ਤਮਾਕੂ ਰੋਕਥਾਮ ਦਿਹਾੜੇ 'ਤੇ ਵਿਸ਼ੇਸ਼ : ਗੁਰੂ ਸਹਿਬਾਨਾਂ ਦਾ ਸੰਦੇਸ਼, ਸਿੱਖਾਂ ਲਈ ਤਮਾਕੂ 'ਜਗਤਜੂਠ' ਹੈ

Monday, May 31, 2021 - 10:03 AM (IST)

ਤਮਾਕੂ ਰੋਕਥਾਮ ਦਿਹਾੜੇ 'ਤੇ ਵਿਸ਼ੇਸ਼ : ਗੁਰੂ ਸਹਿਬਾਨਾਂ ਦਾ ਸੰਦੇਸ਼, ਸਿੱਖਾਂ ਲਈ ਤਮਾਕੂ 'ਜਗਤਜੂਠ' ਹੈ

ਹਰਪ੍ਰੀਤ ਸਿੰਘ ਕਾਹਲੋਂ

ਸਾਖੀਆਂ ਦੀ ਕਥਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਨਾਲ ਸਫ਼ਰ 'ਤੇ ਸਨ। ਗੁਰੂ ਸਾਹਿਬ ਜੀ ਦਾ ਘੋੜਾ ਇੱਕ ਦਮ ਰੁਕ ਗਿਆ। ਵੇਖਿਆ ਤਾਂ ਸਾਹਮਣੇ ਤਮਾਕੂ ਦਾ ਖੇਤ ਸੀ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਵੇਖੋ ਘੋੜਾ ਵੀ ਤਮਾਕੂ ਦੇ ਨੁਕਸਾਨ ਜਾਣਦਾ ਹੈ। 

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜਿਲਦ 13 ਵੀਂ ਵਿੱਚ ਸਾਖੀ ਦਾ ਹਵਾਲਾ ਭਾਈ ਸੰਤੋਖ ਸਿੰਘ ਕੁਝ ਇੰਝ ਦਿੰਦੇ ਹਨ :- 

ਮੇਰੇ ਘੋਰੇ ਘਾਹ ਮਹਿਂ ਦੇਖਿ ਸੰਭਾਰੋ ਸਿੱਖ
ਦੁਸ਼ਟ ਬੀਜ ਤੁਰਕਨ ਕਰਯੋਹਿੰਦੀ ਤੋਰੀ ਰਿੱਖ ।।55।।
ਹਿੰਦੂ ਹਲ ਕਾਮ ਕਰਤਿ ਹੈ ਤਜੈ ਦੁਸ਼ਟ ਗੁਰਵਾਕ।
ਜਹਾਂ ਤਮਾਕੂ ਹੋਤਿ ਹੈ ਸੋ ਖੇਤੀ ਨਾਪਾਕ ।।56।।

ਜ਼ਿਕਰ ਹੈ ਕਿ ਮੇਰੇ ਘੋੜੇ ਨੇ ਘਾਹ ਵਿੱਚੋਂ ਹੇ ਸਿੱਖੋ ਤਮਾਕੂ ਵੇਖ ਕੇ ਆਪਣੇ ਆਪ ਨੂੰ ਸੰਭਾਲ ਲਿਆ ਹੈ। ਤੁਰਕਾਂ ਨੇ ਇਹ ਦੁਸ਼ਟ ਬੀਜ ਨੂੰ ਪ੍ਰਚਲਿਤ ਕੀਤਾ ਹੈ ਅਤੇ ਹਿੰਦੀ (ਰਿਖੀ ਦੀ) ਰਿਖ ਸ਼ਕਤੀ ਤੋੜ ਦਿੱਤੀ। ਹਿੰਦੂ ਹਲ (ਵਾਹੁਣ) ਦਾ ਕੰਮ ਕਰਦਾ ਹੈ, ਉਹ ਗੁਰੂਵਾਕ ਮੰਨਕੇ ਦੁਸ਼ਟ (ਦੁਸ਼ਟ ਬੀਜ = ਭਾਵ ਤੰਬਾਕੂ) ਨੂੰ (ਬੀਜਣਾ) ਛੱਡ ਦੇਵੇ। ਜ਼ਿਕਰ ਹੈ ਕਿ ਉਹ ਖੇਤੀ ਨਾਪਾਕ ਹੈ, ਜਿਥੇ ਤਮਾਕੂ ਬੀਜਿਆ ਜਾਵੇ। 

ਸਿੱਖ ਧਰਮ ਵਿੱਚ ਤਮਾਕੂ ਅਤੇ ਹੋਰ ਨਸ਼ਿਆਂ ਦੀ ਸਖਤ ਸ਼ਬਦਾਂ ਵਿੱਚ ਮਨਾਹੀ ਹੈ। 1699 ਈਸਵੀ ਵਿੱਚ ਖਾਲਸੇ ਦੀ ਸਥਾਪਨਾ ਹੋਈ। ਸਿੱਖ ਧਰਮ ਵਿੱਚ ਅੰਮ੍ਰਿਤ ਛੱਕਣ ਦੀ ਰਵਾਇਤ ਬੱਝੀ। 

ਇਹ ਵੀ ਪੜ੍ਹੋ: ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 'ਹਾਅ ਦਾ ਨਾਅਰਾ' ਮਾਰਨ ਵਾਲਾ ਮਲੇਰਕੋਟਲਾ ਦਾ ਅਣਖ਼ੀਲਾ ਨਵਾਬ ਸ਼ੇਰ ਮੁਹੰਮਦ ਖ਼ਾਂ

ਰਹਿਤਨਾਮਿਆਂ ਵਿੱਚ ਦਰਸਾਇਆ ਅਨੁਸ਼ਾਸਨ ਗੁਰੂ ਸਹਿਬਾਨ ਜੀ ਵੱਲੋਂ ਸਿਖਾਈ ਜੀਵਨ ਜਾਚ ਦਾ ਹੀ ਹਿੱਸਾ ਹਨ। ਖਾਲਸੇ ਦੀ ਸਥਾਪਨਾ ਤੋਂ ਬਾਅਦ ਅੰਮ੍ਰਿਤ ਛਕਣ ਵੇਲੇ ਇਹ ਹੁਕਮ ਦਾ ਮੁੱਢਲਾ ਹਿੱਸਾ ਬਣ ਗਏ। ਇਨ੍ਹਾਂ ਰਹਿਤਨਾਮਿਆਂ ਨੂੰ ਸਮੇਂ ਦੇ ਲੇਖਕਾਂ ਨੇ ਸਾਡੇ ਸਾਹਮਣੇ ਲਿਆਂਦਾ ਹੈ। ਰਹਿਤਨਾਮਿਆਂ ਵਿੱਚ ਚਾਰ ਬਜਰ ਕੁਰਹਿਤਾਂ ਤੋਂ ਬਚਣ ਦੀ ਹਦਾਇਤ ਹੈ। 

ਇਸ ਤਹਿਤ ਤਮਾਕੂ (ਤਮਾਖੂ), ਕੁੱਠਾ, ਸ਼ਰਾਬ ਆਦਿ ਨਸ਼ਿਆਂ ਦੀ ਸਖ਼ਤ ਮਨਾਹੀ ਹੈ। ਪਰਾਈ ਇਸਤਰੀ ਅਤੇ ਮਰਦ ਦੇ ਸਾਥ ਤੋਂ ਵਰਜਿਆ ਹੈ। ਕੁੜੀਮਾਰ (ਘਰੇਲੂ ਹਿੰਸਾ, ਅਣਖ਼ ਖਾਤਰ ਹੁੰਦੇ ਕਤਲ (Honour Killing), ਕੰਨਿਆ ਭਰੂਣ ਹੱਤਿਆ ਤੋਂ ਲੈਕੇ ਬੀਬੀਆਂ 'ਤੇ ਹੁੰਦੇ ਹਰ ਜ਼ੁਲਮ ਕਰਦੇ ਲੋਕਾਂ) ਅਤੇ ਜੂਆ ਖੇਡਦੇ ਜਾਂ ਅਜਿਹੇ ਕੁਕਰਮ ਕਰਦੇ ਲੋਕਾਂ ਨਾਲ ਕੋਈ ਮੇਲ ਜੋਲ ਨਹੀਂ ਰੱਖਣਾ। 

ਇਹ ਰਹਿਤਨਾਮੇ ਅਜਿਹੇ ਅਨੁਸ਼ਾਸਨ ਦਾ ਨਾਮ ਹਨ। ਇਸ ਵਿੱਚ ਬੰਦੇ ਨੂੰ ਅੰਦਰੂਨੀ ਅਤੇ ਬਾਹਰੀ ਭਾਵ ਸ਼ਰੀਰਕ ਅਤੇ ਮਾਨਸਿਕ ਇਮਾਨਦਾਰੀ ਤੰਦਰੁਸਤੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ।

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਇਹ ਅਸਲ ਬੂਟੀ ਅਮਰੀਕਾ ਦੀ ਹੈ ਅਤੇ ਇਸ ਦਾ ਨਾਮ tobacco ਹੈ। ਇਹ ਸੋਲੇਨੇਸੀ ਕੁੱਲ ਦਾ ਪੌਦਾ ਹੈ, ਜਿਸ ਦੀਆਂ ਲੱਗਭੱਗ 60 ਜਾਤੀਆਂ ਹੋਂਦ ਵਿੱਚ ਹਨ। ਕਹਿੰਦੇ ਹਨ ਕਿ ਇਹ ਪਹਿਲੀ ਵਾਰ ਪੁਰਤਗਾਲ ਸਥਿਤ ਫਰਾਂਸੀਸੀ ਰਾਜਦੂਤ ਜਾਨ ਨਿਕੋਟ ਨੇ ਆਪਣੀ ਰਾਣੀ ਕੋਲ ਤਮਾਖੂ ਦਾ ਬੀਜ ਭੇਜਿਆ। ਨਿਕੋਟ ਦੇ ਨਾਂ ਤੋਂ ਹੀ ਇਸ ਪੌਦੇ ਦਾ ਨਾਂ ਨਿਕੋਟਿਆਨਾ (Nicotiana) ਪੈ ਗਿਆ। ਅਨੁਮਾਨ ਹੈ ਕਿ 17 ਵੀਂ ਸਦੀ ਵਿੱਚ ਪੁਰਤਗਾਲੀਆਂ ਨੇ ਤਮਾਖੂ ਦੀ ਖੇਤੀ ਭਾਰਤ ਵਿੱਚ ਆਰੰਭੀ ਸੀ।

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ।। 
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ।।

ਰਾਗ ਬਿਹਾਗੜਾ ਵਿਚ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 554 'ਤੇ ਦਰਜ ਹੈ। 
ਸਭ ਪ੍ਰਸਿੱਧ ਰਹਿਤਨਾਮੇ ਗੁਰਬਾਣੀ ਦੇ ਉਪਰੋਕਤ ਵਿਚਾਰ ਦੀ ਹੀ ਪੁਸ਼ਟੀ ਕਰਦੇ ਹਨ ਜਿਵੇਂ : 
ਗੁਰਮਤਿ ਵਿੱਚ ਏਸ ਦਾ ਪੂਰਨ ਤਿਆਗ ਹੈ। ਇਸ ਨੂੰ 'ਜਗਤਜੂਠ' ,'ਗੰਦਾਧੂਮ' ਲਿਖਿਆ ਹੈ।

ਜਗਤਜੂਠ ਤੇ ਰਹੀਯੇ ਦੂਰ
ਗੰਦਾਧੂਮ ਬੰਸ ਤੇ ਤਯਾਗਹੁ।

ਅਤਿ ਗਲਾਨਿ ਇਸ ਤੇ ਧਰ ਭਾਗਹੁ - ਹਵਾਲਾ- ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ 

ਬਿਖਯਾ ਕਿਰਿਆ ਭੱਦਨ ਤਯਾਗੋ - ਗੁਰ ਬਿਲਾਸ ਪਾਤਸ਼ਾਹੀ 10 (1718 ਈਸਵੀ) ਲਿਖਾਰੀ : ਕੋਇਰ ਸਿੰਘ ਕਲਾਲ 

ਤਮਾਕੂ ਨੂੰ ਨਸ਼ਿਆਂ ਵਿੱਚੋਂ ਸਭ ਤੋਂ ਨਖਿੱਧ ਮੰਨਿਆ ਹੈ ਅਤੇ ਇਸ ਨੂੰ ਵੱਡੀਆਂ ਕੁਰਹਿਤਾਂ ਵਿੱਚ ਸ਼ਾਮਲ ਕੀਤਾ ਹੈ। ਇੰਝ ਹੋਰ ਅਲਾਮਤਾਂ ਜੋ ਨਸ਼ਾ ਰੂਪੀ ਹਨ ਉਨ੍ਹਾਂ ਬਾਰੇ ਵੀ ਗੁਰਬਾਣੀ ਵਿੱਚ ਸਖ਼ਤ ਵਿਰੋਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਸ਼ੇ ਤੋਂ ਵਰਜਣ ਦੀਆਂ ਕਈ ਮਿਸਾਲਾਂ ਹਨ। 

ਰਾਗ ਬਿਹਾਗੜਾ ਵਿਚ ਭਾਈ ਮਰਦਾਨਾ ਜੀ ਦਾ ਰਚਿਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ :- 

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ।।
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ।।2।।

ਭਾਵ - ਇਹ ਨਸ਼ੇ ਵਿਅਰਥ ਹਨ ਨਾਨਕ ਇਹ ਸੱਚੀ (ਰੂਹਾਨੀ) ਖ਼ੁਰਾਕ ਹੈ ਜਿਸ ਦੁਆਰਾ ਸੱਚਾ ਨਾਮ ਤੇਰਾ ਆਸਰਾ ਹੋ ਜਾਵੇਗਾ।

ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰ ਹਰ ਕਦੇ ਨਾ ਚੇਤਿਓ ਜਾਮਿ ਪਕੜਿ ਚਲਾਈਆ ।।13।।
- ਤਿਲੰਗ ਮਹੱਲਾ ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 725 

ਭਾਵ : ਜਿਹੜੇ ਜੀਵ ਪਾਨ ਸੁਪਾਰੀ ਆਦਿਕ ਖਾਂਦੇ ਹੋਏ ਮੂੰਹ ਵਿੱਚ ਪਾਨ ਚਬਾਉਂਦੇ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਵਿਅਰਥ ਦੇ ਚੁਰਾਸੀ ਦੇ ਗੇੜ ਵਿੱਚ ਪਾ ਲੈਂਦੇ ਹਨ। ਉਹ ਰੱਬ ਦਾ ਨਾਮ ਨਹੀਂ ਸਿਮਰਦੇ ਅਤੇ ਮੌਤ ਨੇ ਉਹਨਾਂ ਨੂੰ ਫੜ੍ਹਕੇ ਅੱਗੇ ਲਾ ਲਿਆ ਹੈ। 

ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੁਹਾਨੀ ਬਾਣੀ ਦੇ ਆਸਰੇ ਹੇਠਾਂ ਬਣੇ ਰਹਿਤਨਮਿਆਂ ਦਾ ਇਹੋ ਹੁਕਮ ਹੈ।
ਪ੍ਰਸ਼ਨੋੱਤਰ ਵਿੱਚ ਭਾਈ ਨੰਦ ਲਾਲ ਜੀ ਦੱਸਦੇ ਹਨ 

ਕੁੱਠਾ ਹੁੱਕਾ ਚਰਸ ਤਮਾਕੂ
ਗਾਂਜਾ ਟੋਪੀ ਤਾੜੀ ਖਾਕੂ 
ਇਨ ਕੀ ਓਰ ਨ ਕਬਹੂ ਦੇਖੈ 
ਰਹਿਤਵੰਤ ਸੋ ਸਿੰਘ ਵਿਸੇਖੈ 

ਭਾਈ ਦਯਾ ਸਿੰਘ ਰਹਿਤਨਾਮੇ ਵਿਚ ਦੱਸਦੇ ਹਨ

ਪਰਨਾਰੀ ਜੂਆ ਅਸਤ ਚੋਰੀ ਮਦਿਰਾ ਜਾਨ । 
ਪਾਂਚ ਐਬ ਏ ਜਗਤ ਮੇਂ ਤਜੈ ਸੁ ਸਿੰਘ ਸੁਜਾਨ ।

ਤਮਾਕੂ ਜਿਹੀ ਜਗਤਜੂਠ ਤੋਂ ਦੂਰ ਰਹਿਣਾ ਸਿੱਖ ਇਤਿਹਾਸ ਦੀਆਂ ਗਾਥਾਵਾਂ ਵਿੱਚੋਂ ਵੀ ਮਿਲਦਾ ਹੈ।

ਜ਼ਿਲ੍ਹਾ ਪਟਿਆਲਾ ਦੇ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਬਾਰਨ ਦੇ ਭਾਈ ਜੈ ਸਿੰਘ ਦੀ ਗਾਥਾ ਅਜਿਹੀ ਹੀ ਹੈ। ਭਾਈ ਜੈ ਸਿੰਘ ਖਲਕੱਟ ਦੇ ਪਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਸੀ। ਸਾਰਾ ਪਰਿਵਾਰ ਗੁਰ ਆਸਰੇ ਵਿੱਚ ਜਿਊਣ ਵਾਲਾ ਪਰਿਵਾਰ ਸੀ। 

ਅਹਿਮਦ ਸ਼ਾਹ ਅਬਦਾਲੀ ਦਿੱਲੀ ਤਖ਼ਤ ’ਤੇ ਕਬਜ਼ਾ ਕਰਨ ਲਈ ਫੌਜ ਇਕੱਠੀ ਕਰਕੇ 1753 ਵਿੱਚ ਭਾਰਤ ਦੂਜੀ ਵਾਰ ਆਇਆ। ਇਸੇ ਸਿਲਸਿਲੇ ਵਿਚ ਉਹਨੇ ਪਹਿਲਾਂ ਲਾਹੌਰ ਅਤੇ ਫੇਰ ਸਰਹਿੰਦ ’ਤੇ ਆ ਕਬਜ਼ਾ ਕੀਤਾ। ਸਰਹੰਦ ਵੇਖੇ ਉਹਦਾ ਫੌਜੀ ਜਰਨੈਲ ਅਬਦੁਲ ਸਮੁੰਦ ਖਾਂ ਸੀ। ਸ਼ਾਨੋ ਸ਼ੌਕਤ ਨਾਲ ਲਸ਼ਕਰ ਸਮੇਤ ਅਬਦੁਲ ਸਮੁੰਦ ਖਾਂ ਜਦੋਂ ਪਿੰਡ ਮੁਗਲਮਾਜਰਾ (ਬਾਰਨ) ਪੁਜਿਆ ਤਾਂ ਉਹ ਨੇ ਖੇਤਾਂ ਵਿੱਚ ਕੰਮ ਕਰਦੇ ਭਾਈ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਭਾਈ ਜੈ ਸਿੰਘ ਉਹਦਾ ਬੋਝਾ ਚੁੱਕੇ। ਬੋਝੇ ਵਿੱਚ ਸ਼ਾਹੀ ਤਮਾਕੂ ਹੁੱਕਾ ਸੀ। ਭਾਈ ਜੈ ਸਿੰਘ ਨੇ ਕਿਹਾ ਕਿ ਇਹ ਮੇਰੇ ਗੁਰੂ ਦਾ ਹੁਕਮ ਹੈ ਸੋ ਮੈਂ ਤਮਾਕੂ ਨੂੰ ਹੱਥ ਨਹੀਂ ਲਾਉਣਾ। ਮੁਗਲ ਅਬਦੁਸ਼ ਸਮੁੰਦ ਖਾਂ ਨੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਨੂੰ ਤਮਾਕੂ ਦਾ ਬੋਝਾ ਨਾ ਚੁੱਕਣ ਕਰਕੇ ਪਿੱਪਲ ਦੇ ਹੇਠਾਂ ਪੁੱਠਾ ਲਟਕਾਕੇ ਖੱਲ੍ਹ ਲਾ ਦਿੱਤੀ ਸੀ। ਭਾਈ ਜੈ ਸਿੰਘ ਖਲਕਟ ਨੇ ਸ਼ਹਾਦਤ ਕਬੂਲ ਕੀਤੀ ਪਰ ਤਮਾਕੂ ਵਾਲਾ ਬੋਝਾ ਨਹੀਂ ਚੁੱਕਿਆ।

ਨੋਟ:  ਇਸ ਲੇਖ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣਾ ਜੁਆਬ


author

Harnek Seechewal

Content Editor

Related News