ਹੋਰ ਵਧੇਗੀ ਭਾਰਤੀ Air Force ਦੀ ਤਾਕਤ ! ਫਰਾਂਸ ਤੋਂ 114 ਫਾਈਟਰ ਜੈੱਟ ਖਰੀਦਣ ਦੀ ਪ੍ਰਕਿਰਿਆ ਹੋਈ ਤੇਜ਼
Monday, Nov 02, 2026 - 12:43 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਫ਼ਰਾਂਸ ਦੀ ਦੋਸਤੀ ਹੋਰ ਮਜ਼ਬੂਤ ਹੋਣ ਜਾ ਰਹੀ ਹੈ। ਦੋਵੇਂ ਦੇਸ਼ ਰਣਨੀਤਕ ਅਤੇ ਰੱਖਿਆ ਸਬੰਧਾਂ ਦੇ ਮਾਮਲੇ 'ਚ ਇੱਕ ਨਵੇਂ ਯੁੱਗ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਭਾਰਤੀ ਹਵਾਈ ਫੌਜ ਦੇ ਲੜਾਕੂ ਸਕੁਐਡਰਨਾਂ ਦੀ ਕਮੀ ਨੂੰ ਪੂਰਾ ਕਰਨ ਲਈ 114 ਮਲਟੀ-ਰੋਲ ਫਾਈਟਰ ਏਅਰਕ੍ਰਾਫਟ ਯਾਨੀ ਰਾਫੇਲ ਜੈੱਟ ਖਰੀਦਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਹ ਮੈਗਾ ਡੀਲ ਲਗਭਗ 3.25 ਲੱਖ ਕਰੋੜ ਰੁਪਏ (34-39 ਅਰਬ ਡਾਲਰ) ਦੀ ਅਨੁਮਾਨਤ ਲਾਗਤ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ।
ਇਸ ਪ੍ਰਸਤਾਵਿਤ ਸਮਝੌਤੇ ਤਹਿਤ 114 ਰਾਫੇਲ ਜੈੱਟਾਂ 'ਚੋਂ ਫ਼ਰਾਂਸ ਦੀ Dassault Aviation ਵੱਲੋਂ 18 ਜੈੱਟ ਪੂਰੀ ਤਰ੍ਹਾਂ ਤਿਆਰ ਹਾਲਤ 'ਚ ਭਾਰਤ ਨੂੰ ਸੌਂਪੇ ਜਾਣਗੇ, ਜਦਕਿ ਬਾਕੀ 96 ਜੈੱਟ ਭਾਰਤ 'ਚ ਹੀ ਸਥਾਨਕ ਭਾਈਵਾਲਾਂ ਜਿਵੇਂ ਟਾਟਾ ਤੇ L&T ਨਾਲ ਮਿਲ ਕੇ ਬਣਾਏ ਜਾਣਗੇ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਕੋਲ ਮਨਜ਼ੂਰਸ਼ੁਦਾ 42 ਸਕੁਐਡਰਨਾਂ ਦੇ ਮੁਕਾਬਲੇ ਫਿਲਹਾਲ ਸਿਰਫ਼ 30 ਸਕੁਐਡਰਨ ਹੀ ਬਚੇ ਹਨ। ਪੁਰਾਣੇ ਰੂਸੀ ਜਹਾਜ਼ਾਂ ਦੇ ਰਿਟਾਇਰ ਹੋਣ ਕਾਰਨ ਆਈ ਇਸ ਕਮੀ ਨੂੰ ਪੂਰਾ ਕਰਨ ਲਈ ਰਾਫੇਲ ਦਾ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ।
ਇਹ ਰੱਖਿਆ ਸੌਦਾ ਭਾਰਤ ਦੇ 'ਵਿਕਸਿਤ ਭਾਰਤ 2047' ਅਤੇ ਦੋਵਾਂ ਦੇਸ਼ਾਂ ਦੇ 'ਹੋਰਾਈਜ਼ਨ 2047' ਵਿਜ਼ਨ ਦਾ ਅਹਿਮ ਹਿੱਸਾ ਹੈ। ਇਸ ਤੋਂ ਇਲਾਵਾ ਭਾਰਤ-ਫ਼ਰਾਂਸ ਸਕੋਰਪੀਨ ਸਬਮਰੀਨਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵੀ ਸਹਿਯੋਗ ਵਧਾ ਰਹੇ ਹਨ। ਹਵਾਈ ਫੌਜ ਦੇ ਮੁਖੀ ਅਤੇ ਰੱਖਿਆ ਮੰਤਰਾਲੇ ਦੇ ਸੰਕੇਤਾਂ ਅਨੁਸਾਰ, ਇਸ ਕਰਾਰਨਾਮੇ 'ਤੇ ਮਾਰਚ 2027 ਤੱਕ ਅੰਤਿਮ ਦਸਤਖ਼ਤ ਹੋਣ ਦੀ ਉਮੀਦ ਹੈ।
