2024 ਦੀਆਂ ਲੋਕ ਸਭਾ ਚੋਣਾਂ : ਚੋਟੀ ਦੇ ਵਿਰੋਧੀ ਆਗੂਆਂ ਨੂੰ ਹਰਾਉਣ ਲਈ ਭਾਜਪਾ ਦੀ ਗੁਪਤ ਯੋਜਨਾ

Saturday, Mar 25, 2023 - 10:52 AM (IST)

2024 ਦੀਆਂ ਲੋਕ ਸਭਾ ਚੋਣਾਂ : ਚੋਟੀ ਦੇ ਵਿਰੋਧੀ ਆਗੂਆਂ ਨੂੰ ਹਰਾਉਣ ਲਈ ਭਾਜਪਾ ਦੀ ਗੁਪਤ ਯੋਜਨਾ

ਨਵੀਂ ਦਿੱਲੀ- ਬੇਸ਼ਕ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤਾਕਤਵਰ ਭਾਜਪਾ ਦਾ ਮੁਕਾਬਲਾ ਕਰਨ ਲਈ ਇੱਕ ਸਾਂਝੀ ਰਣਨੀਤੀ ਬਣਾਉਣ ਲਈ ਸੰਘਰਸ਼ ਕਰ ਰਹੀਆਂ ਹਨ ਪਰ ਸੱਤਾਧਾਰੀ ਪਾਰਟੀ ਭਾਜਪਾ ਮੁੱਖ ਵਿਰੋਧੀ ਨੇਤਾਵਾਂ ਦੀ ਹਾਰ ਨੂੰ ਯਕੀਨੀ ਬਣਾਉਣ ਦੀ ਰਣਨੀਤੀ ’ਤੇ ਪਹਿਲਾਂ ਹੀ ਕੰਮ ਕਰ ਰਹੀ ਹੈ।

ਪ੍ਰਮੁੱਖ ਵਿਰੋਧੀ ਨੇਤਾਵਾਂ ਨੂੰ ਹਰਾਉਣ ਲਈ ਚੋਣਵੇਂ ਕੇਂਦਰੀ ਮੰਤਰੀਆਂ ਨੂੰ ਕਰੀਬ 20 ਲੋਕ ਸਭਾ ਹਲਕਿਆਂ ਦਾ ਚਾਰਜ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਾਜਪਾ ਨੇ ਅਜਿਹੀਆਂ 165 ਲੋਕ ਸਭਾ ਸੀਟਾਂ ਦੀ ਪਛਾਣ ਕੀਤੀ ਹੈ ਜਿੱਥੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਈ ਸੀ। ਅਜਿੱਤ ਸਮਝੇ ਜਾਂਦੇ ਪ੍ਰਮੁੱਖ ਵਿਰੋਧੀ ਆਗੂਆਂ ਨੂੰ ਹਰਾਉਣ ਲਈ 20 ਲੋਕ ਸਭਾ ਸੀਟਾਂ ਜਿੱਤਣ ’ਤੇ ਭਾਜਪਾ ਦਾ ਸਾਰਾ ਧਿਆਨ ਹੈ।

ਉਦਾਹਰਣ ਵਜੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬਾਰਾਮਤੀ ਲੋਕ ਸਭਾ ਸੀਟ ਦਾ ਚਾਰਜ ਦਿੱਤਾ ਗਿਆ ਹੈ, ਜਿਸ ਨੂੰ ਸ਼ਰਦ ਪਵਾਰ ਦਾ ਪਰਿਵਾਰਕ ਗੜ੍ਹ ਮੰਨਿਆ ਜਾਂਦਾ ਹੈ। ਫਿਲਹਾਲ ਇਹ ਸੀਟ ਉਨ੍ਹਾਂ ਦੀ ਬੇਟੀ ਸੁਪ੍ਰਿਆ ਸੁਲੇ ਕੋਲ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਨਿਰਮਲਾ ਸੀਤਾਰਮਨ 2-3 ਦਿਨਾਂ ਲਈ ਸਮੇਂ-ਸਮੇਂ ’ਤੇ ਬਾਰਾਮਤੀ ਜਾਂਦੇ ਰਹਿਣਗੇ। ਇਸੇ ਤਰ੍ਹਾਂ ਸੋਨੀਆ ਗਾਂਧੀ ਦੀ ਹਾਰ ਯਕੀਨੀ ਬਣਾਉਣ ਲਈ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਰਾਏਬਰੇਲੀ ਵਿੱਚ ਡੇਰਾ ਲਾਉਣਗੇ।

ਹੁਣ ਜਦੋਂ ਰਾਹੁਲ ਗਾਂਧੀ ਨੂੰ ਵਾਇਨਾਡ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ, ਭਾਜਪਾ ਕੋਲ ਇਹ ਯਕੀਨੀ ਬਣਾਉਣ ਲਈ ਵੱਡੀਆਂ ਯੋਜਨਾਵਾਂ ਹਨ ਕਿ ਉਹ ਦੱਖਣ ਦੀ ਕਿਸੇ ਵੀ ਸੁਰੱਖਿਅਤ ਸੀਟ ਤੋਂ ਨਾ ਚੁਣੇ ਜਾਣ। ਭਾਜਪਾ 2019 ਵਿੱਚ ਅਮੇਠੀ ਤੋਂ ਪਹਿਲਾਂ ਹੀ ਜਿੱਤ ਹਾਸਲ ਕਰ ਚੁੱਕੀ ਹੈ। ਹੁਣ ਭਾਜਪਾ ਦੀ ਨਜ਼ਰ ਰਾਏਬਰੇਲੀ ਲੋਕ ਸਭਾ ਸੀਟ ’ਤੇ ਹੈ। ਖਬਰਾਂ ਹਨ ਕਿ ਸੋਨੀਆ ਗਾਂਧੀ ਰਾਏਬਰੇਲੀ ਸੀਟ ਤੋਂ ਚੋਣ ਨਹੀਂ ਲੜੇਗੀ। ਇਹ ਸੀਟ ਪ੍ਰਿਯੰਕਾ ਗਾਂਧੀ ਨੂੰ ਸੌਂਪੀ ਜਾ ਸਕਦੀ ਹੈ।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਦਾ ਚਾਰਜ ਦਿੱਤਾ ਗਿਆ ਹੈ, ਜਿਸ ’ਤੇ ਕਮਲਨਾਥ 9 ਵਾਰ ਐੱਮ. ਪੀ. ਰਹਿ ਚੁੱਕੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਕਰ ਚੁੱਕੇ ਹਨ। ਧਿਆਨ ਦੇਣ ਯੋਗ ਹੈ ਕਿ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੇ 1984 ਵਿੱਚ ਅਜਿਹੀ ਹੀ ਖੇਡ ਖੇਡੀ ਸੀ। ਉਦੋਂ ਉਨ੍ਹਾਂ ਸੀਨੀਅਰ ਵਿਰੋਧੀ ਨੇਤਾਵਾਂ ਖਿਲਾਫ ਮਜ਼ਬੂਤ ​​ਉਮੀਦਵਾਰ ਖੜ੍ਹੇ ਕੀਤੇ ਸਨ। ਉਨ੍ਹਾਂ ਅਟਲ ਬਿਹਾਰੀ ਵਾਜਪਾਈ ਅਤੇ ਹੋਰ ਪ੍ਰਮੁੱਖ ਨੇਤਾਵਾਂ ਨੂੰ ਹਰਾਇਆ ਸੀ।


author

Rakesh

Content Editor

Related News