J&K 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਵਿਕਾਸ ਨੂੰ ਹੱਲਾ-ਸ਼ੇਰੀ, 3,500 ਪ੍ਰਾਜੈਕਟ ਪੂਰੇ
Monday, Dec 02, 2024 - 12:12 PM (IST)
ਜੰਮੂ- ਜੰਮੂ ਅਤੇ ਕਸ਼ਮੀਰ 'ਚ ਪਿਛਲੇ ਦੋ ਦਹਾਕਿਆਂ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 217 ਪੁਲਾਂ ਸਮੇਤ ਲਗਭਗ 3,500 ਪ੍ਰਾਜੈਕਟ ਪੂਰੇ ਕੀਤੇ ਗਏ ਹਨ। ਇਹ ਜਾਣਕਾਰੀ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤ ਸ਼ੁਕਲਾ ਦੀ ਪ੍ਰਧਾਨਗੀ ਹੇਠ ਜੰਮੂ 'ਚ ਹੋਈ ਮੀਟਿੰਗ 'ਚ ਦਿੱਤੀ ਗਈ। ਇਸ ਮੀਟਿੰਗ 'ਚ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਖੇਤਰ ਵਿਚ ਗ੍ਰਾਮੀਣ ਸੰਪਰਕ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨੂੰ ਲਾਗੂ ਕਰਨ ਦੀ ਸਮੁੱਚੀ ਸਮੀਖਿਆ ਕੀਤੀ ਗਈ।
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੰਮੂ ਅਤੇ ਕਸ਼ਮੀਰ 'ਚ 2001-02 'ਚ 2001 ਦੀ ਮਰਦਮਸ਼ੁਮਾਰੀ ਅਨੁਸਾਰ 250 ਤੋਂ ਵੱਧ ਆਬਾਦੀ ਵਾਲੇ ਪੇਂਡੂ ਖੇਤਰਾਂ ਨੂੰ ਹਰ ਮੌਸਮ 'ਚ ਸੰਪਰਕ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਜੰਮੂ-ਕਸ਼ਮੀਰ ਲਈ ਹੁਣ ਤੱਕ ਕੁੱਲ 3,742 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿਚ 305 ਪੁਲ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 20,801 ਕਿਲੋਮੀਟਰ ਹੈ। ਇਸ ਤੋਂ ਇਲਾਵਾ 2,140 ਅਜਿਹੀਆਂ ਬਸਤੀਆਂ ਹਨ, ਜਿਨ੍ਹਾਂ ਦੀ ਆਬਾਦੀ 250 ਤੋਂ ਵੱਧ ਹੈ, ਨੂੰ ਕੁਨੈਕਟੀਵਿਟੀ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਹੁਣ ਤੱਕ 217 ਪੁਲਾਂ ਸਮੇਤ 3,429 ਪ੍ਰਾਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ 2,140 ਬਸਤੀਆਂ ਵਿਚੋਂ 2,129 ਨੂੰ ਜੋੜਿਆ ਗਿਆ ਹੈ, ਜਿਸ 'ਤੇ ਕੁੱਲ 12,650 ਕਰੋੜ ਰੁਪਏ ਦਾ ਖਰਚ ਆਇਆ ਹੈ। ਮੀਟਿੰਗ ਵਿਚ ਦੱਸਿਆ ਗਿਆ ਕਿ ਪਿਛਲੇ 5 ਸਾਲਾਂ ਵਿਚ ਜੰਮੂ-ਕਸ਼ਮੀਰ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨੂੰ ਲਾਗੂ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਪੇਂਡੂ ਸੰਪਰਕ ਵਿਚ ਖਾਸ ਕਰਕੇ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ 'ਚ ਮਹੱਤਵਪੂਰਨ ਸੁਧਾਰ ਹੋਇਆ ਹੈ।