ਵਿਦਿਆਰਥਣਾਂ ਨੂੰ ਅਪਰਾਧ ਲਈ ਉਕਸਾਉਣ, ਧਮਕਾਉਣ ਦੇ ਦੋਸ਼ ਹੇਠ ਚੇਤੰਨਿਆਨੰਦ ਦੀਆਂ 3 ਸਹਿਯੋਗੀ ਗ੍ਰਿਫਤਾਰ

Friday, Oct 03, 2025 - 03:05 AM (IST)

ਵਿਦਿਆਰਥਣਾਂ ਨੂੰ ਅਪਰਾਧ ਲਈ ਉਕਸਾਉਣ, ਧਮਕਾਉਣ ਦੇ ਦੋਸ਼ ਹੇਠ ਚੇਤੰਨਿਆਨੰਦ ਦੀਆਂ 3 ਸਹਿਯੋਗੀ ਗ੍ਰਿਫਤਾਰ

ਨਵੀਂ ਦਿੱਲੀ (ਭਾਸ਼ਾ) - ਆਪੇ ਬਣੇ ਬਾਬਾ ਚੇਤੰਨਿਆਨੰਦ ਸਰਸਵਤੀ ਵੱਲੋਂ ਵਿਦਿਆਰਥਣਾਂ ਦੇ ਕਥਿਤ ਸ਼ੋਸ਼ਣ  ਦੇ ਸਿਲਸਿਲੇ ’ਚ ਇਥੇ ਇਕ ਨਿੱਜੀ ਸੰਸਥਾ ਦੀ ਐਸੋਸੀਏਟ ਡੀਨ ਅਤੇ ਸੀਨੀਅਰ ਫੈਕਲਟੀ ਮੈਂਬਰ ਸਮੇਤ 3 ਮਹਿਲਾ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਮਹਿਲਾ ਮੁਲਜ਼ਮਾਂ ਦੀ ਪਛਾਣ ਐਸੋਸੀਏਟ ਡੀਨ ਸ਼ਵੇਤਾ ਸ਼ਰਮਾ, ਕਾਰਜਕਾਰੀ ਨਿਰਦੇਸ਼ਕਾ ਭਾਵਨਾ ਕਪਿਲ ਅਤੇ ਸੀਨੀਅਰ ਫੈਕਲਟੀ ਮੈਂਬਰ ਕਾਜਲ  ਵਜੋਂ ਹੋਈ ਹੈ। 

ਉਨ੍ਹਾਂ ’ਤੇ ਅਪਰਾਧ ਲਈ ਉਕਸਾਉਣ, ਧਮਕਾਉਣ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਤਿੰਨਾਂ ਨੇ ਸਰਸਵਤੀ (62) ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਅਨੁਸ਼ਾਸਨ ਤੇ ਸਮੇਂ ਦੀ ਪਾਬੰਦੀ ਦੇ ਬਹਾਨੇ ਵਿਦਿਆਰਥਣਾਂ ’ਤੇ ਦਬਾਅ ਬਣਾਉਣ ਦੀ ਗੱਲ ਸਵੀਕਾਰ ਕੀਤੀ। ਪੁਲਸ ਨੇ ਕਿਹਾ ਕਿ ਉਹ ਪੀੜਤ ਵਿਦਿਆਰਥਣਾਂ ਨੂੰ ਧਮਕਾਉਂਦੀਆਂ ਸਨ ਅਤੇ ਉਨ੍ਹਾਂ ਨੂੰ ਸਰਸਵਤੀ ਦੇ ਅਸ਼ਲੀਲ ਸੰਦੇਸ਼ਾਂ ਨੂੰ ਆਪਣੇ ਫੋਨ ’ਚੋਂ ਹਟਾਉਣ ਲਈ ਮਜਬੂਰ ਕਰਦੀਆਂ ਸਨ। 

ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਲਮੋੜਾ ’ਚ ਇਕ ਪੁਲਸ ਟੀਮ ਨੇ ਕਥਿਤ ਗੈਸਟ ਹਾਊਸ ਦਾ ਦੌਰਾ ਕੀਤਾ, ਜਿੱਥੇ ਸਰਸਵਤੀ ਕਥਿਤ ਤੌਰ ’ਤੇ ਵਿਦਿਆਰਥਣਾਂ ਨਾਲ ਰੁਕਿਆ ਸੀ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ’ਚੋਂ ਬਰਾਮਦ ਡਿਜੀਟਲ ਸਬੂਤ ਕਥਿਤ ਤੌਰ ’ਤੇ ਦਰਸਾਉਂਦੇ ਹਨ ਕਿ ਸਰਸਵਤੀ ਨੇ ਇਕ ‘ਮੈਸੇਜਿੰਗ ਐਪਲੀਕੇਸ਼ਨ’ ’ਤੇ ਬਣੇ ‘ਯੋਗ ਗਰੁੱਪ ’ਤੇ ਸਾਂਝੀਆਂ ਕੀਤੀਆਂ ਗਈਆਂ ਵਿਦਿਆਰਥਣਾਂ ਦੀਆਂ ਤਸਵੀਰਾਂ ’ਤੇ ਅਣ-ਉਚਿਤ ਟਿੱਪਣੀਆਂ ਕੀਤੀਆਂ।


author

Inder Prajapati

Content Editor

Related News