ਕਵਿਤਾ-ਮਾਸੂਮ ਪਰਿੰਦਾ
Sunday, May 26, 2019 - 04:38 PM (IST)

ਜੋ ਖੰਭ ਕੱਟਣ ਨੂੰ ਫਿਰਦੇ ਨੇ,
ਰਹਿ ਬਚ ਕੇ ਉਹਨਾਂ ਸ਼ਿਕਾਰੀਆਂ ਤੋਂ
ਜੋ ਹਰ ਇੱਕ ਦੇ ਹੀ ਹੋ ਜਾਂਦੇ, ਬਚ
ਐਹੋ ਜਿਹੀਆਂ ਯਾਰੀਆਂ ਤੋਂ
ਤੂੰ ਮਾਸੂਮ ਪਰਿੰਦਾ ਐ, ਤੈਨੂੰ
ਉਹਨਾਂ ਨੇ ਵਰਗਲਾ ਲੈਣਾ
ਤੂੰ ਗੱਲਾਂ ਦੇ ਵਿੱਚ ਆ ਜਾਣਾਂ,
ਉਹਨਾਂ ਤੈਨੂੰ ਲੁੱਟ ਕੇ ਖਾ ਲੈਣਾ
ਫਿਰ ਤੋੜ ਕੇ ਸਾਰੇ ਰਿਸ਼ਤੇ ਤੇਰੇ
ਨਾਲ, ਤੇਰੇ ਤੋਂ ਮੁੱਖ ਫੇਰ ਜਾਣਗੇ
ਦੇਖੀ ਜਾਈਂ ਤੇਰੇ ਸਾਹਮਣੇ ਹੀ,
ਕੋਈ ਹੋਰ ਸ਼ਿਕਾਰ ਫਸਾਣਗੇ
ਭੋਲੀਏ ਜਿੰਦੇ ਬੀਜ ਕੇ ਕੰਡੇ,
ਕਿੱਥੋਂ ਲੱਭੇਂ ਬਹਾਰਾਂ ਨੂੰ
ਤੂੰ ਆ ਕੇ ਮੰਡੀ ਵਪਾਰੀਆਂ ਦੀ,
ਫਿਰੇਂ ਲੱਭਦੀ ਸੱਚੇ ਪਿਆਰਾਂ ਨੂੰ
ਛੁਪੇ ਮਖੌਟੇ ਪਿੱਛੇ ਜੋ ਜ਼ਰਾ
ਪਰਖ ਦੂਹਰੇ ਕਿਰਦਾਰਾਂ ਨੂੰ
ਰਾਹੀ ਬੰਦਾ ਪਰਖਣਾ ਤਾਂ ਸਿੱਖ
ਪਹਿਲਾਂ, ਫਿਰ ਭਰੀਂ ਉੱਚੀਆਂ ਉਡਾਰਾਂ ਨੂੰ
ਲਿਖਤ ਪਰਵੀਨ ਰਾਹੀ,ਲੁਧਿਆਣਾ
ਸੰਪਰਕ-7527988267