ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ

05/16/2022 5:57:09 PM

ਇਸ ਵਾਰ ਸ੍ਰੀ ਹੇਮਕੁੰਟ ਸਾਹਿਬ 22 ਮਈ ਦਿਨ ਐਤਵਾਰ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹ ਰਿਹਾ ਹੈ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਮੈਨੇਜਮੈਂਟ ਟਰੱਸਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 19 ਮਈ 2022 ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਪਹਿਲਾ ਜੱਥਾ ਰਵਾਨਾ ਹੋਵੇਗਾ। ਭਾਰਤੀ ਫੌਜ ਵੱਲੋਂ ਤਕਰੀਬਨ 15,200 ਫੁੱਟ ਦੀ ਉਚਾਈ ’ਤੇ ਇਸ ਤੀਰਥ ਸਥਾਨ ਲਈ ਬਰਫ ਹਟਾ ਕੇ ਸੰਗਤ ਲਈ ਰਸਤਾ ਤਿਆਰ ਕੀਤਾ ਗਿਆ ਹੈ। ਪਿਛਲੇ ਦੋ ਸਾਲ ’ਚ ਕੋਰੋਨਾ ਦਾ ਇਸ ਯਾਤਰਾ ’ਤੇ ਪ੍ਰਭਾਵ ਪਿਆ ਸੀ। ਤਕਰੀਬਨ ਪੰਜ ਮਹੀਨੇ ਚੱਲਣ ਵਾਲੀ ਇਹ ਯਾਤਰਾ ਕੁਝ ਕੁ ਦਿਨਾਂ ਲਈ ਚਲਾਈ ਗਈ ਸੀ।

ਸ੍ਰੀ ਹੇਮਕੁੰਟ ਸਾਹਿਬ ਜਾਣ ਲਈ ਪਹਿਲਾ ਪੜ੍ਹਾਅ ਰਿਸ਼ੀਕੇਸ਼ ਹੈ। ਰਿਸ਼ੀਕੇਸ਼ ਬਦਰੀਨਾਥ ਹਾਈਵੇ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਬਣਾਏ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਰਹਿਣ ਅਤੇ ਲੰਗਰ ਦੇ ਯੋਗ ਪ੍ਰਬੰਧ ਹਨ। ਡਿਸਪੈਂਸਰੀ ਵਿਚ ਲੋੜਵੰਦਾਂ ਲਈ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਹੈ। ਇਹ ਗੁਰਦੁਆਰਾ ਸਾਹਿਬ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਹੈ। ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਕਸਬਾ ਸ੍ਰੀਨਗਰ ਵਿੱਚ ਆਉਂਦਾ ਹੈ। ਇੱਥੇ ਵੀ ਸੰਗਤ ਦੇ ਰਹਿਣ ਅਤੇ ਖਾਣ ਪੀਣ ਲਈ ਯੋਗ ਪ੍ਰਬੰਧ ਹਨ। ਇਸ ਤੋਂ ਅੱਗੇ ਜੋਸ਼ੀ ਮੱਠ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਹੈ। ਇਥੋਂ ਤਕਰੀਬਨ ਵੀਹ ਕੁ ਕਿਲੋਮੀਟਰ ਅੱਗੇ ਗੁਰਦੁਆਰਾ ਗੋਬਿੰਦ ਘਾਟ ਹੈ। ਇੱਥੋਂ ਤਕ ਸੰਗਤ ਆਪਣੇ ਵਹੀਕਲ ਲਿਜਾ ਸਕਦੀ ਹੈ। ਗੋਬਿੰਦ ਘਾਟ ਤੋਂ ਅੱਗੇ ਤਕਰੀਬਨ ਪੰਜ ਕੁ ਕਿਲੋਮੀਟਰ ਤਕ ਸੜਕ ਬਣ ਚੁੱਕੀ ਹੈ, ਜਿੱਥੇ ਉੱਥੋਂ ਦੀਆਂ ਗੱਡੀਆਂ ਚੱਲਦੀਆਂ ਹਨ, ਜੋ ਇਕ ਸਵਾਰੀ ਤੋਂ ਪੱਚੀ ਤੋਂ ਤੀਹ ਰੁਪਏ ਕਿਰਾਇਆ ਵਸੂਲ ਦੇ ਹਨ। ਅਗਰ ਚਾਹੁਣ ਤਾਂ ਮੋਟਰਸਾਈਕਲ ਵਾਲੇ ਯਾਤਰੀ ਇੱਥੇ ਤਕ ਆਪਣੇ ਮੋਟਰਸਾਈਕਲ ਲਿਆ ਸਕਦੇ ਹਨ। 

ਗੋਬਿੰਦਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਤਕਰੀਬਨ ਤੇਰਾਂ ਚੌਦਾਂ ਕਿਲੋਮੀਟਰ ਪੈਦਲ ਚੜ੍ਹਾਈ ਹੈ। ਗੁਰਦੁਆਰਾ ਗੋਬਿੰਦਘਾਟ ਤੋਂ ਪੈਦਲ ਜਾਣ ਵਾਲੇ ਯਾਤਰੀ ਗੁਰਦੁਆਰਾ ਗੋਬਿੰਦ ਧਾਮ ਵਿਖੇ ਰਾਤ ਨੂੰ ਵਿਸ਼ਰਾਮ ਕਰਦੇ ਹਨ ਅਤੇ ਅਗਲੇ ਦਿਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਵਾਪਸ ਫਿਰ ਗੋਬਿੰਦ ਧਾਮ ਵਿਖੇ ਰਾਤ ਠਹਿਰਦੇ ਹਨ। ਗੁਰਦੁਆਰਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਦੂਰੀ ਤਕਰੀਬਨ ਛੇ ਕਿਲੋਮੀਟਰ ਹੈ। ਇਹ ਚੜ੍ਹਾਈ ਕਾਫ਼ੀ ਤਿੱਖੀ ਹੈ। ਅੱਗੇ ਜਾ ਕੇ ਇਕ ਰਸਤਾ ਪੌੜੀਆਂ ਵਾਲਾ ਅਤੇ ਇਕ ਪਲੇਨ ਆਉਂਦਾ ਹੈ। ਸੰਗਤ ਆਪਣੀ ਮਰਜ਼ੀ ਅਨੁਸਾਰ ਦੋਵਾਂ ਵਿਚੋਂ ਕੋਈ ਇੱਕ ਰਸਤਾ ਚੁੱਣਦੀ ਹੈ। ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਪਹਿਲਾਂ ਇਸ਼ਨਾਨ ਕੀਤਾ ਜਾਂਦਾ ਹੈ। ਇਸ਼ਨਾਨ ਕਰਨ ਸਾਰ ਹੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਫਿਰ ਦਰਬਾਰ ਸਾਹਿਬ ਵਿੱਚ ਜਾ ਕੇ ਸੰਗਤ ਨਤਮਸਤਕ ਹੁੰਦੀ ਹੈ। ਇੱਥੇ ਸਵੇਰੇ ਦਸ ਅਤੇ ਫਿਰ ਦੁਪਹਿਰ ਸਾਢੇ ਬਾਰਾਂ ਵਜੇ ਅਰਦਾਸ ਕੀਤੀ ਜਾਂਦੀ ਹੈ। ਇੱਥੇ ਸੰਗਤ ਨੂੰ ਬਹੁਤੀ ਦੇਰ ਰੁਕਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਚਾਈ ਹੋਣ ਕਾਰਨ ਆਕਸੀਜਨ ਦੀ ਘਾਟ ਮਹਿਸੂਸ ਹੁੰਦੀ ਹੈ। ਗੁਰਦੁਆਰਾ ਗੋਬਿੰਦ ਘਾਟ ਤੋਂ ਹੈਲੀਕਾਪਟਰ ਚਲਦਾ ਹੈ, ਜੋ ਗੁਰਦੁਆਰਾ ਗੋਬਿੰਦਧਾਮ ਤੋਂ ਤਕਰੀਬਨ 3 ਕਿਲੋਮੀਟਰ ਪਹਿਲਾਂ ਬਣੇ ਹੈਲੀਪੈਡ ਤੇ ਉਤਰਦਾ ਹੈ। ਇਸ ਤੋਂ ਬਿਨਾਂ ਖੱਚਰ ਘੋੜੇ ਦੀ ਸਵਾਰੀ ਆਮ ਮਿਲਦੀ ਹੈ ।

ਸ੍ਰੀ ਹੇਮਕੁੰਟ ਸਾਹਿਬ ਦਾ ਸਬੰਧ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ। ਸ੍ਰੀ ਹੇਮਕੁੰਟ ਸਾਹਿਬ ਦਾ ਜ਼ਿਕਰ ਦਸਮ ਗ੍ਰੰਥ ਵਿੱਚ ਮਿਲਦਾ ਹੈ। ਇਸ ਅਸਥਾਨ ਦੀ ਖੋਜ ਸੰਤ ਸੋਹਣ ਸਿੰਘ ਜੀ ਨੇ ਕੀਤੀ ਸੀ, ਜੋ ਟੀਹਰੀ ਗੜਵਾਲ ਵਿੱਚ ਸੰਗਤਾਂ ਨੂੰ ਪ੍ਰਵਚਨ ਸੁਣਾਇਆ ਕਰਦੇ ਸਨ। ਸੋਹਣ ਸਿੰਘ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ। ਉਨ੍ਹਾਂ ਨੇ ਇਸ ਅਸਥਾਨ ਨੂੰ ਲੱਭਣ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ। ਉਹ ਸਥਾਨਕ ਲੋਕਾਂ ਅਤੇ ਸਾਧੂ ਸੰਤਾਂ ਤੋਂ ਇਸ ਸੰਬੰਧੀ ਜਾਣਕਾਰੀ ਇਕੱਠੀ ਕਰਨ ਲੱਗੇ। ਫਿਰ ਉਹ ਇੱਕ ਦਿਨ ਬਦਰੀਨਾਥ ਪਹੁੰਚੇ ਉਥੋਂ ਵਾਪਸ ਆਉਂਦੇ ਸਮੇਂ ਪਾਂਡੂਕੇਸ਼ਵਰ ਰੁਕੇ। ਉੱਥੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਂਡੂਕੇਸ਼ਵਰ ਨੂੰ ਰਾਜਾ ਪਾਂਡੂ ਦੀ ਤਪ ਭੂਮੀ ਹੋਣ ਕਰਕੇ ਪਾਂਡੂਕੇਸ਼ਵਰ ਕਿਹਾ ਜਾਂਦਾ ਹੈ। ਸਵੇਰੇ ਕੁਝ ਲੋਕ ਇਕੱਠੇ ਹੋ ਕੇ ਕਿਤੇ ਜਾ ਰਹੇ ਸਨ ਪੁੱਛਣ ’ਤੇ ਪਤਾ ਲੱਗਿਆ ਕਿ ਇਹ ਲੋਕ ਹੇਮਕੁੰਟ ਲੋਕਪਾਲ ਤੀਰਥ ਵਿੱਚ ਇਸ਼ਨਾਨ ਕਰਨ ਜਾ ਰਹੇ ਹਨ। ਸੰਤ ਜੀ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਪਏ। ਸੰਨ 1934 ਤਕ ਅਲਕਨੰਦਾ ਨਦੀ ਦੇ ਉੱਤੇ ਕੋਈ ਪੁਲ ਨਹੀਂ ਸੀ ਬਣਿਆ। ਲੋਕ ਇਕ ਰੱਸੀ ਦੇ ਸਹਾਰੇ ਨਦੀ ਪਾਰ ਕਰਦੇ ਸਨ। ਬਾਕੀ ਯਾਤਰੀਆਂ ਦੇ ਨਾਲ ਸੰਤ ਜੀ ਰਾਤ ਪੈਣ ਤਕ ਘਾਗਰੀਆ ਪਹੁੰਚੇ, ਜਿਸ ਨੂੰ ਗੋਬਿੰਦਧਾਮ ਦਾ ਨਾਮ ਦਿੱਤਾ ਗਿਆ ਹੈ। ਅਗਲੇ ਦਿਨ ਹੇਮਕੁੰਟ ਸਾਹਿਬ ਪਹੁੰਚੇ, ਉਥੇ ਪਹੁੰਚਦੇ ਹੀ ਸੰਤ ਜੀ ਨੂੰ ਸੱਤ ਚੋਟੀਆਂ ਵਾਲਾ ਪਰਬਤ ਸਪਤ ਸ੍ਰਿੰਗ ਦਿਖਾਈ ਦਿੱਤਾ। ਜਿੱਥੇ ਗੁਰੂ ਗੋਬਿੰਦ ਸਿੰਘ ਨੇ ਪਿਛਲੇ ਜਨਮ ਵਿਚ ਤਪੱਸਿਆ ਕੀਤੀ ਸੀ ਅਤੇ ਜਿਸ ਦਾ ਜ਼ਿਕਰ ਦਸਮ ਗ੍ਰੰਥ ਵਿੱਚ ਮਿਲਦਾ ਹੈ। 

ਕਿਹਾ ਜਾਂਦਾ ਹੈ ਕਿ ਸੰਤ ਜੀ ਨੇ ਅਰਦਾਸ ਕੀਤੀ ਕਿ ਮੈਂ ਪ੍ਰਭੂ ਆਪ ਜੀ ਦੀ ਕਿਰਪਾ ਨਾਲ ਤਪੋ ਭੂਮੀ ਤੱਕ ਤਾਂ ਆ ਗਿਆ ਹਾਂ ਹੁਣ ਕਿਰਪਾ ਕਰਕੇ ਮੈਨੂੰ ਉਸ ਥਾਂ ਦੇ ਦਰਸ਼ਨ ਵੀ ਕਰਵਾਓ, ਜਿੱਥੇ ਤਪੱਸਿਆ ਕਰਕੇ ਆਪ ਜੀ ਪ੍ਰਭੂ ਵਿਚ ਲੀਨ ਹੋ ਗਏ। ਜਿਵੇਂ ਸੰਤ ਜੀ ਨੇ ਅਰਦਾਸ ਕੀਤੀ ਤਾਂ ਇਕ ਸਾਧੂ ਜਿਸ ਦੀਆਂ ਕਮਰ ਤੱਕ ਜਟਾਂ, ਨਾਭੀ ਤਕ ਦਾੜ੍ਹੀ ਸੀ ਪਰਗਟ ਹੋ ਕੇ ਬੋਲਿਆ ਖ਼ਾਲਸਾ ਜੀ ਕਿਸ ਨੂੰ ਲੱਭ ਰਹੇ ਹੋ.... ਤਾਂ ਸੰਤ ਜੀ ਬੋਲੇ... ਕਿ ਮੈਂ ਆਪਣੇ ਗੁਰੂ ਦਾ ਸਥਾਨ ਲੱਭ ਰਿਹਾ ਹਾਂ। ਸਾਧੂ ਨੇ ਕਿਹਾ ਕਿ ਇਹ ਉਹੀ ਸਿਲਾ ਹੈ, ਜਿਸ ’ਤੇ ਬੈਠ ਕੇ ਗੁਰੂ ਜੀ ਤਪੱਸਿਆ ਕਰਦੇ ਸਨ, ਇੰਨਾ ਕਹਿ ਕੇ ਯੋਗੀ ਅਲੋਪ ਹੋ ਗਿਆ। ਫਿਰ ਸੰਤ ਜੀ ਵਾਪਸ ਆ ਗਏ। ਕੁਝ ਦਿਨਾਂ ਬਾਅਦ ਸੰਤ ਜੀ ਨੇ ਅੰਮ੍ਰਿਤਸਰ ਜਾ ਕੇ ਭਾਈ ਵੀਰ ਸਿੰਘ ਜੀ ਨੂੰ ਸਾਰੀ ਗੱਲ ਦੱਸੀ। ਇਹ ਸੁਣ ਕੇ ਭਾਈ ਵੀਰ ਸਿੰਘ ਜੀ ਬਹੁਤ ਖੁਸ਼ ਹੋਏ ਅਤੇ ਸੰਤ ਜੀ ਨੂੰ ਕਿਹਾ ਕਿ ਉਹ ਓਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ। ਸੰਤ ਜੀ ਦੀ ਸਖ਼ਤ ਮਿਹਨਤ ਨਾਲ 1936 ਵਿੱਚ ਇੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋਇਆ। 1937 ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ। ਗੁਰਦੁਆਰਾ ਗੋਬਿੰਦ ਧਾਮ ਵਿਖੇ ਅੱਜ ਉਹ ਦਰੱਖ਼ਤ ਮੌਜੂਦ ਹੈ, ਜਿਸ ਵਿੱਚ ਬੈਠ ਕੇ ਸੰਤ ਜੀ ਰਾਤ ਕੱਟਿਆ ਕਰਦੇ ਸਨ ਅਤੇ ਦਿਨ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਪ੍ਰਬੰਧ ਕਰਦੇ ਸਨ। ਕਈ ਦਿਨ ਦੇ ਸਫਰ ਅਤੇ ਪੈਦਲ ਯਾਤਰਾ ਤੋਂ ਬਾਅਦ ਜਦੋਂ ਸ਼ਰਧਾਲੂ ਜਿਵੇਂ ਸ੍ਰੀ ਹੇਮਕੁੰਟ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਸਰੋਵਰ ਦੇ ਆਲੇ ਦੁਆਲੇ ਉੱਚੀਆਂ ਸੱਤ ਚੋਟੀਆਂ ’ਤੇ ਖ਼ਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਦਿਖਾਈ ਦਿੰਦੇ ਹਨ। ਇਸ ਸਰੋਵਰ ਵਿੱਚੋਂ ਲਿਆਂਦਾ ਜਲ ਕਦੇ ਖ਼ਰਾਬ ਨਹੀਂ ਹੁੰਦਾ। ਸ੍ਰੀ ਹੇਮਕੁੰਟ ਸਾਹਿਬ ਵਿਚ ਸ਼ਰਧਾ ਰੱਖਣ ਵਾਲੇ ਸ਼ਰਧਾਲੂ ਕਈ ਔਕੜਾਂ ਮੁਸੀਬਤਾਂ ਝੱਲ ਕੇ ਦਰਸ਼ਨ ਕਰਨ ਜਾਂਦੇ ਹਨ।

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਪ੍ਰਤੀ ਬੇਨਤੀ ਹੈ ਕਿ ਯਾਤਰਾ ਸ਼ਰਧਾ ਨਾਲ ਕੀਤੀ ਜਾਵੇ। ਪਲਾਸਟਿਕ ਦੇ ਲਿਫਾਫੇ ਜਾਂ ਹੋਰ ਸੁੱਟਣਯੋਗ ਸਾਮਾਨ ਡਸਟਬਿਨਾਂ ਵਿਚ ਸੁੱਟਿਆ ਜਾਵੇ। ਸਾਫ਼ ਸੁਥਰੇ ਵਾਤਾਵਰਨ ਨੂੰ ਗੰਧਲਾ ਨਾ ਕੀਤਾ ਜਾਵੇ। ਉੱਥੋਂ ਦੇ ਲੋਕਾਂ ਨਾਲ ਲੜਾਈ ਝਗੜਾ ਨਾ ਕੀਤਾ ਜਾਵੇ ਜੋ ਵੀ ਵਸਤੂ ਲੈਣੀ ਹੈ, ਉਸ ਦਾ ਰੇਟ ਤੈਅ ਕਰ ਲਿਆ ਜਾਵੇ। ਇਸ ਮਹਾਨ ਤੀਰਥ ਦੀ ਯਾਤਰਾਂ ‘ਤੇ ਜਾ ਕੇ ਆਪਾਂ ਸਾਰੇ ਆਪਣੀ ਸਮਝ-ਬੂਝ ਦਾ ਪ੍ਰਮਾਣ ਦੇਈਏ ਅਤੇ ਰਸਤੇ ਵਿੱਚ ਜਾਂਦੇ ਸਮੇਂ ਕਿਸੇ ਪ੍ਰਕਾਰ ਦੀ ਹੁੱਲੜਬਾਜ਼ੀ ਨਾ ਕਰੀਏ, ਕਿਉਂਕਿ ਕੁੱਝ ਸ਼ਰਾਰਤੀ ਲੋਕਾਂ ਕਰਕੇ ਸਾਰੀਆਂ ਸੰਗਤਾਂ ਨੂੰ ਕਈਂ ਵਾਰ ਮੁਸ਼ਕਲਾਂ ਦਾ ਸਾਹਮਾਣਾ ਕਰਨਾ ਪੈ ਜਾਂਦਾ ਹੈ।

ਧੰਨਵਾਦ
ਬਲਜਿੰਦਰ ਸਿੰਘ ਪਨਾਗ
ਬੂਲ੍ਹੇਪੁਰ-ਖੰਨਾ।
ਸੰਪਰਕ-78148-91464
 


rajwinder kaur

Content Editor

Related News