ਜਥੇਦਾਰ ਜੀ ਟੁੱਟੇ ਭਰੋਸੇ ਕਿਵੇਂ ਬਹਾਲ ਹੋਣਗੇ?
Saturday, Jun 17, 2023 - 11:37 PM (IST)

ਧਰਮ, ਰਿਸ਼ਤੇ, ਸਿਆਸਤ, ਵਪਾਰ ਸਭ ਕੁੱਝ ਇਕ ਵਿਸ਼ਵਾਸ਼ ਅਤੇ ਭਰੋਸੇ ਦੇ ਆਸਰੇ ਚੱਲਦਾ ਹੈ। ਧਰਮ ਤਾਂ ਅਧਾਰਤ ਹੀ ਵਿਸ਼ਵਾਸ਼ ਉੱਤੇ ਹੈ ਕਿਉਂਕਿ ਧਰਮ ਵਿਚ ਬਹੁਤਾ ਕੁੱਝ ਰਹੱਸ ਅਤੇ ਅਦਿਸ ਹੈ। ਜਿਸ ਕਰਕੇ ਭਰੋਸਿਆਂ ਦੇ ਸਹਾਰੇ ਹੀ ਅੱਗੇ ਤੁਰਿਆ ਜਾਂਦਾ ਹੈ ਅਤੇ ਇਹ ਸਿਲਸਿਲਾ ਜਦੋਂ ਤੋਂ ਦੁਨੀਆਂ ਦੀ ਬੁਨਿਆਦ ਬਣੀ ਹੈ ਜਾਂ ਧਰਮ ਹੋਂਦ ਵਿੱਚ ਆਏ ਹਨ, ਨਿਰੰਤਰ ਚੱਲਦਾ ਆ ਰਿਹਾ ਹੈ। ਇਸ ਤਰ੍ਹਾਂ ਹੀ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਵੀ ਇਕ ਵਿਸ਼ਵਾਸ਼ ਅਤੇ ਭਰੋਸੇ ਤੇ ਹੀ ਅਧਾਰਤ ਹਨ। ਜਿੱਥੇ ਵੀ ਕਿਧਰੇ ਥੋੜੀ ਜਿਹੀ ਬੇਭਰੋਸਗੀ ਹੋ ਜਾਵੇ ਜਾਂ ਵਿਸ਼ਵਾਸ਼ ਨੂੰ ਠੋਕਰ ਵੱਜ ਜਾਵੇਂ ਤਾਂ ਰਿਸ਼ਤੇ ਤਿੜਕ ਕੇ ਖਿੱਲਰ ਜਾਂਦੇ ਹਨ। ਸਿਆਸਤ ਵਿਚ ਬੇਭਰੋਸਗੀ ਦਾ ਭੈਅ ਜਿਆਦਾ ਰਹਿੰਦਾ ਹੈ ਕਿਉਂਕਿ ਇੱਥੇ ਇਕ ਵੱਖਰੀ ਕਿਸਮ ਦੇ ਰਾਜਰਸ ਦੀ ਲਾਲਸਾ, ਇਕ ਚੰਗੇ ਭਲੇ ਬੰਦੇ ਨੂੰ ਬਾਂਦਰ ਬਣਾ ਦਿੰਦੀ ਹੈ? ਸਿਆਸਤ ਵਿਚ ਪਿਉ ਪੁੱਤਰ ਜਾਂ ਸਕੇ ਭਰਾ ਵੀ ਆਹਮੋ ਸਾਹਮਣੇ ਹੁੰਦੇ ਅਕਸਰ ਨਜ਼ਰ ਆਉਂਦੇ ਹਨ। ਏਵੇਂ ਹੀ ਵਪਾਰ ਵਿਚ ਵੀ ਵਿਸ਼ਵਾਸ਼ ਬਣਿਆ ਹੋਵੇ ਤਾਂ ਬੇਸ਼ੱਕ ਕਰੋੜਾਂ ਉਧਾਰ ਚੁੱਕ ਲਵੋ, ਪ੍ਰੰਤੂ ਜਦੋਂ ਬੇਪ੍ਰਤੀਤੀ ਹੋ ਜਾਵੇ ਤਾਂ ਕੋਈ ਲੂਣ ਦੀ ਥੈਲੀ ਉਧਾਰ ਦੇਣ ਨੂੰ ਤਿਆਰ ਨਹੀਂ ਹੁੰਦਾ।
ਇਸ ਕਰਕੇ ਦੁਨੀਆਂ ਦਾ ਸਾਰਾ ਦਾਰੋਮਦਾਰ ਹੀ ਇਕ ਵਿਸ਼ਵਾਸ਼ ਅਤੇ ਭਰੋਸਾ ਹੈ। ਸਿੱਖਾਂ ਨੂੰ ਗੁਰੂ ਤੇ ਭਰੋਸਾ ਬਹੁਤ ਸੀ ਅਤੇ ਅੱਜ ਵੀ ਆਗੂਆਂ ਨੂੰ ਛੱਡਕੇ ਆਮ ਸਿੱਖਾਂ ਨੂੰ ਬਹੁਤ ਭਰੋਸਾ ਹੈ। ਇਸ ਭਰੋਸੇ ਦੇ ਆਸਰੇ ਸਿੱਖਾਂ ਨੇ ਵੱਡੀਆਂ ਵੱਡੀਆਂ ਸਲਤਨਤਾਂ ਅਤੇ ਹਕੂਮਤਾਂ ਦੀਆਂ ਗੋਡਣੀਆਂ ਲਵਾਈਆਂ ਹਨ। ਇਸ ਭਰੋਸੇ ਵਿਚੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਪੰਥ ਨੇ ਦੋ ਖਾਲਸਾਈ ਬਾਦਸ਼ਾਹੀਆਂ ਦੀ ਹੋਂਦ ਬਣਾਈ ਸੀ। ਪ੍ਰੰਤੂ ਜਿਵੇਂ ਜਿਵੇਂ ਦੁਨੀਆਂ ਦਾ ਵਿਕਾਸ ਹੋਇਆ ਹੈ ਅਤੇ ਪਦਾਰਥਵਾਦ ਦਾ ਯੁੱਗ ਜ਼ੋਰ ਫੜ ਗਿਆ ਹੈ ਤਾਂ ਦੁਨੀਆਂ ਦੇ ਬਾਕੀ ਲੋਕਾਂ ਵਾਂਗੂੰ ਸਿੱਖ ਵੀ ਆਰਾਮਪ੍ਰਸਤ ਅਤੇ ਪਦਾਰਥਵਾਦੀ ਹੋ ਗਿਆ ਹੈ। ਸਿੱਖ ਨੂੰ ਪਰਮਾਰਥ ਦਾ ਰਸਤਾ ਭੁੱਲਦਾ ਜਾ ਰਿਹਾ ਹੈ। ਸਿੱਖ ਸੰਘਰਸ਼ਾਂ ਨੂੰ ਤਿਆਗਕੇ ਅਰਾਮ ਪ੍ਰਸਤੀ ਦੇ ਜੀਵਨ ਵੱਲ ਖਿਚਿਆ ਜਾ ਰਿਹਾ ਹੈ। ਜਿਸ ਕਰਕੇ ਭਰੋਸੇ ਟੁੱਟਦੇ ਜਾ ਰਹੇ ਹਨ ਜਾਂ ਪਤਲੇ ਪੈ ਰਹੇ ਹਨ। ਜਿਹੜੇ ਸਿੱਖਾਂ ਦੀ ਖੁਆਰੀ ਦਾ ਕਾਰਕ ਬਣ ਰਹੇ ਹਨ।
ਆਜ਼ਾਦ ਭਾਰਤ ਜਾਂ ਭਾਰਤ ਵਿਚ ਲੋਕਤੰਤਰ ਦੀ ਹੋਂਦ ਤੋਂ ਪਹਿਲਾਂ ਹੀ ਸਿੱਖਾਂ ਕੋਲ ਤਿੰਨ ਵੱਡੀਆਂ ਸੰਸਥਾਵਾਂ ਸਨ। ਜਿਸ ਵਿਚ ਅਕਾਲ ਤਖ਼ਤ ਸਾਹਿਬ ਜੋ ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਹੈ ਅਤੇ ਦੋ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਸਦੀ ਪਹਿਲਾਂ ਸਿੱਖਾਂ ਨੇ ਖੁਦ ਹੋਂਦ ਵਿਚ ਲਿਆਂਦੀਆਂ ਸਨ। ਇਨ੍ਹਾਂ ਤਿੰਨਾਂ ਹੀ ਸੰਸਥਾਵਾਂ ਤੇ ਸਿੱਖਾਂ ਦਾ ਅਥਾਹ ਵਿਸ਼ਵਾਸ਼ ਸੀ। ਜਥੇਦਾਰ ਅਕਾਲ ਤਖ਼ਤ ਸਾਹਿਬ ਜਾਂ ਉੱਥੋਂ ਜਾਰੀ ਹੋਏ ਕਿਸੇ ਆਦੇਸ਼ ਨੂੰ ਰੱਬੀ ਹੁਕਮ ਮੰਨਿਆ ਜਾਂਦਾ ਸੀ। ਪ੍ਰੰਤੂ ਉਹ ਇਸ ਕਰਕੇ ਸੀ ਕਿ ਉੱਥੋਂ ਆਦੇਸ਼ ਦੇਣ ਵਾਲੇ ਹਮੇਸ਼ਾ ਗੁਰੂ ਦੀ ਰਜ਼ਾ ਵਿਚ ਰਹਿੰਦੇ ਸਨ ਅਤੇ ਕੌਮੀਂ ਹਿੱਤਾਂ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੇ ਅੰਦਰ ਪਰਿਵਾਰਵਾਦ, ਨਿੱਜ ਪ੍ਰਸਤੀ ਜਾਂ ਪੱਖਪਾਤ ਵਰਗੀਆਂ ਅਲਾਮਤਾਂ ਨਹੀਂ ਹੁੰਦੀਆਂ ਸਨ। ਇਸ ਕਰਕੇ ਉਨ੍ਹਾਂ ਦੇ ਆਖੇ ਬਚਨਾਂ ਨੂੰ ਮੰਨਣਾ ਸਿੱਖ ਆਪਣੇ ਵੱਡੇ ਭਾਗ ਸਮਝਦੇ ਸਨ।
ਇੰਝ ਹੀ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਛੁਡਵਾਉਣ ਵੇਲੇ ਜਿਹੜੇ ਸਿੰਘਾਂ ਜਾਂ ਜਥਿਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ, ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ, ਪੰਥਕ ਪ੍ਰਬੰਧ ਬਹਾਲ ਕੀਤਾ ਸੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਦੀ ਹੋਂਦ ਬਣਾਈ ਸੀ, ਉਸ ਉੱਤੇ ਵੀ ਸਿੱਖ ਕੌਮ ਨੂੰ ਪੂਰਨ ਭਰੋਸਾ ਸੀ। ਉਨ੍ਹਾਂ ਆਗੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਤੇ ਆਗੂ ਵੀ ਹਰ ਵੇਲੇ ਕੌਮ ਨੂੰ ਸਮਰਪਿਤ ਰਹੇ ਅਤੇ ਗੁਰੂ ਆਸ਼ੇ ਅਨੁਸਾਰ ਆਪਣੀਆਂ ਸੇਵਾਵਾਂ ਅਤੇ ਫਰਜ਼ ਨਿਭਾਉਂਦੇ ਰਹੇ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਪਾਰਲੀਮੈਂਟ ਵਾਲਾ ਰੁਤਬਾ ਹਰ ਵੇਲੇ ਬਹਾਲ ਰਿਹਾ। ਸਿੱਖਾਂ ਨੂੰ ਮਾਣ ਸੀ ਕਿ ਦੁਨੀਆਂ ਵਿਚ ਸਾਡੀ ਕੋਈ ਮਹਾਨ ਸੰਸਥਾ ਹੈ। ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜਤਾ ਦੇ ਨਾਲ ਕਰਨ ਤੋਂ ਇਲਾਵਾ ਦੁਨੀਆਂ ਭਰਦੇ ਸਿੱਖਾਂ ਦੇ ਮਸਲਿਆਂ ਵੱਲ ਵੀ ਤਵੱਜੋ ਦਿੰਦੀ ਹੈ। ਇਸ ਕਰਕੇ ਇਹ ਭਰੋਸਾ ਕੁੱਝ ਦਹਾਕੇ ਪਹਿਲਾਂ ਤੱਕ ਜਾਂ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਰਹਿਣ ਤੱਕ ਕਿਸੇ ਹੱਦ ਤਾਈਂ ਬਰਕਰਾਰ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁੱਝ ਮਹੀਨਿਆਂ ਬਾਅਦ ਹੀ ਪੰਥ ਨੂੰ ਇਕ ਹੋਰ ਜਥੇਬੰਦੀ ਦੀ ਹੋਂਦ ਬਣਾਕੇ ਦਿੱਤੀ। ਜਿਸ ਨੂੰ ਸ਼ੁਰੂਆਤੀ ਦੌਰ ਵਿਚ ਸੇਵਾਦਲ ਦਾ ਨਾਮ ਮਿਲਿਆ, ਪ੍ਰੰਤੂ ਕੁੱਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਮਕਰਨ ਹੋ ਗਿਆ। ਬੇਸ਼ੱਕ ਇਸ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਜਿੰਮੇਵਾਰੀ ਗੁਰਦੁਆਰਿਆਂ ਦੀ ਰਾਖੀ ਦੀ ਹੀ ਸੀ। ਪ੍ਰੰਤੂ ਸਮੇਂ ਦੇ ਲਿਹਾਜ਼ ਨਾਲ ਜਾਂ ਪੰਥ ਦੀ ਲੋੜ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸਿਆਸਤ ਵਿਚ ਆ ਗਿਆ ਅਤੇ ਸਿੱਖਾਂ ਦੀ ਨੁੰਮਾਇੰਦਾ ਰਾਜਸੀ ਜਥੇਬੰਦੀ ਦਾ ਦਰਜ਼ਾ ਪ੍ਰਾਪਤ ਕਰ ਗਿਆ। ਬੇਸ਼ੱਕ ਕਾਂਗਰਸ ਨਾਲ ਸਾਂਝੀਆਂ ਸਰਕਾਰਾਂ ਤੋਂ ਰਾਜਨੀਤੀ ਵਿਚ ਪੈਰ ਧਰਾਵਾ ਹੋਇਆ। ਪ੍ਰੰਤੂ ਹੌਲੀ ਹੌਲੀ ਪੰਜਾਬ ਵਿਚ ਆਪਣੇ ਬਲਬੂਤੇ ਸਰਕਾਰਾਂ ਬਣਾਉਣ ਵਿਚ ਵੀ ਕਾਮਯਾਬੀ ਮਿਲੀ। ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੀ ਰੂਹ ਸੀ। ਇਸ ਕਰਕੇ ਅਕਾਲੀਆਂ ਨੇ ਭਾਰਤ ਵਿਚ ਕੇਂਦਰੀ ਹਕੂਮਤ ਦੇ ਵਿਤਕਰਿਆਂ ਜਾਂ ਧੱਕੇਸ਼ਾਹੀਆਂ ਖਿਲਾਫ ਅਨੇਕਾਂ ਸੰਘਰਸ਼ ਲੜੇ ਅਤੇ ਜਿੱਤੇ। ਬੇਸ਼ੱਕ ਉਸ ਵਿਚ ਅਕਾਲੀ ਦਲ ਜਾਂ ਪੰਜਾਬ ਦਾ ਕੋਈ ਬਹੁਤਾ ਫਾਇਦਾ ਜਾਂ ਹਿਤ ਨਹੀਂ ਸੀ। ਪ੍ਰੰਤੂ ਅਕਾਲੀ ਲੋਕਾਂ ਦੇ ਦਰਦਾਂ ਨੂੰ ਆਪਣੇ ਪਿੰਡੇ ਹੰਢਾਉਣ ਦੇ ਹੁਨਰ ਜਾਣਦੇ ਸਨ।
ਅੰਗਰੇਜ਼ ਸਾਮਰਾਜ ਤੋਂ ਲੈ ਕੇ ਭਾਰਤ ਦਾ ਭਗਵਾਂ ਨਿਜ਼ਾਮ ਅਤੇ ਦੇਸ਼ ਵਿਆਪੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿਚ ਕਾਂਗਰਸ, ਜਨਸੰਘ ਜਾਂ ਕੁੱਝ ਹੋਰ ਵੱਡੇ ਆਗੂ ਵੀ ਸ਼ਾਮਲ ਹਨ,ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਗਤੀ ਵਿਧੀਆਂ ਨਹੀਂ ਭਾਉਂਦੀਆਂ ਸਨ, ਕਿ ਕੇਂਦਰ ਦੀਆਂ ਤਾਨਸ਼ਾਹੀਆਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਹਿੱਕ ਤਾਣਕੇ ਖੜ੍ਹਾ ਹੋਵੇ? ਇਸ ਕਰਕੇ ਆਜ਼ਾਦੀ ਤੋਂ ਲੈਕੇ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਧੇ ਲਫ਼ਜ਼ਾਂ ਵਿਚ ਕਿ ਪੰਥਕ ਰਾਜਨੀਤੀ ਉੱਤੇ ਵੱਡੇ ਹਮਲੇ ਹੋਏ ਹਨ। ਪੰਜਾਬ ਨਾਲ ਵਿਤਕਰਿਆਂ ਜਾਂ ਬੇਇਨਸਾਫੀਆਂ ਦਾ ਹੋਣਾ ਵੀ ਅਕਾਲੀਆਂ ਦੀ ਰਾਜਨੀਤੀ ਨੂੰ ਲੀਹੋ ਲਾਹੁਣ ਦੀ ਹੀ ਨੀਤੀ ਸੀ। ਇਸ ਵਿਚ ਕਈ ਤਰ੍ਹਾਂ ਦੇ ਹਰਬੇ ਵਰਤੇ ਗਏ। ਕਦੇ ਅਕਾਲੀਆਂ ਨੂੰ ਕੁੱਟਿਆ ਗਿਆ। ਸਭ ਤੋਂ ਵੱਡੀ ਮਾਰ ਦਰਬਾਰ ਸਾਹਿਬ ਉੱਤੇ ਫੌਜ਼ੀ ਹਮਲੇ ਰਾਹੀਂ ਮਾਰੀ ਗਈ। ਜਿਸ ਤੋਂ ਬਾਅਦ ਸਿੱਖਾਂ ਦੇ ਅੰਦਰ ਹੀ ਖਾਨਾਜੰਗੀ ਵਰਗੇ ਹਾਲਾਤ ਪੈਦਾ ਹੋ ਗਏ। ਦੂਜੀ ਸਾਜ਼ਿਸ਼ ਇਹ ਹੋਈ ਕਿ ਜੇ ਕੋਈ ਜ਼ਹਿਰ ਦਿੱਤੀਆਂ ਨਾ ਮਰੇ ਤਾਂ ਗੁੜ ਹੀ ਏਨਾਂ ਜਿਆਦਾ ਖਵਾ ਦਿਓ ਕਿ ਗੁੜ ਖਾਕੇ ਹੀ ਮਰ ਜਾਵੇ। ਫਿਰ ਅਕਾਲੀਆਂ ਵਿਚੋਂ ਕੁਝ ਆਗੂਆਂ ਨੂੰ ਕੇਂਦਰ ਵਿਚ ਸਾਂਝ ਭਿਆਲੀਆਂ ਦੀ ਲੱਤ ਲਾਕੇ, ਪੰਥ ਅਤੇ ਪੰਜਾਬ ਦੀ ਮੁੱਖ ਧਾਰਾ ਤੋਂ ਅਲੱਗ ਕਰ ਲਿਆ। ਜਿਸ ਨਾਲ ਰਾਜਸੀ ਤਾਕਤ ਦੇ ਨਸ਼ੇ ਵਿਚ ਅਕਾਲੀ ਆਪਣੀ ਅਕਾਲੀਅਤ ਗਵਾ ਬੈਠੇ ਅਤੇ ਸਿੱਖਾਂ ਦਾ ਭਰੋਸਾ ਟੁੱਟਣਾ ਸ਼ੁਰੂ ਹੋ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹੀ ਭਗਵੇਂ ਨਿਜ਼ਾਮ, ਸਮੇਂ ਦੀਆਂ ਕੇਂਦਰੀ ਹਕੂਮਤਾਂ ਅਤੇ ਏਜੰਸੀਆਂ ਦੇ ਜਾਲ ਵਿਚ ਫਸਕੇ, ਸਿੱਖਾਂ ਦੀਆਂ ਤਿੰਨੇ ਸੰਸਥਾਵਾਂ ਨੂੰ ਬਰਬਾਦ ਕੀਤਾ ਹੈ। ਅਕਾਲੀ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਚ ਗ੍ਰਸੇ ਗਏ ਅਤੇ ਦੂਜੇ ਆਗੂਆਂ ਵਰਗਾ ਸ਼ੱਕੀ ਕਿਰਦਾਰ ਬਣ ਗਿਆ। ਫਿਰ ਅਕਾਲੀਆਂ ਰਾਹੀਂ ਹੀ ਭਾਰਤੀ ਤਾਣੇਬਾਣੇ ਨੇ ਗੁਰਦੁਆਰਾ ਪ੍ਰਬੰਧ ਨੂੰ ਖ਼ਤਮ ਕਰਨ ਲਈ ਅਕਾਲੀਆਂ ਨੂੰ ਵਰਤਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਚਲਾਉਣਾ ਆਰੰਭ ਕਰ ਦਿੱਤਾ। ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਖਟਾਈ ਵਿਚ ਪੈ ਗਈ। ਕਈ ਤਰ੍ਹਾਂ ਦੇ ਦੋਸ਼ ਗੁਰਦਵਾਰਾ ਪ੍ਰਬੰਧ ਵਿੱਚ ਲੱਗੇ ਜਿਸ ਨੂੰ ਭਾਰਤ ਦੇ ਗੋਦੀ ਮੀਡੀਆਂ ਨੇ ਬੜੇ ਜ਼ੋਰ ਨਾਲ ਪ੍ਰਚਾਰਕੇ, ਸਿੱਖਾਂ ਅਤੇ ਆਮ ਲੋਕਾਂ ਦੇ ਮਨਾਂ ਵਿਚੋਂ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਘਟਾ ਤਾਂ ਕੀ ਖਤਮ ਹੀ ਕਰ ਦਿੱਤਾ। ਅੱਜ ਧੇਲੇ ਧੇਲੇ ਦੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ‘‘ਸਿਰੋਮੁੰਨੀ ਕਾਲੀ ਦਲ’’ ਅਤੇ ਸ਼੍ਰੋਮਣੀ ਕਮੇਟੀ ਨੂੰ ‘‘ਸਿਰੋਮੁੰਨੀ ਕਮੇਟੀ’’ ਵਰਗੇ ਮੰਦੇ ਬੋਲਾਂ ਨਾਲ ਸੰਬੋਧਨ ਕਰਦੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਆਪਣਾ 1920 ਵਾਲਾ ਕਿਰਦਾਰ ਕਾਇਮ ਨਹੀਂ ਰੱਖ ਸਕੇ ਅਤੇ ਪੰਥਕ ਸਿਧਾਂਤਾਂ ਦੀ ਅਣਦੇਖੀ ਕਰਕੇ, ਰਾਜਸੀ ਲੋਕਾਂ ਦੇ ਕਰਿੰਦੇ ਬਣ ਗਏ। ਸ਼੍ਰੋਮਣੀ ਕਮੇਟੀ ਕੋਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਅਧਿਕਾਰ ਹੈ। ਇਸ ਕਰਕੇ ਬੇਸ਼ੱਕ ਜਥੇਦਾਰਾਂ ਦੀਆਂ ਬਦਲੀਆਂ ਨਿਯੁਕਤੀਆਂ ਜਾਂ ਬਰਤਰਫ਼ੀਆਂ ਸ਼੍ਰੋਮਣੀ ਕਮੇਟੀ ਨੇ ਹੀ ਕੀਤੀਆਂ, ਪ੍ਰੰਤੂ ਇਸ ਵਿੱਚ ਮਰਜ਼ੀ ਭਾਰਤੀ ਨਿਜ਼ਾਮ ਦੀ ਹੀ ਰਹੀ ਹੈ ਅਤੇ ਉਨ੍ਹਾਂ ਦੇ ਹੁਕਮ ਅਕਾਲੀਆਂ ਦੇ ਨੀਲੇ ਪੈਨ ਨਾਲ ਲਿਖਕੇ ਆਉਂਦੇ ਰਹੇ ਹਨ? ਇਸ ਕਰਕੇ ਹੀ ਲੋਕਾਂ ਵਿੱਚ ਧਾਰਨਾ ਬਣ ਗਈ,ਜਿਹੜੀ ਸੱਚ ਵੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਜਾਂ ਲਿਫਾਫੇ ਵਿੱਚੋਂ ਨਿਕਲਦਾ ਹੈ? ਇਸ ਤਰ੍ਹਾਂ ਹੀ ਜਥੇਦਾਰਾਂ ਦੇ ਮਾਮਲੇ ਵਿਚ ਵੀ ਇਹ ਪ੍ਰਚਲਤ ਹੋ ਚੁੱਕਿਆ ਹੈ ਕਿ ਜਥੇਦਾਰ ਉਹ ਹੀ ਲੱਗ ਸਕਦਾ ਹੈ ਜਿਹੜਾ ਅਕਾਲੀਆਂ ਦੇ ਦਰਵਾਜ਼ੇ ਵਿਚੋਂ ਦੀ ਸਿਰ ਨਿਵਾਕੇ ਲੰਘ ਸਕਦਾ ਹੋਵੇ? ਇਸ ਤਰ੍ਹਾਂ ਬਣੇ ਜਥੇਦਾਰਾਂ ਉੱਤੇ ਸਿੱਖਾਂ ਦਾ ਇਹ ਦੋਸ਼ ਉਸ ਵੇਲੇ ਸੱਚ ਸਾਬਿਤ ਹੋ ਗਿਆ, ਜਦੋਂ ਜਥੇਦਾਰਾਂ ਦੇ ਫ਼ੈਸਲੇ ਪੰਥਕ ਸਿਧਾਂਤਾਂ ਦੀ ਤਰਜ਼ਮਾਨੀ ਕਰਨ ਦੀ ਥਾਂ ਸਮੇਂ ਦੀਆਂ ਸਰਕਾਰਾਂ ਜਾਂ ਬਿਪਰਵਾਦ ਦਾ ਪੱਖ ਪੂਰਦੇ ਨਜ਼ਰ ਆਏ| ਜਿਸ ਕਰਕੇ ਸਿੱਖਾਂ ਦਾ ਭਰੋਸਾ ਜਥੇਦਾਰਾਂ,ਹੁਕਮਨਾਮਿਆਂ,ਆਦੇਸ਼ਾਂ ਅਤੇ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਉੱਤੇ ਹੋਣ ਵਾਲੀਆਂ ਗਤੀਵਿਧੀਆਂ ਤੋਂ ਵੀ ਟੁੱਟ ਗਿਆ| ਜਿਉਂ ਹੀ ਸਿੱਖਾਂ ਨੇ ਭਰੇ ਮਨ ਨਾਲ ਕੋਈ ਕਿੰਤੂ ਕੀਤਾ ਤਾਂ ਉਸ ਨੂੰ ਗੋਦੀ ਮੀਡੀਆ ਅਤੇ ਪੰਥ ਵਿਰੋਧੀ ਸ਼ਕਤੀਆਂ ਨੇ ਤੂਲ ਦੇਕੇ ,ਆਮ ਸਿੱਖਾਂ ਦੇ ਮਨਾਂ ਵਿੱਚੋਂ ਸਤਿਕਾਰ ਘਟਾ ਦਿੱਤਾ|
ਹੁਣ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਿਰ ਤੇ ਜਥੇਦਾਰੀ ਦੀ ਦਸਤਾਰ ਸਜ਼ੀ ਹੈ। ਸਮੇਂ ਤੋਂ ਪਹਿਲਾਂ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਕੁੱਝ ਲਿਖਣਾ ਬੋਲਣਾ, ਅਨਿਆਂ ਹੋਵੇਗਾ। ਪ੍ਰੰਤੂ ਉਨ੍ਹਾਂ ਨੂੰ ਸੁਚੇਤ ਕਰਨਾ ਇਕ ਪੰਥਕ ਜਿੰਮੇਵਾਰੀ ਹੀ ਸਮਝੀ ਜਾਣੀ ਚਾਹੀਦੀ ਹੈ| ਗਿਆਨੀ ਰਘਬੀਰ ਸਿੰਘ ਜੀ ਬਣੇ ਹਨ ਪ੍ਰੰਤੂ ਸਿੱਖਾਂ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਇੱਥੇ ਬਿਆਨ ਕਰਨਾ ਵੀ ਚੰਗਾ ਨਹੀਂ ਸਮਝਦਾ? ਇਹ ਹੀ ਆਵਾਜ਼ ਆ ਰਹੀ ਹੈ ਕਿ ਜਿਵੇਂ ਦੇ ਪਹਿਲੇ ਜਥੇਦਾਰ ਸਨ,ਹੁਣ ਵੀ ਕੋਈ ਫਰਕ ਨਹੀਂ ਪਵੇਗਾ? ਕਿਉਂਕਿ ਸਿਰਫ ਇੱਕ ਸ਼ਖ਼ਸੀਅਤ ਬਦਲੀ ਹੈ, ਜਦੋਂ ਕਿ ਬਦਲਣੀ ਤਾਂ ਕਾਰਜਸ਼ੈਲੀ ਚਾਹੀਦੀ ਹੈ। ਕੰਮ ਇਸ ਜਥੇਦਾਰ ਨੇ ਵੀ ਆਜ਼ਾਦਾਨਾ ਤੌਰ ਨਹੀਂ ਕਰ ਸਕਣਾ? ਇਹ ਦਾਸ ਲੇਖਕ ਆਪਣੇ ਵੱਲੋਂ ਨਹੀਂ ਲਿਖ ਰਿਹਾ, ਸੰਗਤਾਂ ਦੀ ਆਵਾਜ਼ ਹੈ, ਜਿਸ ਨੇ ਹੱਥਲਾ ਲੇਖ ਲਿਖਣ ਵਾਸਤੇ ਮਜ਼ਬੂਰ ਕੀਤਾ ਹੈ। ਇਸ ਕਰਕੇ ਹੁਣ ਇੱਕ ਵੀ ਵੱਡਾ ਸਵਾਲ ਹੈ ਕਿ ਹਰ ਖੇਤਰ ਵਿੱਚ ਭਰੋਸੇ ਅਤੇ ਵਿਸ਼ਵਾਸ਼ ਟੁੱਟ ਚੁੱਕਿਆ ਹੈ ਅਤੇ ਕੱਲ੍ਹ ਨਿਯੁਕਤ ਹੋਏ ਜਥੇਦਾਰ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ‘‘ਜਥੇਦਾਰ ਜੀ ਟੁੱਟੇ ਭਰੋਸੇ ਕਿਵੇਂ ਬਹਾਲ ਹੋਣਗੇ’’? ਗੁਰੂ ਰਾਖਾ।
- ਗੁਰਿੰਦਰਪਾਲ ਸਿੰਘ ਧਨੌਲਾ