ਅਸੁਰੱਖਿਅਤ ਹਨ ਭਾਰਤ ਦੀਆਂ 197 ਭਾਸ਼ਾਵਾਂ

Saturday, Aug 10, 2019 - 06:24 PM (IST)

ਅਸੁਰੱਖਿਅਤ ਹਨ ਭਾਰਤ ਦੀਆਂ 197 ਭਾਸ਼ਾਵਾਂ

ਨਵੀਂ ਦਿੱਲੀ/ਵਾਸ਼ਿੰਗਟਨ— ਪੂਰੀ ਦੁਨੀਆ ਨੇ ਸ਼ੁੱਕਰਵਾਰ ਨੂੰ ਦੇਸੀ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ। ਭਾਸ਼ਾ ਕਿਸੇ ਵੀ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹੈ, ਇਸ ਲਈ ਅੰਤਰਰਾਸ਼ਟਰੀ ਪੱਧਰ 'ਤੇ ਅਲੋਪ ਹੋ ਰਹੀਆਂ ਭਾਸ਼ਾਵਾਂ ਨੂੰ ਲੈ ਕੇ ਜਾਗਰੂਕਤਾ ਦੀ ਕੋਸ਼ਿਸ਼ ਜ਼ਰੂਰੀ ਹੈ। ਦੁਨੀਆ ਭਰ 'ਚ ਕਰੀਬ 7000 ਭਾਸ਼ਾਵਾਂ ਹਨ।

ਭਾਰਤ 'ਚ ਅਜੇ ਲਗਭਗ 450 ਭਾਸ਼ਾਵਾਂ ਜ਼ਿੰਦਾ ਹਨ। ਦੇਸ਼ ਦੀ ਇਹ ਵਿਰਾਸਤ ਮਾਣ ਕਰਨ ਲਾਇਕ ਹੈ। ਪਰ ਚਿੰਤਾ ਇਸ ਗੱਲ ਦੀ ਹੈ ਕਿ ਸਾਡੇ ਦੇਸ਼ ਦੀਆਂ 10 ਭਾਸ਼ਾਵਾਂ ਅਜਿਹੀਆਂ ਹਨ, ਜਿਨ੍ਹਾਂ ਦੇ ਜਾਣਕਾਰ 100 ਤੋਂ ਵੀ ਘੱਟ ਲੋਕ ਬਚੇ ਹਨ। ਇਨ੍ਹਾਂ ਭਾਸ਼ਾਵਾਂ 'ਚ ਜ਼ਿਆਦਾਤਰ ਭਾਸ਼ਾਵਾਂ ਮੂਲ ਨਿਵਾਸੀਆਂ ਵਲੋਂ ਬੋਲੀਆਂ ਜਾਂਦੀਆਂ ਹਨ ਪਰ ਇਹ ਭਾਸ਼ਾਵਾਂ ਖਤਰਨਾਕ ਢੰਗ ਨਾਲ ਅਲੋਪ ਹੁੰਦੀਆਂ ਜਾ ਰਹੀਆਂ ਹਨ।

ਉਥੇ ਹੀ 81 ਭਾਰਤੀ ਭਾਸ਼ਾਵਾਂ ਦੀ ਸਥਿਤੀ ਬਹੁਤ ਚੰਗੀ ਨਹੀਂ ਹੈ, ਜਿਨ੍ਹਾਂ 'ਚ ਮਣੀਪੁਰੀ, ਬੋਡੋ, ਗੜਵਾਲੀ, ਲੱਦਾਖੀ, ਮਿਜ਼ੋ, ਸ਼ੇਰਪਾ ਤੇ ਸਪਿਤੀ ਵੀ ਸ਼ਾਮਲ ਹੈ, ਇਹ ਸਾਰੀਆਂ ਭਾਸ਼ਾਵਾਂ ਕਮਜ਼ੋਰ ਸ਼੍ਰੇਣੀ 'ਚ ਹਨ। ਇਨ੍ਹਾਂ ਨੂੰ ਬਚਾਏ ਰੱਖਣ ਲਈ ਸੰਗਠਿਤ ਕੋਸ਼ਿਸ਼ ਕਰਨ ਦੀ ਲੋੜ ਹੈ। ਦੁਨੀਆ ਦੀਆਂ ਖਤਰੇ 'ਚ ਪਈਆਂ ਭਾਸ਼ਾਵਾਂ ਦੇ ਯੂਨੈਸਕੋ ਐਟਲਸ ਦੇ ਆਨਲਾਈਨ ਚੈਪਟਰ ਦੇ ਮੁਤਾਬਕ ਭਾਰਤ ਦੀਆਂ 197 ਭਾਸ਼ਾਵਾਂ ਅਜਿਹੀਆਂ ਹਨ, ਜੋ ਕਿ ਅਸੁਰੱਖਿਅਤ ਹਨ। ਅਲੋਪ ਹੋ ਰਹੀਆਂ ਭਾਸ਼ਾਵਾਂ 'ਚ ਅਹੋਮ, ਐਂਡ੍ਰੋ, ਰੰਗਕਾਸ, ਸੇਂਗਮਈ, ਤੋਲਚਾ ਤੇ ਹੋਰ ਸ਼ਾਮਲ ਹਨ। ਇਹ ਭਾਸ਼ਾਵਾਂ ਹਿਮਾਲਿਆ ਬੈਲਟ 'ਚ ਬੋਲੀਆਂ ਜਾਂਦੀਆਂ ਹਨ। ਉਥੇ ਹੀ ਯੂਨੈਸਕੋ ਦੇ ਮੁਤਾਬਕ ਦੁਨੀਆ ਦੀ ਕਰੀਬ 97 ਫੀਸਦੀ ਆਬਾਦੀ ਸਿਰਫ 4 ਫੀਸਦੀ ਭਾਸ਼ਾਵਾਂ ਦੀ ਜਾਣਕਾਰੀ ਰੱਖਦੀ ਹੈ ਜਦਕਿ ਦੁਨੀਆ ਦੇ ਸਿਰਫ 3 ਫੀਸਦੀ ਲੋਕ ਬਾਕੀ ਦੀਆਂ 96 ਫੀਸਦੀ ਭਾਸ਼ਾਵਾਂ ਦੀ ਜਾਣਕਾਰੀ ਰੱਖਦੇ ਹਨ।

ਮੂਲ ਨਿਵਾਸੀਆਂ ਵਲੋਂ ਬੋਲੀਆਂ ਜਾਣ ਵਾਲੀਆਂ ਹਜ਼ਾਰਾਂ ਭਾਸ਼ਾਵਾਂ ਅਲੋਪ ਹੋਣ ਦੀ ਕਗਾਰ 'ਤੇ ਹਨ। ਇੰਟਰਨੈਸ਼ਨਲ ਈਅਰ ਆਫ ਇੰਡੀਜੀਨੀਅਸ ਲੈਂਗਵੇਜ ਯਾਨੀ ਦੇਸੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਿਵਸ 'ਤੇ ਮਾਹਰਾਂ ਨੇ ਕਿਹਾ ਕਿ ਸਾਨੂੰ ਸਦੀਆਂ ਪੁਰਾਣੀਆਂ ਭਾਸ਼ਾਵਾਂ ਨੂੰ ਅਲੋਪ ਹੋਣ ਤੋਂ ਰੋਕਣ ਦੀ ਲੋੜ ਹੈ।


author

Baljit Singh

Content Editor

Related News