਗੜ੍ਹ ਵਿਧਾਨ ਸਭਾ ਤੋਂ 30 ਕਾਂਗਰਸੀ ਵਿਧਾਇਕ ਇਕ ਦਿਨ ਲਈ ਮੁਅੱਤਲ
Friday, Jul 18, 2025 - 01:10 AM (IST)

ਰਾਏਪੁਰ- ਛੱਤੀਸਗੜ੍ਹ ਵਿਧਾਨ ਸਭਾ ’ਚ ਵੀਰਵਾਰ ਨੂੰ ਸੂਬੇ ’ਚ ਖਾਦ ਦੀ ਕਮੀ ਨੂੰ ਲੈ ਕੇ ਹੰਗਾਮਾ ਮਚਾਉਣ ਕਾਰਨ ਕਾਂਗਰਸ ਦੇ 30 ਵਿਧਾਇਕਾਂ ਨੂੰ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਕਾਂਗਰਸੀ ਮੈਂਬਰਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਡੀ. ਏ. ਪੀ. (ਡਾਇਆਮੋਨੀਅਮ ਫਾਸਫੇਟ) ਖਾਦ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ’ਚ ਅਸਫਲ ਰਹੀ ਹੈ।
ਇਸ ਮੁੱਦੇ ’ਤੇ ਚਰਚਾ ਦੌਰਾਨ ਹੋਏ ਹੰਗਾਮੇ ਦਰਮਿਆਨ, ਸਪੀਕਰ ਨੂੰ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ। ਪ੍ਰਸ਼ਨਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਕਾਂਗਰਸ ਦੇ ਸੀਨੀਅਰ ਵਿਧਾਇਕ ਉਮੇਸ਼ ਪਟੇਲ ਨੇ ਸੂਬੇ ’ਚ ਡੀ. ਏ. ਪੀ. ਦੀ ਮੰਗ ਅਤੇ ਸਪਲਾਈ ਬਾਰੇ ਪੁੱਛਿਆ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਡੀ. ਏ. ਪੀ. ਖਾਦ ਦੀ ਉਪਲੱਬਧਤਾ ’ਚ ਕਮੀ ਹੈ।
ਆਪਣੇ ਜਵਾਬ ’ਚ, ਸੂਬੇ ਦੇ ਖੇਤੀਬਾੜੀ ਮੰਤਰੀ ਰਾਮਵਿਚਾਰ ਨੇਤਾਮ ਨੇ ਕਿਹਾ ਕਿ ਸਾਉਣੀ ਫਸਲ ਸੀਜ਼ਨ 2025 ’ਚ, ਭਾਰਤ ਸਰਕਾਰ ਵੱਲੋਂ ਸੂਬੇ ਲਈ 3,10,000 ਮੀਟ੍ਰਿਕ ਟਨ ਡੀ. ਏ. ਪੀ. ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲਾ ਵੱਲੋਂ ਅਪ੍ਰੈਲ ਤੋਂ ਜੂਨ 2025 ਤੱਕ 2,19,100 ਮੀਟ੍ਰਿਕ ਟਨ ਦੀ ਸਪਲਾਈ ਯੋਜਨਾ ਜਾਰੀ ਕੀਤੀ ਗਈ ਹੈ। ਮੰਤਰੀ ਦੇ ਜਵਾਬ ਤੋਂ ਅਸੰਤੁਸ਼ਟ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।