ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਹਮਲੇ ’ਚ ਤਿੰਨ ਜ਼ਖਮੀ

Tuesday, Aug 20, 2024 - 05:45 PM (IST)

ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਹਮਲੇ ’ਚ ਤਿੰਨ ਜ਼ਖਮੀ

ਮੋਗਾ (ਆਜ਼ਾਦ) : ਅਜੀਤਵਾਲ ਵਿਖੇ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰਕੇ ਤਿੰਨ ਵਿਅਕਤੀਆਂ ਨੂੰ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਧਰਮ ਸਿੰਘ ਉਰਫ ਗੋਰਾ, ਮਨਪ੍ਰੀਤ ਸਿੰਘ ਉਰਫ ਲੱਲੂ, ਜਗਜੀਤ ਸਿੰਘ ਸਾਰੇ ਨਿਵਾਸੀ ਪਿੰਡ ਚੂਹੜਚੱਕ ਅਤੇ ਬਲਵਿੰਦਰ ਸਿੰਘ ਉਰਫ ਕਾਲੀ ਨਿਵਾਸੀ ਅਜੀਤਵਾਲ ਖ਼ਿਲਾਫ਼ ਹਰਦੇਵ ਸਿੰਘ ਨਿਵਾਸੀ ਅਜੀਤਵਾਲ ਦੀ ਸ਼ਿਕਾਇਤ ’ਤੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਜਦੋਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਮੋਟਰ ਸਾਈਕਲ ’ਤੇ ਦੇਰ ਰਾਤ ਘਰ ਆ ਰਿਹਾ ਸੀ ਤਾਂ ਜਦੋਂ ਉਹ ਲਾਲ ਸਿੰਘ ਮੈਂਬਰ ਵਾਲੀ ਗਲੀ ਰੇਲਵੇ ਸਟੇਸ਼ਨ ਅਜੀਤਵਾਲ ਦੇ ਕੋਲ ਪੁੱਜਾ ਤਾਂ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਦੇਖ ਕੇ ਆਪਣੇ ਮੋਟਰ ਸਾਈਕਲ ਖੜ੍ਹੇ ਕਰ ਦਿੱਤੇ ਅਤੇ ਸੜਕ ’ਤੇ ਕ੍ਰਿਪਾਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਜਦੋਂ ਉਹ ਮੇਰੇ ਵੱਲ ਆਏ ਤਾਂ ਮੈਂ ਆਪਣਾ ਮੋਟਰਸਾਈਕਲ ਭਜਾ ਕੇ ਬਲਰਾਜ ਸਿੰਘ ਦੇ ਘਰ ਕੋਲ ਚਲਾ ਗਿਆ, ਜਿੱਥੇ ਨਵਦੀਪ ਸਿੰਘ ਅਤੇ ਨਾਨਕ ਸਿੰਘ ਨਿਵਾਸੀ ਅਜੀਤਵਾਲ ਖੜ੍ਹੇ ਸਨ। ਇਸੇ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ ਸਾਨੂੰ ਤਿੰਨਾਂ ਨੂੰ ਜ਼ਖਮੀ ਕਰ ਦਿੱਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਚਲੇ ਗਏ। ਉਸ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਕਥਿਤ ਮੁਲਜ਼ਮਾਂ ਨੇ ਉਸ ਤੋਂ ਲੁੱਟਖੋਹ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਸੱਟਾਂ ਮਾਰੀਆਂ। ਜਾਂਚ ਅਧਿਕਾਰੀ ਨੇ ਕਿਹਾ ਕਿ ਸਾਰੇ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News