ਮੋਗਾ ਪੁਲਸ ਵੱਲੋਂ ਰੇਲਵੇ ਸਟੇਸ਼ਨ ਅਤੇ ਜਨਤਕ ਥਾਵਾਂ ’ਤੇ ਕੀਤੀ ਚੈਕਿੰਗ

03/10/2023 6:00:14 PM

ਮੋਗਾ (ਅਜ਼ਾਦ) : ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਣ ਤੋਂ ਇਲਾਵਾ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਥਾਣਾ ਸਿਟੀ ਸਾਊਥ ਪੁਲਸ ਵੱਲੋਂ ਭਾਰੀ ਪੁਲਸ ਫੋਰਸ ਦੇ ਨਾਲ ਜਿਸ ਵਿਚ ਡਾਗ ਸਕੁਆਇਡ ਵੀ ਸੀ ਨੇ ਰੇਲਵੇ ਸਟੇਸ਼ਨ ਮੋਗਾ ਦੇ ਇਲਾਵਾ ਹੋਰ ਕਈ ਜਨਤਕ ਥਾਵਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਪੁਲਸ ਲੋਕਾਂ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰੱਖਿਆ ਲਈ ਵਚਨਬੱਧ ਹੈ। ਥਾਣਾ ਸਿਟੀ ਸਾਊਥ ਦੇ ਇੰਚਾਰਜ ਅਮਨਦੀਪ ਸਿੰਘ ਕੰਬੋਜ ਦੇ ਨਿਰਦੇਸ਼ਾਂ ’ਤੇ ਰੇਲਵੇ ਸਟੇਸ਼ਨ ਮੋਗਾ ’ਤੇ ਜਾ ਕੇ ਟ੍ਰੇਨਾਂ ਅਤੇ ਟ੍ਰੇਨਾਂ ਵਿਚ ਬੈਠੀਆਂ ਸਵਾਰੀਆਂ ਦੇ ਇਲਾਵਾ ਉਨ੍ਹਾਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ। 

ਇਸ ਤੋਂ ਇਲਾਵਾ ਪਾਰਕਿੰਗ ਵਿਚ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਦੇ ਇਲਾਵਾ ਪੁਲਸ ਵੱਲੋਂ ਸਿਵਲ ਹਸਪਤਾਲ ਅਤੇ ਮੇਨ ਬਾਜ਼ਾਰ ਵਿਚ ਵੀ ਇਸ ਵਿਸ਼ੇਸ਼ ਅਭਿਆਨ ਦੇ ਤਹਿਤ ਚੈਕਿੰਗ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਲੋਕਾਂ ਦੇ ਮਨਾਂ ਵਿਚ ਡਰ ਅਤੇ ਭੈਅ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਲੋਕਾਂ ਦਾ ਸਹਿਯੋਗ ਅਤੀ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀ ਵੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ।


Gurminder Singh

Content Editor

Related News