ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਵੇਲਾ

Sunday, Apr 09, 2023 - 01:51 AM (IST)

ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਵੇਲਾ

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਕਿਸੇ ਕੋਲ ਵੀ ਆਪਣੇ ਲਈ ਸੋਚਣ ਜਾਂ ਇਕੱਲੇ ਬੈਠ ਕੇ ਵਿਚਾਰ ਕਰਨ ਦਾ ਵਕਤ ਨਹੀਂ ਹੈ। ਆਧੁਨਿਕਤਾ ਦੀ ਦੌੜ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਸਾਂਝੇ ਪਰਿਵਾਰ ਹੁਣ ਬੀਤੇ ਵਕਤ ਦੀਆਂ ਬਾਤਾਂ ਹੋ ਗਏ ਹਨ। ਵੱਡੇ ਸ਼ਹਿਰਾਂ ਨੇ ਪਿੰਡਾਂ ਨੂੰ ਨਿਗਲ ਲਿਆ ਹੈ। ਹਰ ਪਾਸੇ ਮਸ਼ੀਨੀ ਰੌਲ਼ਾ ਸੁਣਾਈ ਦਿੰਦਾ ਹੈ। ਕਿੱਧਰੇ ਚੁੱਪ ਨਹੀਂ/ਕਿੱਧਰੇ ਸਕੂਨ ਨਹੀਂ। ਪੈਸੇ, ਸ਼ੋਹਰਤ ਅਤੇ ਤਰੱਕੀ ਨੇ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲੋਂ ਤੋੜ ਕੇ ਰੱਖ ਦਿੱਤਾ ਹੈ। ਖ਼ਬਰੇ, ਇਸੇ ਕਰਕੇ ਅੱਜ ਦਾ ਵਕਤ ਮਾਨਸਿਕ ਪਰੇਸ਼ਾਨੀ ਦਾ ਵਕਤ ਕਿਹਾ ਜਾ ਰਿਹਾ ਹੈ। ਮਾਨਸਿਕ ਪਰੇਸ਼ਾਨੀਆਂ ਅਤੇ ਖ਼ੁਦਕੁਸ਼ੀਆਂ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਅੱਜ ਨਿੱਕੇ-ਨਿੱਕੇ ਬੱਚੇ ਵੀ ਖ਼ੁਦਕੁਸ਼ੀਆਂ ਦੇ ਰਾਹ ’ਤੇ ਤੁਰ ਪਏ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਜੜ੍ਹਾਂ, ਆਪਣੇ ਸੱਭਿਆਚਾਰ ਤੇ ਆਪਣੇ ਇਤਿਹਾਸ ਨਾਲੋਂ ਟੁੱਟ ਗਏ ਹਾਂ। ਮਸ਼ੀਨੀ ਦੌਰ ਨੇ ਸਾਡੇ ਮਨਾਂ ਨੂੰ ਮਸ਼ੀਨਾਂ ਵਿਚ ਤਬਦੀਲ ਕਰਕੇ ਰੱਖ ਦਿੱਤਾ ਹੈ।

ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ। ਸਾਂਝੇ ਘਰ ਲੱਗਭਗ ਖ਼ਤਮ ਹੋ ਚੁੱਕੇ ਹਨ। ਅੱਜ ਪਰਿਵਾਰ ਦਾ ਮਤਲਬ ਸਿਰਫ਼ ਪਤਨੀ, ਬੱਚੇ ਹਨ। ਮਾਂ-ਬਾਪ, ਭੈਣ-ਭਰਾ ਅਤੇ ਰਿਸ਼ਤੇਦਾਰ ਪਰਿਵਾਰ ’ਚੋਂ ਮਨਫ਼ੀ ਹੋ ਚੁੱਕੇ ਹਨ। ਅੱਜ ਬੱਚੇ ਆਪਣੇ ਮਾਂ-ਬਾਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਮਾਂ-ਬਾਪ ਆਪਣੇ ਬੱਚਿਆਂ ਨਾਲ ਰਹਿਣਾ ਨਹੀਂ ਚਾਹੁੰਦੇ। ਇਸੇ ਕਰਕੇ ਇਕਲਾਪੇ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ।

ਦਸਵੀਂ, ਬਾਰ੍ਹਵੀਂ ਦੇ ਬੱਚੇ ਖ਼ੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਹਾਰਾ ਦੇਣ ਵਾਲਾ ਬਜ਼ੁਰਗ ਗ਼ੈਰ-ਹਾਜ਼ਰ ਹੈ। ਬਜ਼ੁਰਗ ਇਕਲਾਪੇ ਦਾ ਸ਼ਿਕਾਰ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਬੱਚੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਹੱਲ ਹੈ ਕਿ ਅੱਜ ਦੇ ਮਨੁੱਖ ਨੂੰ ਆਪਣੀਆਂ ਲੋੜਾਂ/ਜ਼ਰੂਰਤਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਸਾਡੀਆਂ ਲੋੜਾਂ ਬਹੁਤ ਥੋੜ੍ਹੀਆਂ ਹਨ ਪਰ ਸਾਡੀਆਂ ਆਸਾਂ/ਉਮੀਦਾਂ ਬਹੁਤ ਵੱਡੀਆਂ ਅਤੇ ਅਸੀਮਤ ਹਨ। ਇਨ੍ਹਾਂ ਅਸੀਮਤ ਆਸਾਂ/ਉਮੀਦਾਂ ਦੇ ਬੋਝ ਹੇਠਾਂ ਸਾਡੇ ਰਿਸ਼ਤੇ-ਨਾਤੇ ਦਮ ਤੋੜ ਰਹੇ ਹਨ।

ਸਾਡੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਸਾਡੀ ਸਮਾਜਿਕ ਬਣਤਰ ਨੂੰ ਖ਼ਤਰਾ ਉਤਪੰਨ ਹੋ ਗਿਆ ਹੈ। ਅਸੀਂ ਇਕਲਾਪੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਵੇਗਾ ਤਾਂ ਹੀ ਇਸੇ ਸਥਿਤੀ ਉੱਪਰ ਕਾਬੂ ਪਾਇਆ ਜਾ ਸਕੇਗਾ। ਅੱਜ ਆਪਸੀ ਸਾਂਝ ਦੀ ਬਹੁਤ ਲੋੜ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਦਾ ਧਿਆਨ ਰੱਖਣ। ਉਨ੍ਹਾਂ ਦੀ ਗੱਲ ਸੁਣਨ ਅਤੇ ਅਮਲ ਕਰਨ। ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਉੱਪਰ ਵਾਧੂ ਦਾ ਬੋਝ ਨਾ ਪਾਉਣ। ਵਾਧੂ ਦੀਆਂ ਉਮੀਦਾਂ/ਆਸਾਂ ਹੇਠਾਂ ਆਪਣੇ ਬੱਚਿਆਂ ਦਾ ਬਚਪਨ ਨਾ ਖੋਹਣ। ਹਾਂ, ਚੰਗੀ ਸਿੱਖਿਆ/ਨੌਕਰੀ ਲਾਜ਼ਮੀ ਹੈ ਪਰ ਜ਼ਿੰਦਗੀ
ਦੇ ਦਾਅ ਉੱਤੇ ਨਹੀਂ; ਕਿਉਂਕਿ ਜ਼ਿੰਦਗੀ ਹੈ ਤਾਂ ਸਭ ਕੁਝ ਹੈ। ਮੌਤ ਮਗ਼ਰੋਂ ਤਰੱਕੀ/ਪੈਸਾ/ ਸ਼ੋਹਰਤ ਕਿਸੇ ਕੰਮ ਦਾ ਨਹੀਂ।

ਇਨ੍ਹਾਂ ਕਾਰਜਾਂ ਲਈ ਸਹਿਣਸ਼ੀਲਤਾ ਅਤੇ ਵਕਤ ਬਹੁਤ ਲਾਜ਼ਮੀ ਸ਼ਰਤਾਂ ਹਨ। ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ/ ਉਨ੍ਹਾਂ ਨਾਲ ਗੱਲਬਾਤ ਦਾ ਰਾਬਤਾ ਕਾਇਮ ਹੋ ਜਾਵੇਗਾ ਤਾਂ ਅੱਧੀਆਂ ਸਮੱਸਿਆਵਾਂ ਆਪਣੇ-ਆਪ ਹੀ ਖ਼ਤਮ ਹੋ ਜਾਣਗੀਆਂ। ਕਿਸੇ ਵੱਡੇ-ਵਡੇਰੇ ਵੱਲੋਂ ਕਹੀ ਗੱਲ ਨੂੰ ਧਿਆਨ ਨਾਲ ਸੁਣ ਲਵਾਂਗੇ ਤਾਂ ਭਵਿੱਖ ’ਚ ਸਾਡੇ ਕੰਮ ਆਵੇਗੀ ; ਜਦੋਂ ਨੌਜਵਾਨ ਵਰਗ ਦੀ ਇਹ ਬਿਰਤੀ ਬਣ ਗਈ ਤਾਂ ਬਹੁਤ ਸਾਰੇ ਕਾਰਜ ਸੁੱਤੇ-ਸਿੱਧ ਹੀ ਰਾਸ ਆ ਜਾਣਗੇ। ਇਸ ਲਈ ਅੱਜ ਆਪਸੀ ਪ੍ਰੇਮ-ਪਿਆਰ ਦੀ ਸਖ਼ਤ ਲੋੜ ਹੈ। ਇਸ ਪ੍ਰੇਮ ਸਦਕਾ ਅਸੀਂ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।
-ਡਾ. ਨਿਸ਼ਾਨ ਸਿੰਘ ਰਾਠੌਰ


author

Manoj

Content Editor

Related News