ਕਹਾਣੀਨਾਮਾ : ਰੱਬ ਦਾ ਐਟਮ ਬੰਬ

Monday, Jun 14, 2021 - 12:14 PM (IST)

ਕਹਾਣੀਨਾਮਾ : ਰੱਬ ਦਾ ਐਟਮ ਬੰਬ

ਬੁਰੀ ਤਰ੍ਹਾਂ ਥੱਕੇ ਤੇ ਅੱਕੇ ਹੋਏ ਸਵਰਗ ਦੇ ਸਾਰੇ ਕਰਮਚਾਰੀ ਧਰਮਰਾਜ ਕੋਲ ਪੇਸ਼ ਹੋਏ। ਉਨ੍ਹਾਂ ਦੇ ਮੁਖੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, "ਮਹਾਰਾਜ ਪਤਾ ਨਹੀਂ ਕਿਹੜੇ ਗ੍ਰਹਿ ਤੋਂ ਇਕ ਅਜੀਬੋ ਗ਼ਰੀਬ ਕਿਸਮ ਦਾ ਜੀਵ ਆਇਆ ਏ। ਉਸ ਨੇ ਤਾਂ ਸਾਡਾ ਜੀਣਾ ਹਰਾਮ ਕੀਤਾ ਹੋਇਆ ਏ! ਤੁਹਾਡੇ ਬਣਾਏ ਸਵਰਗ ਵਿਚ ਹੀ ਨੁਕਸ ਕੱਢੀ ਜਾ ਰਿਹਾ...ਕਦੇ ਕਹਿੰਦਾ ਬੂਹੇ ਨੀਵੇਂ ਨੇ ਤੇ ਕਦੇ ਕਹਿੰਦਾ ਛੱਤਾਂ ਬਹੁਤ ਉੱਚੀਆਂ ਨੇ! ਕਦੇ ਕਹਿੰਦਾ ਦੀਵਾਰਾਂ ਨੂੰ ਰੰਗ ਰੋਗਨ ਢੰਗ ਦਾ ਨਹੀਂ ਹੋਇਆ। ਕਹਿੰਦਾ ਕਿਹੜੇ ਬੇਵਕੂਫ਼ ਨੇ ਨਕਸ਼ਾ ਬਣਾਇਆ...ਖਾ ਗਿਆ ਸਭ ਕੁਝ ਬਣਾਉਣ ਵਾਲਾ...ਮਿਲਾਉ ਮੈਨੂੰ ਕਿਹੜੇ ਮੂਰਖ ਨੇ ਬਣਾਇਆ ਸਵਰਗ? ਸਵਰਗ ਭਲਾ ਇਦਾਂ ਦੇ ਹੁੰਦੇ ਨੇ?"

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਧਰਮਰਾਜ ਤ੍ਰਬਕ ਜਿਹਾ ਗਿਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ, "ਹੋਰ ਕੀ ਕਹਿੰਦਾ ਸੀ?"
"ਉਹ ਕਹਿੰਦਾ ਜੀ ਢਾਹ ਦਿਉ ਇਸ ਨੂੰ!" ਇਕ ਕਰਮਚਾਰੀ ਨੇ ਦੱਸਿਆ।

ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ 'ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ

ਡਰਿਆ ਤੇ ਘਬਰਾਇਆ ਹੋਇਆ ਧਰਮਰਾਜ ਕਰਮਚਾਰੀਆਂ ਨੂੰ ਨਾਲ ਲੈ ਕੇ ਰੱਬ ਦੇ ਦਫ਼ਤਰ ਪਹੁੰਚ ਗਿਆ ਤੇ ਰੱਬ ਨੂੰ ਸਾਰੀ ਕਹਾਣੀ ਦੱਸੀ।ਕਰਮਚਾਰੀ ਪੁੱਛਣ ਲੱਗੇ, "ਰੱਬ ਜੀ! ਇਹ ਕੌਣ ਹੈ ਤੇ ਕਿੱਥੋਂ ਆਇਆ ਏ? ਅਜਿਹਾ ਜੀਵ ਤੁਸੀਂ ਬਣਾਇਆ ਹੀ ਕਿਉਂ?"  

ਸਾਰੀ ਗੱਲ ਸੁਣ ਕੇ ਰੱਬ ਸੋਚੀਂ ਡੁੱਬ ਗਿਆ ਤੇ ਠੰਡਾ ਜਿਹਾ ਹਉਕਾ ਭਰ ਕੇ ਬੋਲਿਆ, "ਦਰਅਸਲ ਸਾਰੀ ਗ਼ਲਤੀ ਮੇਰੀ ਏ...ਉਂਝ ਮੇਰੀ ਹੈ ਵੀ ਨਹੀਂ...ਮੈਂ ਤਾਂ ਕਾਇਨਾਤ ਦੀ ਬਸ ਭੰਬੀਰੀ ਹੀ ਘੁਮਾਈ ਸੀ...ਬਸ ਐਂਵੇਂ ਘੁਮਾ ਬੈਠਾ...ਤੇ ਭੰਬੀਰੀ ਮੇਰੇ ਵੱਸੋਂ ਬਾਹਰ ਹੋ ਗਈ...ਘੁੰਮਦੀ ਹੋਈ ਭੰਬੀਰੀ 'ਚੋਂ ਇਹ ਪੈਦਾ ਹੋ ਗਿਆ...!"

 "ਪ੍ਰਭੂ ਜੀ ਇਹ ਹੈ ਕੌਣ ਤੇ ਕਿੱਥੋਂ ਆਇਆ ਹੈ?" ਇਕ ਕਰਮਚਾਰੀ ਨੇ ਰੱਬ ਦੀ ਗੱਲ ਵਿੱਚੋਂ ਟੋਕਦਿਆਂ ਪੁੱਛਿਆ। ਉਸ ਦੇ ਉੱਤਰ ਵਿਚ ਰੱਬ ਬੋਲਿਆ, "ਇਹ ਦਰਅਸਲ ਨੀਲ ਗ੍ਰਹਿ ਦਾ ਵਾਸੀ ਮਾਨਵ ਹੈ ਜੋ ਆਦਿ ਜੁਗਾਦਿ ਤੋਂ ਅਸੰਤੁਸ਼ਟ ਹੈ...ਕਸੂਰ ਇਸ ਵਿਚਾਰੇ ਦਾ ਵੀ  ਨਹੀਂ ਦਰਅਸਲ ਇਹ ਕਾਇਨਾਤ ਦੀ ਅਸੰਤੁਸ਼ਟ ਕਾਮ ਵਾਸ਼ਨਾ 'ਚੋਂ ਪੈਦਾ ਹੋਇਆ ਹੈ ...ਇਸ ਲਈ ਅਸੰਤੁਸ਼ਟ ਜੰਮਦਾ ਹੈ ਤੇ ਅਸੰਤੁਸ਼ਟ ਹੀ ਮਰ ਜਾਂਦਾ ਹੈ। ਇਸੇ ਲਈ ਇਹ ਸਵਰਗ 'ਚ ਆ ਕੇ ਵੀ ਅਸੰਤੁਸ਼ਟ ਹੈ ਤੇ ਇਸ ਰੂਪ ਵਿੱਚ ਸਵਰਗ ਵੀ ਇਸ ਨੂੰ ਪ੍ਰਵਾਨ ਨਹੀਂ ਹੈ...ਕਿੰਨਾ ਅਭਾਗਾ ਹੈ ਮੇਰਾ ਇਹ ਬੱਚਾ!" ਕਹਿੰਦਿਆਂ ਰੱਬ ਉਦਾਸ ਹੋ ਗਿਆ। ਸਾਰੀ ਗੱਲ ਸੁਣ ਕੇ ਧਰਮਰਾਜ ਹੱਥ ਜੋੜ ਕੇ ਕਹਿਣ ਲੱਗਾ, "ਹਜ਼ੂਰ ਤੁਸੀਂ ਸਰਬਕਲਾ ਸਮਰੱਥ ਹੋ...ਕਰ ਦਿਉ ਸੰਤੁਸ਼ਟ ਵਿਚਾਰੇ ਨੂੰ!"

ਇਹ ਵੀ ਪੜ੍ਹੋ: ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

"ਨਹੀਂ ਧਰਮਰਾਜ ਹੁਣ ਇਹ ਨਹੀਂ ਹੋ ਸਕਦਾ...ਇਸ ਨੂੰ ਪੁੱਛੋ ਇਸ ਨੇ ਜੋ ਐਟਮ ਬੰਬ ਬਣਾਇਆ ਹੈ...ਜਦੋਂ ਇਹ ਉਸ ਬੰਬ ਨੂੰ ਚਲਾਉਂਦਾ ਹੈ ਤਾਂ ਉਹ ਇਸ ਦੇ ਵੱਸ ਵਿਚ ਵੀ ਨਹੀਂ ਰਹਿੰਦਾ...ਕਰਤਾ ਦੇ ਹੱਥੋਂ ਨਿਕਲੀ  ਕ੍ਰਿਤ ਕਰਤਾ ਦੇ ਵੱਸ ਵਿਚ ਵੀ ਨਹੀਂ ਰਹਿੰਦੀ...ਇਸ ਲਈ ਮੇਰੀ ਘੁਮਾਈ ਭੰਬੀਰੀ 'ਚੋਂ ਪੈਦਾ ਹੋਇਆ ਮਾਨਵ ਇਕ ਅਜਿਹਾ ਐਟਮ ਬੰਬ ਹੈ ਜੋ ਮੇਰੀ ਕਾਇਨਾਤ ਦੀ ਭੰਬੀਰੀ ਨੂੰ ਇਕ ਨਾ ਇਕ ਦਿਨ ਤਬਾਹ ਕਰ ਦੇਵੇਗਾ...ਹੁਣ ਗੱਲ ਮੇਰੇ ਵੱਸੋਂ ਬਾਹਰ ਹੈ...ਹੁਣ ਨਹੀਂ ਕੁਝ ਹੋ ਸਕਦਾ!" 

ਕਹਿੰਦਿਆਂ ਰੱਬ ਨੇ ਡੂੰਘਾ ਹਉਕਾ ਲਿਆ ਤੇ ਮੌਨ ਹੋ ਗਿਆ। ਸਾਰੀ ਸਭਾ ਵਿੱਚ ਚੁੱਪ ਵਰਤ ਗਈ ਤੇ ਧਰਮਰਾਜ ਸਮੇਤ ਸਵਰਗ ਦੇ ਸਾਰੇ ਕਰਮਚਾਰੀ ਉਦਾਸ ਪ੍ਰੇਸ਼ਾਨ ਹੋਏ ਇਕ ਇਕ ਕਰਕੇ ਰੱਬ ਦੇ ਦਫ਼ਤਰ 'ਚੋਂ ਬਾਹਰ ਨਿਕਲਣ ਲੱਗੇ। 

- ਡਾ.ਰਾਮ ਮੂਰਤੀ
 94174 49665

ਨੋਟ : ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ? ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

Harnek Seechewal

Content Editor

Related News