15 ਅਗਸਤ ’ਤੇ ਵਿਸ਼ੇਸ਼ : ਭਾਰਤ ਦੇ ਮਾਣ ਦਾ ਪ੍ਰਤੀਕ ਰਾਸ਼ਟਰੀ ਤਿਉਹਾਰ ‘ਆਜ਼ਾਦੀ ਦਿਵਸ’

Thursday, Aug 15, 2024 - 06:41 AM (IST)

ਜਲੰਧਰ- 15 ਅਗਸਤ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਤਿਉਹਾਰ ਆਜ਼ਾਦੀ ਦਿਵਸ ਬ੍ਰਿਟਿਸ਼ ਰਾਜ ਤੋਂ ਮੁਕਤੀ ਦਾ ਪ੍ਰਤੀਕ ਹੈ। ਅੰਗਰੇਜ਼ਾਂ ਦੀ ਲਗਭਗ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੇ ਉਨ੍ਹਾਂ ਨੂੰ ਇਸੇ ਦਿਨ 1947 ’ਚ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ 15 ਅਗਸਤ ਨੂੰ ਨਵੀਂ ਦਿੱਲੀ ’ਚ ਲਾਲ ਕਿਲੇ ਤੋਂ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਆਉਣ ਵਾਲੇ ਸਾਲਾਂ ’ਚ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦਿੰਦੇ  ਅਤੇ  ਸੱਭਿਆਚਾਰਕ ਪ੍ਰੋਗਰਾਮ ਦਾ ਨਿਰੀਖਣ ਕਰ ਕੇ ਭਾਰਤੀ ਵੀਰ ਫੌਜੀਆਂ ਤੋਂ ਸਲਾਮੀ ਲੈਂਦੇ ਹਨ।
ਇਸ 78ਵੇਂ ਆਜ਼ਾਦੀ ਦਿਵਸ ਦਾ ਥੀਮ ‘ਵਿਕਸਤ ਭਾਰਤ’ ਹੈ, ਜੋ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ’ਚ ਬਦਲਣ ਦੇ ਸਰਕਾਰ ਦੇ ਨਜ਼ਰੀਏ ਅਨੁਸਾਰ ਹੈ।
ਆਜ਼ਾਦੀ ਲਈ 1857 ਤੋਂ 1947 ਵਿਚਕਾਰ ਜਿੰਨੇ ਵੀ ਯਤਨ ਹੋਏ, ਉਨ੍ਹਾਂ ਵਿਚ ਆਜ਼ਾਦੀ ਦਾ ਸੁਪਨਾ ਸਜਾਏ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਦੀ ਮੌਜੂਦਗੀ ਸਭ ਤੋਂ ਵੱਧ ਪ੍ਰੇਰਣਾਦਾਇਕ ਸਿੱਧ ਹੋਈ। ਅਸਲ ’ਚ ਭਾਰਤੀ ਇਨਕਲਾਬੀ ਅੰਦੋਲਨ ਭਾਰਤੀ ਇਤਿਹਾਸ ਦਾ ਸੁਨਹਿਰਾ ਯੁੱਗ ਹੈ।
 ਭਾਰਤ ਦੀ ਧਰਤੀ ’ਤੇ ਜਿੰਨੀ ਦੇਸ਼ ਭਗਤੀ ਦੀ ਭਾਵਨਾ ਉਸ ਯੁੱਗ ’ਚ ਸੀ, ਓਨੀ ਕਦੇ ਨਹੀਂ ਰਹੀ। ਮਾਤ-ਭੂਮੀ ਦੀ ਸੇਵਾ ਅਤੇ ਉਸ ਲਈ ਮਰ-ਮਿਟਣ ਦੀ ਭਾਵਨਾ ਦੀ ਅੱਜ ਬੇਹੱਦ ਘਾਟ ਹੈ।
ਭਾਰਤ ਦੀ ਆਜ਼ਾਦੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ’ਚੋਂ ਇਕ ਹੈ। ਇਹ ਬ੍ਰਿਟਿਸ਼ ਸ਼ਾਸਨ ਵਿਰੁੱਧ ਇਕ ਲੰਬੀ ਅਤੇ ਔਖੀ ਲੜਾਈ ਦਾ ਅੰਤ ਸੀ। ਇਹ ਇਕ ਮਹਾਨ ਗਾਥਾ ਹੈ ਕਿ ਕਿਵੇਂ ਭਾਰਤੀ ਲੋਕਾਂ ਨੇ ਸਖਤ ਬ੍ਰਿਟਿਸ਼ ਸ਼ਾਸਨ ਨਾਲ ਆਪਣੇ ਅਧਿਕਾਰਾਂ, ਸੱਭਿਆਚਾਰ ਅਤੇ ਪਛਾਣ ਲਈ ਲੜਾਈ ਲੜੀ।
ਜ਼ਾਲਮ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਧਰਮ ਦੇ ਆਧਾਰ ’ਤੇ ਵੰਡ ਕੇ ਇਸ ਦੇ 2 ਟੁਕੜੇ ਕਰ ਦਿੱਤੇ, ਜਿਸ ਵਿਚ ਭਾਰਤ ਅਤੇ ਪਾਕਿਸਤਾਨ ਬਣਿਆ।
ਪੰਜਾਬ ਸਮੇਤ ਬੰਗਾਲ ਅਤੇ ਬਿਹਾਰ ’ਚ ਸੰਪ੍ਰਦਾਇਕ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ ਅਤੇ ਨਵੀਆਂ ਹੱਦਾਂ ਦੇ ਦੋਵਾਂ ਪਾਸੇ ਲੱਗਭਗ 10 ਲੱਖ ਲੋਕ ਮਾਰੇ ਗਏ। ਵੰਡ ਕਾਰਨ ਮਨੁੱਖ ਜਾਤੀ ਦੇ ਇਤਿਹਾਸ ’ਚ ਇੰਨੀ ਜ਼ਿਆਦਾ ਗਿਣਤੀ ’ਚ ਲੋਕਾਂ ਦਾ ਉਜਾੜਾ ਕਦੇ ਨਹੀਂ ਹੋਇਆ। ਇਹ ਗਿਣਤੀ ਲੱਗਭਗ 1.50 ਕਰੋੜ ਸੀ।
1929 ਦੇ ਲਾਹੌਰ ਸੈਸ਼ਨ ’ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਐਲਾਨ ਕੀਤਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ’ਚ ਐਲਾਨ ਕੀਤਾ। 1947 ’ਚ ਅਸਲ ਆਜ਼ਾਦੀ ਤੋਂ ਬਾਅਦ ਭਾਰਤ ਦਾ ਸੰਵਿਧਾਨ 26 ਜਨਵਰੀ, 1950 ਨੂੰ  ਪ੍ਰਭਾਵ ’ਚ ਆਇਆ, ਉਸ ਦੇ ਬਾਅਦ ਤੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਕਈ ਬਹਾਦਰ ਆਜ਼ਾਦੀ ਘੁਲਾਟੀਏ ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਰਾਮ ਪ੍ਰਸਾਦ ਬਿਸਮਿਲ,  ਮੰਗਲ ਪਾਂਡੇ, ਊਧਮ ਸਿੰਘ, ਲਾਲਾ ਲਾਜਪਤਰਾਏ, ਰਾਸ ਬਿਹਾਰੀ ਬੋਸ, ਚਾਫੇਕਰ ਭਰਾ, ਮਦਨ ਲਾਲ ਢੀਂਗਰਾ, ਭਗਵਤੀ ਚਰਨ ਵੋਹਰਾ, ਕਰਤਾਰ ਸਿੰਘ ਸਰਾਭਾ, ਬਾਲ ਗੰਗਾਧਰ ਤਿਲਕ ਅਤੇ ਕਈ ਹੋਰਾਂ ਦੇ ਯੋਗਦਾਨ ਦੇ ਬਿਨਾਂ ਆਜ਼ਾਦੀ ਸੰਭਵ ਨਹੀਂ ਸੀ।
ਆਜ਼ਾਦੀ ਅੰਦੋਲਨ  ਦੌਰਾਨ ਮਰਦਾਂ ਤੋਂ ਇਲਾਵਾ ਕਈ ਔਰਤਾਂ ਸੁਸ਼ੀਲਾ ਦੀਦੀ, ਕ੍ਰਾਂਤੀਕਾਰੀ ਦੁਰਗਾ ਭਾਭੀ, ਭੈਣ ਸੱਤਿਆਵਤੀ ਸਾਵਿਤ੍ਰੀਬਾਈ ਫੂਲੇ, ਮਹਾਦੇਵੀ ਵਰਮਾ, ਕੈਪਟਨ ਲਕਸ਼ਮੀ ਸਹਿਗਲ, ਰਾਣੀ ਲਕਸ਼ਮੀਬਾਈ ਅਤੇ ਬਸੰਤੀ ਦੇਵੀ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਇਨ੍ਹਾਂ ਤੋਂ ਇਲਾਵਾ ਅਜਿਹੇ ਕਈ ਗੁੰਮਨਾਮ ਨਾਇਕ ਹਨ, ਜਿਨ੍ਹਾਂ ਨੇ ਆਜ਼ਾਦੀ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਉਨ੍ਹਾਂ ਦਾ ਕਿਤੇ ਵੀ ਨਾਂ ਨਹੀਂ ਹੈ। ਜਿਨ੍ਹਾਂ ਸ਼ਹੀਦਾਂ  ਦੇ ਯਤਨਾਂ ਤੇ ਤਿਆਗ ਸਦਕਾ ਸਾਨੂੰ ਆਜ਼ਾਦੀ ਮਿਲੀ, ਉਨ੍ਹਾਂ ਨੂੰ ਸਹੀ ਸਨਮਾਨ ਨਹੀਂ ਮਿਲਿਆ, ਸਗੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਆਧੁਨਿਕ ਆਗੂਆਂ ਨੇ ਕ੍ਰਾਂਤੀਕਾਰੀ ਅੰਦੋਲਨ ਨੂੰ  ਹਮੇਸ਼ਾ ਦਬਾਉਂਦੇ  ਹੋਏ ਉਸ ਨੂੰ ਇਤਿਹਾਸ ’ਚ ਘੱਟ ਮਹੱਤਵ ਦਿੱਤਾ ਅਤੇ ਕਈ ਥਾਵਾਂ ’ਤੇ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇਹ ਸ਼ਬਦ ਉਨ੍ਹਾਂ ’ਤੇ ਲਾਗੂ ਹੁੰਦੇ ਹਨ :
‘‘ਉਨਕੀ ਤੁਰਬਤ ਪਰ ਨਹੀਂ ਹੈ ਏਕ ਭੀ ਦੀਆ, ਜਿਨਕੇ ਖੂਨ ਸੇ ਜਲਤੇ ਹੈਂ ਯੇ ਚਿਰਾਗੇ ਵਤਨ।
ਜਗਮਗਾ ਰਹੇ ਹੈਂ  ਮਕਬਰੇ ਉਨਕੇ, ਬੇਚਾ ਕਰਦੇ ਥੇ ਜੋ ਸ਼ਹੀਦੋਂਂ ਕੇ ਕਫਨ।
 -ਸੁਰੇਸ਼ ਕੁਮਾਰ ਗੋਇਲ, ਬਟਾਲਾ


Sunaina

Content Editor

Related News