''ਨਕਲੀ'' ਪੁਲਸ ਵਾਲੇ ਬਣ ਬੰਦੇ ਤੋਂ ਠੱਗ ਲਿਆ 50 ਲੱਖ ! ਹੁਣ ਇੰਝ ਚੜ੍ਹੇ ਪੁਲਸ ਅੜਿੱਕੇ

Monday, May 11, 2026 - 06:01 PM (IST)

''ਨਕਲੀ'' ਪੁਲਸ ਵਾਲੇ ਬਣ ਬੰਦੇ ਤੋਂ ਠੱਗ ਲਿਆ 50 ਲੱਖ ! ਹੁਣ ਇੰਝ ਚੜ੍ਹੇ ਪੁਲਸ ਅੜਿੱਕੇ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਪੀਤਮਪੁਰਾ ਇਲਾਕੇ ਵਿੱਚ ਫ਼ਰਜ਼ੀ ਪੁਲਸ ਅਧਿਕਾਰੀ ਬਣ ਕੇ ਰਾਜਸਥਾਨ ਦੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸਿਰੋਹੀ ਦਾ ਰਹਿਣ ਵਾਲਾ ਵਿਅਕਤੀ ਆਪਣੇ ਮਾਲਕ ਦੇ 50 ਲੱਖ ਰੁਪਏ ਦਿੱਲੀ ਪਹੁੰਚਾਉਣ ਆਇਆ ਸੀ।

ਇਸ ਦੌਰਾਨ ਜਦੋਂ ਉਹ ਪੀਤਮਪੁਰਾ ਦੇ ਵਰਧਮਾਨ ਪਲਾਜ਼ਾ ਕੋਲ ਉਤਰਿਆ, ਤਾਂ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਉਸ ਨੂੰ ਰੋਕਿਆ ਅਤੇ ਖ਼ੁਦ ਨੂੰ ਪੁਲਸ ਅਧਿਕਾਰੀ ਦੱਸ ਕੇ ਪੁੱਛਗਿੱਛ ਦੇ ਨਾਂ 'ਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਉਹ ਇਹ ਕਹਿ ਕੇ ਫ਼ਰਾਰ ਹੋ ਗਏ ਕਿ ਸੀਨੀਅਰ ਅਧਿਕਾਰੀ ਆ ਰਹੇ ਹਨ, ਇੱਥੇ ਹੀ ਰੁਕੋ।

ਉਸ ਨੇ ਜਦੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਹਰਿਆਣਾ ਦੇ ਸੋਨੀਪਤ (ਗੋਹਾਨਾ) ਵਿੱਚ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਨੈ ਉਰਫ਼ ਮੋਂਟੀ (20) ਅਤੇ ਕੁਲਦੀਪ (30) ਵਜੋਂ ਹੋਈ ਹੈ।

ਪੁਲਸ ਨੇ ਇਨ੍ਹਾਂ ਕੋਲੋਂ 33.5 ਲੱਖ ਰੁਪਏ ਨਕਦ, ਠੱਗੀ ਦੇ ਪੈਸਿਆਂ ਨਾਲ ਖ਼ਰੀਦੇ ਗਏ ਦੋ iPhone 17 ਮੋਬਾਈਲ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਬੈਗ ਬਰਾਮਦ ਕੀਤਾ ਹੈ। ਸ਼ਿਕਾਇਤਕਰਤਾ ਨੇ ਸ਼ੁਰੂ ਵਿੱਚ ਡਰ ਦੇ ਮਾਰੇ ਸਿਰਫ਼ 9 ਲੱਖ ਰੁਪਏ ਦੀ ਠੱਗੀ ਹੋਣ ਦੀ ਗੱਲ ਕਹੀ ਸੀ, ਪਰ ਬਾਅਦ ਵਿੱਚ ਪੁੱਛਗਿੱਛ ਦੌਰਾਨ ਅਸਲ ਰਕਮ 50 ਲੱਖ ਰੁਪਏ ਦੱਸੀ। ਬਾਕੀ ਰਕਮ ਅਤੇ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।


author

Harpreet SIngh

Content Editor

Related News