ਗਰੀਬ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ..!
Thursday, Mar 29, 2018 - 02:41 PM (IST)

ਪਿਛਲੇ ਦਿਨੀਂ ਲੋਕ ਸਭਾ 'ਚ ਵਜ਼ੀਰ-ਏ-ਖਾਰਜਾ ਐਮ.ਜੇ.ਅਕਬਰ ਨੇ ਦੱਸਿਆ,ਕਿ ਇਸ ਸਮੇਂ ਵਿਜੇ ਮਾਲੀਆ,ਨੀਰਵ ਮੋਦੀ ,ਲਲਿਤ ਮੋਦੀ ਅਤੇ ਮੈਹਲ ਚੋਕਸੀ ਸਮੇਤ ਕੁੱਲ 31 ਕਾਰੋਬਾਰੀ ਸੀ.ਬੀ.ਆਈ ਨਾਲ ਸੰਬੰਧਿਤ ਮਾਮਲਿਆਂ 'ਚ ਦੇਸ਼ ਚੋਂ ਫਰਾਰ ਹਨ।ਇਹਨ੍ਹਾਂ ਤੱਥਾਂ ਦਾ ਖੁਲਾਸਾ ਉਦੋਂ ਹੋਇਆ ਜੱਦ ਕੋਸ਼ਲ ਕਿਸ਼ੋਰ,ਰਾਮ ਦਾਸ ਤੁਦਸ ਅਤੇ ਮੁਹਮਦ ਸਲੀਮ ਆਦਿ ਦੁਆਰਾ ਮੁਲਕ 'ਚੋਂ ਫਰਾਰ ਕਾਰੋਬਾਰੀਆਂ ਦੇ ਸੰਬੰਧੀ ਜਾਣਕਾਰੀ ਮੰਗੀ ਗਈ ਤਾਂ ਇਸੇ ਦੇ ਸੰਦਰਭ 'ਚ ਐਮ.ਜੇ.ਅਕਬਰ ਨੇ ਲੋਕ ਸਭਾ ਨੂੰ ਉਕਤ ਜਾਣਕਾਰੀ ਮੁਹਈਆ ਕਰਵਾਈ।ਯਕੀਨਨ ਇਹ ਸਮੁੱਚੇ ਦੇਸ਼ ਲਈ ਅਤੇ ਦੇਸ਼ ਦੀਆਂ ਏਜੰਸੀਆਂ ਲਈ ਗ਼ੌਰ-ਉ-ਫਿਕਰ ਕਰਨ ਦੇ ਨਾਲ-ਨਾਲ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜਿਸ ਪਰਕਾਰ ਨਾਲ ਪਿਛਲੇ ਕੁਝ ਸਾਲਾਂ ਦੋਰਾਨ, ਇਕ ਤੋਂ ਬਾਅਦ ਇਕ ਘਪਲੇਬਾਜ਼ ਸਖਤ ਚੌਕੀਦਾਰਾ ਦੇ ਬਾਵਜੂਦ ਬੈਂਕਾਂ ਤੋਂ ਭਾਰੀ-ਭਰਕਮ ਕਰਜ਼ਾ ਲੈ ਕੇ ਦੇਸ਼ 'ਚੋਂ ਫਰਾਰ ਹੋਣ 'ਚ ਸਫਲ ਹੋ ਰਹੇ ਹਨ, ਇਸ ਦੇ ਚਲਦਿਆਂ ਦੇਸ਼ ਦੇ ਆਮ ਖਾਤਾ ਧਾਰਕ ਦੇ ਜ਼ਹਿਨ 'ਚ ਬੈਂਕ ਵਿਵਸਥਾ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਈ ਰੱਖਣਾ ਬੇ-ਸ਼ਕ ਇਕ ਜ਼ੋਖਮ ਭਰਿਆ ਕੰਮ ਜਾਪਣ ਲਗ ਪਿਆ ਹੈ।
ਇਕ ਗ਼ਰੀਬ ਜਾਂ ਮਧਿਅਮ ਸ਼੍ਰੇਣੀ ਨਾਲ ਸੰਬੰਧਤ ਆਦਮੀ ਆਪਣੇ ਭਵਿੱਖ ਦੀਆਂ ਅਚਨ-ਚੇਤ ਲੋੜਾਂ ਨੂੰ ਮੁੱਖ ਰੱਖਦਿਆਂ , ਬਚਤ ਕਰਨ ਦੇ ਮਕਸਦ ਨਾਲ ਆਪਣਾ ਛੋਟਾ–ਮੋਟਾ ਖਾਤਾ ਬੈਂਕਾਂ 'ਚ ਖੁਲਵਾਉਂਦਾ ਹੈ ਅਤੇ ਆਪਣੀ ਛੋਟੀ-ਮੋਟੀ ਬਚਤ ਦੇ ਰੂਪ ਵਿਚ ਸਾਲ ਛੇ ਮਹੀਨੇ 'ਚ ਆਪਣੇ ਗਾੜੇ ਖੂਨ-ਪਸੀਨੇ ਦੀ ਕਮਾਈ 'ਚੋਂ ਪੇਟ ਕੱਟ-ਕੱਟ ਪੈਸੇ ਜਮਾਂ ਕਰਵਾਉਂਦਾ ਹੈ ਅਤੇ ਦੇਸ਼ ਦੀਆਂ ਬੈਂਕਾਂ ਦੇ ਖਜ਼ਾਨੇ ਨੂੰ ਭਰਦਾ ਹੈ ਅਤੇ ਇਹ ਆਸ ਕਰਦਾ ਹੈ ਕਿ ਭਵਿੱਖ ਚ ਜ਼ਰੂਰਤ ਪੈਣ ਤੇ , ਪੈਸਾ ਕੱਢਵਾ ਕੇ ਅਪਣੀਆਂ ਲੋੜਾਂ ਦੀ ਪੂਰਤੀ ਕਰ ਲਵੇਗਾ।ਪਰੰਤੂ ਪਿਛਲੇ ਸਾਲ ਤੋਂ ਹੋਂਦ ਚ ਆਏ , ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜਿਸ ਪਰਕਾਰ ਇਹਨ੍ਹਾਂ ਛੋਟੀ ਰਕਮ ਵਾਲੇ ਖਾਤਿਆਂ 'ਚੋਂ( ਘਟ ਜਮ੍ਹਾਂ ਰਕਮ ਦੇ ਚਲਦਿਆਂ) ਮੈਂਨਟੇਨਸ ਦੇ ਨਾਂ ਤੇ ਆਏ ਮਹੀਨੇ ਰੁਪਇਆਂ ਦੀ ਕਟੋਤੀ ਕੀਤੀ ਜਾਂਦੀ ਹੈ ਅਤੇ ਜਦ ਕਦੇ ਛੋਟੀ ਬਚਤ ਕਰਨ ਵਾਲਾ ਅਜਿਹਾ ਖਾਤਾ ਧਾਰਕ ਪੈਸੇ ਜਮ੍ਹਾਂ ਕਰਾਉਣ ਲਈ ਬੈਂਕ ਜਾਂਦਾ ਹੈ ਅਤੇ ਜਦ ਉਸਨੂੰ ਅਪਣੇ ਖਾਤੇ 'ਚ ਬਕਾਇਆ ਦੇ ਰੂਪ ਚ ਜ਼ੀਰੋ ਹੋਣ ਦਾ ਪਤਾ ਚਲਦਾ ਹੈ ਤਾਂ ਉਸ ਸਮੇਂ ਉਸ ਗ਼ਰੀਬ ਦੇ ਦਿਲ ਤੇ ਕੀ ਬੀਤਦੀ ਹੈ, ਇਹ ਉਹੋ ਜਾਣਦਾ ਹੈ ਅਜਿਹੇ ਹਾਲਾਤ 'ਚ ਛੋਟੀ ਬਚਤ ਕਰਨ ਵਾਲੇ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੇ-ਬਸੀ ਵਿਚ ਉਸ ਦੇ ਧੁਰ ਅੰਦਰੋਂ ਦੁਰ-ਅਸੀਸ ਵਰਗੀ ਹੂਕ ਨਿਕਲਦੀ ਹੈ।ਜਿਵੇਂ ਕਿ ਮਿਰਜ਼ਾ ਗ਼ਾਲਿਬ ਨੇ ਕਿਹਾ ਹੈ ਕਿ:
ਦਿਲ ਹੀ ਤੋ ਹੈ ਨਾ ਸੰਗ-ਉ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜ਼ਾਰ ਬਾਰ, ਕੋਈ ਹਮੇਂ ਸਤਾਏ ਕਿਉਂ£
ਸਮਝ ਤੋਂ ਬਾਹਰ ਹੈ ਕਿ ਦੇਸ਼ 'ਚ ਇਹ ਕਿਹੋ ਜਿਹੇ ਦਿਨ ਆਏ ਹਨ ਕਿ ਇਕ ਪਾਸੇ ਤਾਂ ਗਰੀਬਾਂ ਦੇ ਬਚਤ ਖਾਤਿਆ ਚੋਂ ਮੈਨਟੇਨਸ ਦੇ ਨਾਮ ਤੇ ਆਏ ਮਹੀਨੇ ਰਕਮ ਕਟੀ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਜੇ ਮਾਲੀਆ ,ਨੀਰਵ ਮੋਦੀ ਜਿਹੇ ਬੈਂਕਾਂ ਨੂੰ ਦੀਵਾਲੀਏ ਪਣ ਦੀ ਕਗਾਰ ਤੇ ਪਹੁੰਚਾ ਕੇ ਬਾਹਰਲੇ ਦੇਸ਼ਾਂ ਚ ਫਰਾਰ ਹੋ ਰਹੇ ਹਨ। ਦੂਜੇ ਪਾਸੇ ਇਕ ਸਾਧਾਰਨ ਵਿਅਕਤੀ ਨੇ ਕੋਈ ਛੋਟੇ-ਮੋਟੇ ਕੰਮ ਚਲਾਉਣ ਵਾਸਤੇ ਲੋਨ ਲੈਣਾ ਹੋਵੇ ਤਾਂ ਉਸ ਨੂੰ ਬੈਂਕਾਂ ਦੀਆਂ ਰਸਮੀ-ਕਾਰਵਾਈਆਂ ਨੂੰ ਪੂਰਾ ਕਰਨ ਲਈ ਅਜਿਹੇ ਪਾਪੜ ਬੇਲਣੇ ਪੈਂਦੇ ਹਨ ,ਕਿ ਇੱਕ ਪ੍ਰਸਥਿਤੀ ਅਜਿਹੀ ਆਉਂਦੀ ਹੈ ਕਿ ਇਕ ਮਿਡਲ ਜਾਂ ਗਰੀਬ ਤਬਕੇ ਦਾ ਵਿਅਕਤੀ ਅਪਣੇ ਕਰਜ਼ ਲੈਣ ਦੇ ਫੈਸਲੇ ਤੋਂ ਹੀ ਤੋਬਾ ਕਰ ਬੈਠਦਾ ਹੈ। ਉਕਤ ਵਿਤਕਰੇ ਦਾ ਖੁਲਾਸਾ ਵਸੀਮ ਬਰੇਲਵੀ ਦੇ ਇਹਨ੍ਹਾਂ ਸ਼ਬਦਾਂ ਵਿਚ ਕੀਤਾ ਜਾ ਸਕਦਾ ਹੈ:
ਗ਼ਰੀਬ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ!
ਸਮੰਦਰੋਂ ਕੀ ਤਲਾਸ਼ੀ ਕੋਈ ਨਹੀਂ ਲੇਤਾ£
ਜੇਕਰ ਉਕਤ ਵੱਡੇ ਵਿਉਪਾਰੀਆਂ ਨੂੰ ਕਰਜ਼ ਦੇਣ ਦੀ ਥਾਂ ਇਹੋ ਪੈਸਾ ਗ਼ਰੀਬ ਬੇ-ਰੁਜ਼ਗਾਰ ਨੋਜਵਾਨਾ ਨੁੰ ਸਵੇ-ਰੋਜ਼ਗਾਰ ਦੇ ਛੋਟੇ-ਮੋਟੇ ਧੰਦੇ ਚਲਾਉਣ ਲਈ ਮੁਹਈਆ ਕਰਵਾਇਆ ਜਾਂਦਾ ,ਤਾਂ ਕਿਨ੍ਹੇ ਹੀ ਲੋਕਾਂ ਦੇ ਘਰਾਂ ਦੇ ਚੁਲ੍ਹੇ ਬਲ ਸਕਦੇ ਸਨ,ਜੇਕਰ ਇਹੋ ਕਰਜ਼ ਗਰੀਬ ਕਿਸਾਨਾਂ ਨੂੰ ਦਿੱਤਾ ਜਾਂਦਾ ,ਤਾਂ ਕਿਨ੍ਹੇ ਹੀ ਕਿਸਾਨ ਖੁਦ-ਕਸ਼ੀਆ ਕਰਨ ਤੋਂ ਬਚ ਸਕਦੇ ਸਨ, ਇਹੋ ਕਰਜ਼ਾ ਕਾਬਿਲ ਅਤੇ ਲਾਇਕ ਵਿਦਿਆਰਥੀਆਂ ਨੂੰ ਅਪਣੀ ਉਚ ਵਿਦਿਆ ਦੀ ਪਰਾਪਤੀ ਲਈ ਦਿੱਤਾ ਜਾਂਦਾ ਤਾਂ ਉਹ ਅਪਣੀ ਪੜਾਈ ਜਾਰੀ ਰਖ ਸਕਦੇ ਸਨ ਅਤੇ ਦੇਸ਼ ਦੀ ਤਰੱਕੀ ਚ'ਵੱਢਮੁਲਾ ਯੋਗਦਾਨ ਪਾ ਸਕਦੇ ਸਨ , ਇਹੋ ਪੈਸਾ ਬੀਮਾਰ ਹਸਪਤਾਲਾਂ ਦੀ ਮੈਨਟੇਨਸ ਤੇ ਖਰਚ ਹੋਇਆ ਹੁੰਦਾ ਤਾਂ ਕਿਨ੍ਹੇ ਹੀ ਹਸਪਤਾਲਾਂ ਦੀ ਜੂਨ ਸੁਧਰ ਸਕਦੀ ਸੀ ਅਤੇ ਮਹਿੰਗਾ ਇਲਾਜ ਨਾ ਕਰਾਉਣ ਦੀ ਸਥਿਤੀ ਵਾਲੇ ਕਿਨ੍ਹੇ ਹੀ ਗ਼ਰੀਬ ਮਰੀਜ਼ਾਂ ਨੂੰ ਲਾਭ ਹੋ ਸਕਦਾ ਸੀ,ਜੇਕਰ ਇਹੋ ਪੈਸਾ ਸਿਖਿਆ ਤੇ ਖਰਚ ਹੋਇਆ ਹੁੰਦਾ ਤਾਂ ਕਿਨ੍ਹੇ ਹੀ ਸਕੂਲਾਂ ਦੀ ਦਿਖ ਬਦਲ ਸਕਦੀ ਸੀ ।
ਪਰੰਤੂ ਅਫਸੋਸ ਕਿ ਮਾਦਾ ਪ੍ਰਸਤੀ ਦੇ ਇਸ ਦੌਰ ਚ' ਹਰ ਵਿਅਕਤੀ ਨੂੰ ਸਿਰਫ ਤੇ ਸਿਰਫ ਅਪਣੇ ਬਾਰੇ ਸੋਚਣ ਤੋਂ ਇਲਾਵਾ ਕੋਈ ਦੂਜਾ ਕੰਮ ਨਹੀਂ ਹੈ।ਕਾਸ਼ ਕੋਈ ਦੇਸ਼ ਅਤੇ ਮੁਲਕ ਦੇ ਗ਼ਰੀਬ ਅਵਾਮ ਲਈ ਵੀ ਸੋਚੇ, ਕਾਸ਼ !ਕੋਈ ਦਿਨ ਬ ਦਿਨ ਇਨਸਾਨੀ ਇਖਲਾਕ ਵਿਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਦੇ ਸਾਕਾਰਤਮਕ ਉਪਰਾਲਿਆਂ ਬਾਰੇ ਵੀ ਸੋਚੇ। ਕਾਸ਼.! ਕੋਈ ਦੇਸ਼ ਦੇ ਉਹਨ੍ਹਾਂ ਦੀਮਕ-ਨੁਮਾ ਕੀੜਿਆਂ ਦੇ ਇਲਾਜ ਬਾਰੇ ਵੀ ਸੋਚੇ ਜੋ ਦੇਸ਼ ਦੀਆਂ ਬੁਨਿਆਦਾਂ ਨੂੰ ਅੰਦਰੋ-ਅੰਦਰੀ ਖੋਖਲਾ ਕਰੀ ਜਾ ਰਹੇ ਹਨ।ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਦਰਅਸਲ ਦੇਸ਼ ਦੀ ਖੁਸ਼ਹਾਲੀ ਚ' ਹੀ ਸਾਡੀ ਅਪਣੀ ਖੁਸ਼ਹਾਲੀ ਦਾ ਰਾਜ਼ ਛੁਪਿਆ ਹੈ।ਜੇਕਰ ਅਸੀਂ ਇਸ ਦੇਸ਼ ਦੀ ਦੋਲਤ ਦੀ ਲੁੱਟ-ਖਸੁੱਟ ਇਸੇ ਪ੍ਰਕਾਰ ਕਰਦਿਆਂ ਬਾਹਰਲੇ ਮੁਲਕਾਂ ਵਿਚ ਜਾਕੇ ਡੇਰੇ ਲਾਉਂਦੇ ਰਹੇ,ਤਾਂ ਸਾਡੇ ਅਤੇ ਦੇਸ਼ ਦੇ ਬਾਹਰੀ ਇਤਿਹਾਸਕ ਲੁਟੇਰਿਆਂ ਵਿਚ ਕੀ ਅੰਤਰ ਰਹਿ ਜਾਵੇਗਾ..! ਯਕੀਨਨ ਇਹ ਵਿਚਾਰਨ ਵਾਲੀ ਗਲ੍ਹ ਹੈ..!
ਮੁਹੰਮਦ ਅੱਬਾਸ ਧਾਲੀਵਾਲ
ਸੰਪਰਕ:9855259650
ਮਲੇਰਕੋਟਲਾ।