ਕਵਿਤਾ ਖਿੜਕੀ 'ਚ ਪੜ੍ਹੋ ਵਰਤਮਾਨ ਹਾਲਾਤ 'ਤੇ ਵਿਅੰਗ ਕਰਦੀਆਂ ਕਵਿਤਾਵਾਂ

Wednesday, Oct 19, 2022 - 07:08 PM (IST)

ਕਵਿਤਾ ਖਿੜਕੀ 'ਚ ਪੜ੍ਹੋ ਵਰਤਮਾਨ ਹਾਲਾਤ 'ਤੇ ਵਿਅੰਗ ਕਰਦੀਆਂ ਕਵਿਤਾਵਾਂ

ਸਮਾਂ
ਸਮਾਂ ਬੀਤਦਾਂ ਗਿਆ
ਲੋਕ ਬਦਲਦੇ ਗਏ
ਸਮਾਂ ਬੀਤਦਾ ਗਿਆ
ਲੋਕ ਬਦਲਦੇ ਗਏ

ਕੁਝ ਨਾਲ ਆਉਂਦੇ ਰਹੇ
ਕੁਝ ਸਾਥ ਛੱਡਦੇ ਗਏ
ਸਮਾਂ ਬੀਤਦਾ ਗਿਆ
ਲੋਕ ਬਦਲਦੇ ਗਏ
ਪਰ ਮੈਂ ਉਥੇ ਹੀ ਸੀ
ਮੇਰੀ ਮੰਜ਼ਿਲ ਓਹੀ ਸੀ
ਸੁਫ਼ਨੇ ਓਹੀ ਸੀ
ਰਸਤੇ ਓਹੀ ਸੀ
ਬਸ ਇੱਕ ਆਪਣੇ ਹੀ ਨਾਲ ਨਹੀਂ ਸੀ
ਸਮਾਂ ਬੀਤਦਾ ਗਿਆ
ਲੋਕ ਬਦਲਦੇ ਗਏ


ਮੈਂ ਚੱਲਦੀ ਰਹੀਂ ਆਪਣੀ ਰਾਹ 'ਤੇ
ਮੰਜ਼ਿਲ ਪਾਉਣ ਦੀ ਚਾਹ ਵਿੱਚ
ਹਮਸਾਥੀ ਕੋਈ ਨਹੀਂ ਸੀ
ਬਸ ਨਾਲ ਸੀ ਸਾਇਆ ਮੇਰਾ
ਸਮਾਂ ਬੀਤਦਾ ਗਿਆ
ਲੋਕ ਬਦਲਦੇ ਗਏ
ਜ਼ਿੰਦਗੀ ਆਪਣੀ ਰਫ਼ਤਾਰ ਤੇਜ਼ ਕਰਦੀ ਗਈ
ਪਰ ਮੈਂ ਆਪਣੀ ਰਫ਼ਤਾਰ ਵਿੱਚ ਚਲਦੀ ਗਈ
ਕਦੋਂ ਸਾਥ ਛੱਡ ਗਈ ਇਹ ਜ਼ਿੰਦਗੀ ਪਤਾ ਹੀ ਨਾਲ ਚੱਲਿਆ
ਸਮਾਂ ਬੀਤਦਾ ਗਿਆ
ਲੋਕ ਬਦਲਦੇ ਗਏ।

ਰਚਨਾ
----------------------------------
ਬਦਲਾਅ ਦੀ ਰਾਜਨੀਤੀ 

ਬਦਲਾਅ ਬਦਲਾਅ ਕਰਦੇ ਸੀ ਨਾ ਦਿੱਸਦਾ 
ਦੱਸੋ ਕਿੱਥੇ ਆਇਆ ਬਦਲਾਅ ਵੇ ਲੋਕੋ 

ਨਸ਼ਿਆ ਦੀ ਦਲਦਲ ਵਿੱਚ ਫਸੀ ਜਵਾਨੀ
 ਜਿੰਦਗੀ ਲੱਗਦੀ ਦਾਅ ਵੇ ਲੋਕੋ 

ਰੇਤਾ ਬੱਜਰੀ ਚੜੇ ਰੇਟ ਅਸਮਾਨੀ 
ਹੁਣ ਦੱਸੋ ਕੌਣ ਵਿਚੋਲਾ ਰਿਹਾ ਖਾ ਵੇ ਲੋਕੋ 

ਨਾ ਰੁਕੀ ਰਿਸ਼ਵਤਖੋਰੀ,ਭ੍ਰਿਸ਼ਟਾਚਾਰੀ ਭਾਵੇਂ 
ਸਰਕਾਰਾਂ ਦਿੱਤੇ ਨੰਬਰ ਚਲਾ ਵੇ ਲੋਕੋ 

ਬਿਨ ਪੈਸੇ ਸਰਕਾਰੀ ਬਾਬੂ ਕੰਮ ਨਾ ਕਰਦੇ 
15,15 ਗੇੜੇ ਦਿੰਦੇ ਮਰਵਾ ਵੇ ਲੋਕੋ 

ਨਾ ਸੜਕ ਬਣੀ ਨਾ ਸਕੂਲੀ ਇਮਾਰਤ 
ਗੱਲਾਂ ਵਿੱਚ ਛੇ ਮਹੀਨੇ ਦਿੱਤੇ ਟਪਾ ਵੇ ਲੋਕੋ 

ਮਿੱਠੇ ਭਾਸ਼ਣਾਂ ਨਾਲ ਕਦ ਹੋਏ ਤਰੱਕੀ 
ਐਵੇਂ ਲੀਡਰ ਕਰਨ ਗੱਲਾਂ ਦਾ ਕੜਾਹ ਵੇ ਲੋਕੋ 

ਉਹੀ ਟੈਂਕੀਆਂ ਉਵੇਂ ਧਰਨੇ ਹੁੰਦਾ ਲਾਠੀਚਾਰਜ 
ਲੀਡਰਾਂ ਪੱਗਾ ਦੇ ਰੰਗ ਲਏ ਵਟਾ ਵੇ ਲੋਕੋ 

ਮਾੜੇ ਬੀਜ ਗੁਲਾਬੀ ਸੁੰਡੀਆਂ ਘਟੀਆਂ ਕੀਟਨਾਸ਼ਕ 
ਬੰਦੇ ਨੂੰ ਜਾਂਦੇ ਖਾ ਵੇ ਲੋਕੋ 

ਸਿਰ ਕਰਜਾ ਸਲਫਾਸ ਹੱਥਾਂ 'ਚ ਘਰ ਧੀਆਂ ਮੁਟਿਆਰਾਂ 
ਦੱਸੋ ਕਾਹਦੇ ਚਾਅ ਵੇ ਲੋਕੋ 

ਬੁਰਜ ਵਾਲਿਆ ਸੰਧੂਆਂ ਲੋਕਾਂ ਦੀ ਹਾਲ ਦੁਹਾਈ 
ਲੀਡਰਾਂ ਦੇ ਸਿਰ ਖੇਹ ਸਵਾਹ ਵੇ ਲੋਕੋ 

ਬਲਤੇਜ ਸੰਧੂ
--------------------------

ਸੰਘਰਸ਼ਾਂ ਦੇ ਪੈਂਡੇ 

ਅਸੀਂ ਕਿੱਦਾਂ ਪੁੱਜੇ ਮੰਜ਼ਿਲਾਂ 'ਤੇ , ਇਹ ਰਾਹਵਾਂ ਜਾਣਦੀਆਂ 
ਸਾਨੂੰ ਕਿੱਦਾਂ ਸਾੜਿਆ ਧੁੱਪਾਂ ਨੇ , ਇਹ ਛਾਂਵਾਂ ਜਾਣਦੀਆਂ 

ਐਵੇਂ ਨਹੀਓਂ ਦੁਨੀਆ 'ਤੇ ਅੱਜ ,ਬੱਲੇ ਬੱਲੇ ਹੁੰਦੀ ਆ 
ਅਸੀਂ ਡੋਲ੍ਹਿਆ ਮੁੜ੍ਹਕਾ ਜੁੱਸਿਆਂ ਚੋਂ, ਇਹ ਥਾਵਾਂ ਜਾਣਦੀਆਂ 

ਕਿੰਝ ਤਰੱਕੀਆਂ ਆਈਆਂ ਪਾ ਕੇ,ਚੂੜਾ ਸਾਡੇ ਵਿਹੜਿਆਂ ਨੂੰ 
ਨਾਲ ਮਿਹਨਤਾਂ ਲਈਆਂ ਇਹ ਤਾਂ , ਲਾਵਾਂ ਜਾਣਦੀਆਂ 


ਅਸੀਂ ਕਿਵੇਂ ਚੱਟਾਨਾਂ ਬਣਕੇ ਮੱਥੇ ,ਲਾਏ ਨਾਲ ਤੂਫਾਨਾਂ ਦੇ 
ਕਿੰਝ ਹਿੰਮਤਾਂ ਸਾਡੀਆਂ ਲੜੀਆਂ,ਤੇਜ਼ ਹਵਾਂਵਾਂ ਜਾਣਦੀਆਂ 

ਅਸੀਂ ਕਿੰਝ ਗੁਜਾਰੇ ਕੀਤੇ ,ਲੜਕੇ ਨਾਲ ਗ਼ਰੀਬੀਆਂ ਦੇ 
ਇਹ ਤਾਂ ਡਾਣਸੀਵਾਲੀਆ ਸਾਡੀਆਂ, ਮਾਵਾਂ ਜਾਣਦੀਆਂ 

ਕੁਲਵੀਰ ਸਿੰਘ ਡਾਨਸੀਵਾਲ
-
 


author

Harnek Seechewal

Content Editor

Related News