ਦਾਗ਼ ਵਾਲਾ ਚੰਨ

01/06/2019 1:58:41 PM

ਓਮ ਪੁਰੀ ਨੂੰ ਯਾਦ ਕਰਦਿਆਂ 6 ਜਨਵਰੀ ਦੂਜੀ ਬਰਸੀ ‘ਤੇ

ਕੋਈ ਵੀ ਦਾਗ ਚੰਨ ਦੇ ਰੌਸ਼ਨ ਵਿਹੜੇ ਦੇ ਮਿਜਾਜ਼ ਨੂੰ ਛਿੱਥਾ ਨਹੀਂ ਪਾ ਸਕਦਾ।ਓਮ ਪੁਰੀ ਨੂੰ ਵੇਖਦੇ ਖੁਦ ਦੀਆਂ ਤਮਾਮ ਘਾਟਾਂ ਤੋਂ ਪਾਰ ਹੁਨਰ ‘ਤੇ ਵਿਸ਼ਵਾਸ਼ ਵੱਧ ਜਾਂਦਾ ਹੈ।ਦਰਅਸਲ ਕੀ ? ਯਕੀਨਨ !

ਓਮ ਪੁਰੀ ਚੰਨ ਦੀ ਤਰ੍ਹਾਂ ਹੀ ਤਾਂ ਹੈ।ਚੰਨ ਵਾਂਗੂ ਰੌਸ਼ਨ ਪਰ ਜ਼ਿੰਦਗੀ ‘ਚ ਕੁਝ ਸੱਚੇ ਦਾਗ਼।ਓਮ ਪੁਰੀ ਦੀ ਜ਼ਿੰਦਗੀ ਗੁਲਾਬ ਦੀ ਤਰ੍ਹਾਂ ਹੈ।ਖੁਸ਼ਬੋ ਉਹਦੇ ਹੁਨਰ ਦੀ ਪਰ ਕੁਝ ਹਿੱਸੇ ਨਿਰੇ ਕੰਡਿਆ ਭਰੇ।ਓਮ ਪੁਰੀ ਦੀ ਘਰ ਵਾਲੀ ਨੰਦਿਤਾ ਪੁਰੀ ਜੋਕਿ ਪੇਸ਼ੇ ਵੱਜੋਂ ਪੱਤਰਕਾਰ ਵੀ ਹੈ ਉਹਦੀ ਜ਼ਿੰਦਗੀ ਦੀਆਂ ਪਰਤਾਂ ਓਮ ਪੁਰੀ ‘ਤੇ ਲਿਖੀ ਕਿਤਾਬ Unlikely Hero : The Story of Om Puri ‘ਚ ਉਜਾਗਰ ਕਰਦੀ ਹੈ। ਓਮ ਪੁਰੀ ਦੇਵਤਾ ਤਾਂ ਬਿਲਕੁਲ ਨਹੀਂ ਹੈ।2013 ‘ਚ ਨੰਦਿਤਾ ਪੁਰੀ ਨੇ ਹੀ ਓਮ ਪੁਰੀ ਖਿਲਾਫ ਘਰੇਲੂ ਹਿੰਸਾ ਦੀ ਐੱਫ.ਆਈ.ਆਰ ਕਰਵਾਈ ਸੀ।ਹਾਲ ਹੀ ਦੇ ਦਿਨਾਂ ‘ਚ ਸਰਜੀਕਲ ਸਟ੍ਰਾਈਕ ‘ਤੇ ਹੋ ਰਹੀ ਬਹਿਸ ਦੌਰਾਨ ਟੈਲੀਵਿਜ਼ਨ ‘ਤੇ ਲਾਈਵ ਓਮ ਪੁਰੀ ਦੀ ਫੌਜੀਆਂ ਨੂੰ ਲੈਕੇ ਟਿੱਪਣੀ ‘ਚ ਰਾਸ਼ਟਰਵਾਦੀਆਂ ਨੂੰ ਕਾਫੀ ਗੁੱਸਾ ਆ ਗਿਆ ਸੀ।ਹੁਣ ਜਿਵੇਂ ਕਿ ਓਮ ਪੁਰੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਤਾਂ ਅਜ਼ਾਦ ਜਾਂ ਜਕੜੇ ਮਨਾਂ ਕੋਲ ਸਮਾਂ ਹੀ ਸਮਾਂ ਹੈ ਕਿ ਉਹਦੀਆਂ ਕਹੀਆਂ ਗੱਲਾਂ ਨੂੰ ਆਰਾਮ ਨਾਲ ਵਿਸ਼ਲੇਸ਼ਤ ਕਰ ਸਕਣ।ਕਿਉਂ ਕਿ ਓਮ ਪੁਰੀ ਸਿਰਫ ਏਨਾ ਕਹਿਣਾ ਚਾਹੁੰਦਾ ਸੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਅਤੇ ਸਟੂਡਿਓ ‘ਚ ਬੈਠ ਦੋ ਟੁਕੜਿਆਂ ‘ਚ ਵੰਡੇ ਪੰਜਾਬ ਦੇ ਜਜ਼ਬਾਤ ਸਮਝਣ ਦੀ ਕੌਸ਼ਿਸ਼ ਵੀ ਕਰੋ। ਓਮ ਪੁਰੀ ਹੋਰਨਾਂ ਬੰਦਿਆ ਜਿਹਾ ਹੀ ਸੀ।ਪਰ ਉਹਦਾਂ ਕੰਮ ਉਹਨੂੰ ਬਾਕੀਆਂ ਨਾਲੋਂ ਵੱਖਰਾ ਕਰ ਦਿੰਦਾ ਹੈ।1975 ਦੀ ਜਿਸ ਐਂਮਰਜੈਂਸੀ ਨੇ ਦੇਸ਼ ਅੰਦਰ ਵੱਡਾ ਅਸਰ ਪਾਇਆ ਕਿ ਸਿਆਸਤ,ਸਾਹਿਤ ਅਤੇ ਸਿਨੇਮਾ ਅੰਦਰ ਇਹਦੀ ਛੋਹ ਮਹਿਸੂਸ ਹੋਣ ਲੱਗ ਪਈ ਸੀ।ਅਜਿਹੇ ਮਾਹੌਲ ‘ਚ ਕਮਰਸ਼ੀਅਲ ਦੇ ਬਰਾਬਰ ਪੈਰਲਲ ਸਿਨੇਮਾ ਨੇ ਆਪਣਾ ਰੰਗ ਵਿਖਾਇਆ।ਸ਼ਿਆਮ ਬਨੇਗਲ,ਗੋਵਿੰਦ ਨਹਿਲਾਨੀ ਇਸ ਕਤਾਰ ‘ਚ ਸਨ ਅਤੇ ਓਮ ਪੁਰੀ ਉਹਨਾਂ ਦਾ ਹਰਮਨ ਪਿਆਰਾ ਅਦਾਕਾਰ। ਅਜ਼ਾਦ ਭਾਰਤ ਦਾ ਉਹ ਸਮਾਜਵਾਦੀ ਸੁਫਨਾ ਜੋ ਸਮਾਂ ਬੀਤਦੇ ਹੀ ਬਰਬਾਦ ਹੋ ਰਿਹਾ ਸੀ ਅਤੇ ਉਸੇ ਬਰਬਾਦ ਸੁਫਨੇ ‘ਚ ਬਹੁਤ ਨਿਰਾਸ਼ਾ ਪੈਦਾ ਹੋਈ।ਸਿਨੇਮਾ ਨੇ ਇਸੇ ਨੂੰ ਆਪਣਾ ਵਿਸ਼ਾ ਬਣਾਇਆ ਅਤੇ ਐਂਗਰੀ ਯੰਗ ਮੈਨ ਦਾ ਜਨਮ ਹੋਇਆ।ਇੱਕ ਪਾਸੇ ਜੇ ਅਮਿਤਾਬ ਬੱਚਨ ਦੀ ਜੰਜੀਰ ਸੀ ਤਾਂ ਦੂਜੇ ਪਾਸੇ ਓਮ ਪੁਰੀ ਦੀ ਅਰਧ ਸੱਤਿਆ ਸੀ।

ਆਮ ਬੰਦਾ ਹੀ ਸਿਨੇਮਾ ਦਾ ਅਸਲ ਕੇਂਦਰ ਸੀ ਅਤੇ ਆਮ ਚਿਹਰਾ ਹੀ ਸਿਨੇਮਾ ਦਾ ਹੀਰੋ ਬਣ ਗਿਆ।ਅਜਿਹੇ ‘ਚ ਓਮ ਪੁਰੀ ਅਤੇ ਨਸੀਰੂਦੀਨ ਉਸ ਚਿਹਰੇ ਦੇ ਸਭ ਤੋਂ ਸ਼ਾਨਦਾਰ ਪ੍ਰਤੀਕ ਬਣਕੇ ਉੱਭਰੇ।ਓਮ ਪੁਰੀ ਦਾ ਅਰਧ ਸੱਤਿਆ ਅਤੇ ਅਮਿਤਾਬ ਬੱਚਨ ਦਾ ਜੰਜੀਰ 2002 ਦੇ ਗੁਜਰਾਤ ਦੰਗਿਆ ‘ਚ ਆਕੇ ਪੁਲਿਸ ਦਾ ਚਿਹਰਾ ਕਿਵੇਂ ਬਿਆਨ ਕਰਦਾ ਹੈ ਇਹ ਬਹੁਤ ਬਾਅਦ ‘ਚ ਗੋਵਿੰਦ ਨਹਿਲਾਨੀ ਦੀ ਆਈ ਫ਼ਿਲਮ ‘ਦੇਵ’ ‘ਚ ਵੇਖਣ ਵਾਲਾ ਹੈ।ਪੁਲਿਸ ਬਨਾਮ ਪੁਲਿਸ ਅਤੇ ਗੁਜਰਾਤ ਦੰਗਿਆਂ ਦੌਰਾਨ ਲੋਕ ਬਨਾਮ ਸਿਸਟਮ ਦੇ ਵਹਿਸ਼ਤ ਭਰੇ ਮਾਹੌਲ ਨੂੰ ਆਪਣੀ ਅਦਾਕਾਰੀ ਨਾਲ ਬਹੁਤ ਬੇਹਤਰੀਨ ਢੰਗ ਨਾਲ ਓਮ ਪੁਰੀ ਅਤੇ ਅਮਿਤਾਬ ਬੱਚਨ ਨੇ ਪੇਸ਼ ਕੀਤਾ ਸੀ। ਓਮ ਪੁਰੀ ਨੂੰ ਵੇਖਣਾ ਮੰਨੋ ਅਜਿਹਾ ਸੀ ਕਿ ਆਫ ਬੀਟ ਸਿਨੇਮਾ ਅਤੇ ਕਮਰਸ਼ੀਅਲ ਸਿਨੇਮਾ ਦਾ ਨਾਲੋਂ ਨਾਲ ਵੇਖਣਾ।ਜਦੋਂ ਜਦੋਂ ਭਾਰਤੀ ਸਿਨੇਮਾ ਅੰਦਰ ਹਿੰਦੀ ਸਿਨੇਮਾ ਦੀ ਚਰਚਾ ਹੋਵੇਗੀ ਤਾਂ ਓਮ ਪੁਰੀ ਉਹਨਾਂ ਸਭ ਫਿਲਮਾਂ ‘ਚ ਨਜ਼ਰ ਆਵੇਗਾ ਜਿੰਨ੍ਹਾਂ ਫਿਲਮਾਂ ਨੇ ਭਾਰਤੀ ਸਿਨੇਮਾ ਨੂੰ ਮਜ਼ਬੂਤ ਅਧਾਰ ਦਿੱਤਾ।ਓਮ ਪੁਰੀ ਇੱਕੋ ਇੱਕ ਅਜਿਹਾ ਅਦਾਕਾਰ ਹੈ ਜੋ ਵਰਲਡ ਸਿਨੇਮਾ ਅਤੇ ਹਿੰਦੀ ਸਿਨੇਮਾ ਅੰਦਰ ਆਪਣੀ ਹਾਜ਼ਰੀ ਮਜ਼ਬੂਤੀ ਨਾਲ ਲਵਾ ਸਕਿਆ ਹੈ।ਇਸ ਤੋਂ ਬਹੁਤ ਬਾਅਦ ਆਕੇ ਅਜਿਹਾ ਅਧਾਰ ਇਰਫਾਨ ਖ਼ਾਨ ਦਾ ਬਣਿਆ ਹੈ।ਓਮ ਪੁਰੀ ਇੱਕ ਪਾਸੇ ਸੈਮ ਐਂਡ ਮੀ,ਸੀਟੀ ਆਫ ਜੋਏ,ਦੀ ਗੋਸਟ ਆਫ ਡਾਰਕਨੇਸ,ਮਾਈ ਸਨ ਦੀ ਫੈਨੇਟਿਕ,ਈਸਟ ਇਜ਼ ਈਸਟ ਤੋਂ ਲੈਕੇ 2014 ਦੀ ਸਟੀਵਨ ਸਪੀਲਬਰਗ ਪ੍ਰੋਡਕਸ਼ਨ ਦੀ ਹੰਡਰਡ ਫੁੱਟ ਜਰਨੀ ਕਰਦਾ ਹੈ ਅਤੇ ਦੂਜੇ ਪਾਸੇ ਉਸ ਕੋਲ ਆਕ੍ਰੋਸ਼,ਆਰੋਹਨ,ਧਾਰਾਵੀ,ਆਸਥਾ ਵਰਗੀਆਂ ਫਿਲਮਾਂ ਹਨ।ਸ਼ਿਆਮ ਬਨੇਗਲ,ਗੋਵਿੰਦ ਨਹਿਲਾਨੀ,ਕੁੰਦਨ ਸ਼ਾਹ,ਬਾਸੂ ਭੱਟਾਚਾਰੀਆ ਦੇ ਸਿਨੇਮਾ ‘ਚ ਓਮ ਪੁਰੀ ਖਾਸ ਜਗ੍ਹਾ ਰੱਖਦਾ ਹੈ।ਗੋਵਿੰਦ ਨਹਿਲਾਨੀ ਅਤੇ ਸਿਆਮ ਬਨੇਗਲ ਨਾਲ ਤਾਂ ਬਹੁਤ ਸਾਰੀਆਂ ਫ਼ਿਲਮਾਂ ਹਨ ਜਿਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਓਮ ਪੁਰੀ ਦੀ ਅਦਾਕਾਰੀ ‘ਚ ਉਹਦਾ ਚਿਹਰਾ ਅਤੇ ਉਹਦੀ ਸੰਵਾਦ ਅਦਾਇਗੀ ਹੀ ਉਹਦੇ ਕੰਮ ਨੂੰ ਅਮਰ ਕਰਦੀ ਹੈ। ਅਜਿਹੇ ‘ਚ ਮੈਨੂੰ ਬਾਸੂ ਭੱਟਾਚਾਰੀਆ ਦੀ ਫ਼ਿਲਮ ਆਸਥਾ ਦਾ ਉਹ ਪ੍ਰੋਫੈਸਰ ਬਹੁਤ ਕਮਾਲ ਦਾ ਲੱਗਦਾ ਹੈ ਜਦੋਂ ਉਹ ਆਪਣੇ ਵਿਦਿਆਰਥੀਆਂ ਨੂੰ ਮਰਦ ਔਰਤ ਰਿਸ਼ਤੇ ਦੌਰਾਨ ਵਿਚਾਰ ਦੀ ਸਾਂਝ ਨੂੰ ਵਿਸ਼ਲੇਸ਼ਤ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਹ ਆਪਣੀ ਘਰਵਾਲੀ ਦੀ ਉਸ ਕਸ਼ਮਕਸ਼ ਨੂੰ ਵੀ ਸਮਝ ਰਿਹਾ ਹੈ ਜਿਸ ‘ਚ ਕੁਝ ਬੇਹਤਰ ਜ਼ਿੰਦਗੀ ਦਾ ਸੁਫਨਾ ਉਹਨਾਂ ਦੇਹ ਵਪਾਰ ਕਰਨ ਲਾ ਦਿੰਦਾ ਹੈ।ਅਸਲ ‘ਚ ਬਾਸੂ ਭੱਟਚਾਰੀਆ ਦੀ ਇਹ ਲੜੀਦਾਰ ਫਿਲਮਾਂ ‘ਚੋਂ ਇੱਕ ਸੀ ਜਿੱਥੇ ਉਹ ਪੁਰਾਣੇ ਤੋਂ ਨਵੇਂ ਵੱਲ ਨੂੰ ਬਦਲ ਰਹੇ ਸਮਾਜ ‘ਚ ਪਦਾਰਥਵਾਦੀ ਨੁਕਤੇ ਦਾ ਵਿਆਹੁਤਾ ਕੜੀ ਜਾਂ ਉਹਨਾਂ ਕਦਰਾਂ ਕੀਮਤਾਂ ‘ਤੇ ਕੀ ਅਸਰ ਪੈ ਰਿਹਾ ਹੈ ਅਤੇ ਇਹ ਪੂਰੀ ਖਿੱਚੋਤਾਨ ਅੰਦਰ ਕੀ ਵਿਹਾਰ ਹੈ ਨੂੰ ਲੈਕੇ ਫਿਲਮਾਂਕਣ ਸੀ।ਇਸ ਉੱਪਰ ਸਮਾਜ,ਮਰਦ-ਔਰਤ ਅਤੇ ਨਜ਼ਰੀਏ ਤੋਂ ਫਿਲਮ ਆਸਥਾ ਕਮਾਲ ਦੀ ਫ਼ਿਲਮ ਹੈ ਅਤੇ ਇਸ ਨੂੰ ਅਜਿਹਾ ਅਧਾਰ ਦੇਣ ‘ਚ ਓਮ ਪੁਰੀ ਅਤੇ ਰੇਖਾ ਦਾ ਬਹੁਤ ਵੱਡਾ ਹੱਥ ਹੈ। ਗੁਲਜ਼ਾਰ ਦੀ ਫ਼ਿਲਮ ਮਾਚਿਸ ਦਾ ਓਮ ਪੁਰੀ ਵੇਖ ਸਮਝ ਸਕਦੇ ਹਾਂ ਕਿ ਸਿਸਟਮ ਅਤੇ ਬੰਦੇ ਦਰਮਿਆਨ ਵਿਚਾਰ ਦੀ ਕੀ ਗੁੰਜਾਇਸ਼ ਹੈ।ਮਾਚਿਸ ਫ਼ਿਲਮ ਦਾ ਇੱਕ ਦ੍ਰਿਸ਼ ਹੈ ਕਿ ਓਮ ਪੁਰੀ ਪੰਜਾਬ ਦੇ ਅੱਤਵਾਦ ਦੇ ਮਾਹੌਲ ‘ਚ ਪਟੜੀ ਦੇ ਕੰਢੇ ਬੈਠਾ ਆਪਣੇ ਸਾਥੀ ਨਾਲ ਗੱਲ ਕਰ ਰਿਹਾ ਹੈ।ਸਾਡਾ ਹੱਕ ਬਨਾਮ ਸਿਸਟਮ ਅਤੇ ਇਸੇ ਦੌਰਾਨ ਪਟੜੀ ਤੋਂ ਰੇਲਗੱਡੀ ਲੰਘਦੀ ਹੈ ਅਤੇ ਪੂਰੀ ਗੱਲਬਾਤ ਰੇਲਗੱਡੀ ਦੇ ਰੌਲੇ ‘ਚ ਗਵਾਚ ਜਾਂਦੀ ਹੈ।ਪੰਜਾਬ ਦੇ ਉਸ ਦੌਰ ਅੰਦਰ ਦਬਾਈ ਅਵਾਜ਼ ਦੇ ਆਕ੍ਰੋਸ਼ ਨੂੰ ਗੁਲਜ਼ਾਰ ਨੇ ਜਿੰਨੇ ਕਮਾਲ ਨਾਲ ਫਿਲਮਾਇਆ ਹੈ ਉਸੇ ਅੰਦਾਜ਼ ‘ਚ ਓਮ ਪੁਰੀ ਨੇ ਉਸ ਨੂੰ ਪੇਸ਼ ਕੀਤਾ ਹੈ।ਇਹੋ ਸ਼ਾਨਦਾਰ ਅਦਾਕਾਰ ਦੀ ਨਿਸ਼ਾਨੀ ਹੈ। ਓਮ ਪੁਰੀ ਇੱਕੋ ਸਮੇਂ ਜੇ ਅਰਧ ਸੱਤਿਆ,ਆਕ੍ਰੋਸ਼ ‘ਚ ਨਿਰਵਾਹ ਕਰ ਰਿਹਾ ਹੈ ਤਾਂ ਦੂਜੇ ਪਾਸੇ ਮਾਲਾਮਾਲ ਵੀਕਲੀ,ਚਾਚੀ 420 ਵਰਗੀਆਂ ਫ਼ਿਲਮਾਂ ‘ਚ ਹਾਸਰਸ ਕਿਰਦਾਰ ਵੀ ਨਿਭਾ ਰਿਹਾ ਹੈ।ਓਮ ਪੁਰੀ ਦੀ ਆਖਰੀ ਫ਼ਿਲਮਾਂ ‘ਚੋਂ ਮਿਰਜ਼ਿਆ ਅਤੇ ਬਜਰੰਗੀ ਬਾਈਜਾਨ ਵੀ ਯਾਦ ਰਹਿਣਗੀਆਂ।ਚਾਹੇ ਇਹ ਫਿਲਮਾਂ ਓਮ ਪੁਰੀ ਦੀਆਂ ਨਹੀਂ ਸਨ ਪਰ ਅਜਿਹਾ ਨਹੀਂ ਕਿ ਓਮ ਪੁਰੀ ਨੂੰ ਕੋਈ ਅੱਖੋਂ ਪਰੋਖੇ ਕਰ ਗਿਆ ਹੋਵੇ। ਸੋ ਕਹਿੰਦੇ ਨੇ ਕਿ ਲੋਕ ਮਰਕੇ ਤਾਰੇ ਬਣ ਜਾਂਦੇ ਹਨ ਪਰ ਉਹ ਤਾਂ ਪਹਿਲਾਂ ਹੀ ਦਾਗ ਵਾਲਾ ਚੰਨ ਸੀ।ਇੱਕ ਬੇਹਤਰੀਨ ਅਦਾਕਾਰ।ਜੀਹਨੂੰ ਯਾਦ ਕਰਨਾ ਹੋਵੇ ਤਾਂ ਆਸਥਾ ਫਿਲਮ ਦਾ ਅਮਰ,ਆਕ੍ਰੋਸ਼ ਦਾ ਭੀਕੂ,ਅਰਧ ਸੱਤਿਆ ਦਾ ਆਨੰਤ ਵੇਲਾਨਕਰ,ਮਾਚਿਸ ਦਾ ਸਨਾਤਨ,ਦੇਵ ਦਾ ਤੇਜਿੰਦਰ ਖੋਸਲਾ ਵੇਖ ਸਕਦੇ ਹੋ।ਉਹਦੀਆਂ ਪੰਜਾਬੀ ਫਿਲਮਾਂ ਦਾ ਰਸੂਖ ਵੀ ਕਿਵੇਂ ਭੁੱਲ ਸਕਦੇ ਹਾਂ।ਚੰਨ ਪ੍ਰਦੇਸੀ ਅਤੇ ਲੌਂਗ ਦਾ ਲਿਸ਼ਕਾਰ ਅੰਦਰ ਉਹਦੇ ਤਕੀਆ ਕਲਾਮ ਰੂਪੀ ਸੰਵਾਦ ਸਦਾ ਯਾਦ ਰਹਿਣਗੇ।ਭੀਸ਼ਮ ਸਾਹਨੀ ਦੇ ਤਮਸ ‘ਤੇ ਅਧਾਰਿਤ ਟੀਵੀ ਨਾਟਕ ਅਤੇ ‘ਭਾਰਤ ਏਕ ਖੋਜ’ ਰਾਹੀਂ ਵੀ ਉਹਦਾ ਇੱਕ ਖਾਸ ਹਿੱਸਾ ਯਾਦ ਕੀਤਾ ਜਾਵੇਗਾ।ਜਦੋਂ ਅੱਜ ਫਿਲਮ ਪਦਮਾਵਤੀ ਨੂੰ ਲੈਕੇ ਵੱਡੀ ਬਹਿਸ ਹੈ।

ਅਸਹਿਣਸ਼ੀਲਤਾ ਹੈ ਤਾਂ ਇਸੇ ਪ੍ਰਸੰਗ ਦਾ ਜ਼ਿਕਰ ਜਵਾਹਰ ਲਾਲ ਨਹਿਰੂ ਦੀ ਕਿਤਾਬ ‘ਤੇ ਅਧਾਰਿਤ ਸ਼ਿਆਮ ਬਨੇਗਲ ਦੇ ਨਾਟਕ ‘ਭਾਰਤ ਏਕ ਖੋਜ’ ‘ਚ ਵੀ ਹੈ।ਮਲਿਕ ਮਹੁੰਮਦ ਜਯਾਸੀ ਵੱਲੋਂ ਲਿਖੇ 1540 ਦੇ ਮਹਾਂ-ਕਾਵਿ ‘ਪਦਮਾਵਤ’ ‘ਤੇ ਪੂਰੇ ਐਪੀਸੋਡ ‘ਚ ਅਲਾਊਦੀਨ ਖਿਲਜੀ ਦੀ ਭੂਮਿਕਾ ‘ਚ ਓਮ ਪੁਰੀ ਸਨ।ਜਿਵੇਂ ਪ੍ਰਸੰਗ ਹੈ ਤਿਵੇਂ ਵਿਖਾਇਆ ਗਿਆ।ਵੇਖਣ ਵਾਲਿਆਂ ਵੇਖਿਆ ਵੀ ਪਰ ਕਿਸੇ ਤਰ੍ਹਾਂ ਦੀ ਕੋਈ ਅਸਹਿਣਸ਼ੀਲਤਾ ਨਹੀਂ ਸੀ।ਓਮ ਪੁਰੀ ਦਾ ਉਹ ਦੌਰ ਅੱਜ ਦੇ ਦੌਰ ਨੂੰ ਕੁਝ ਤਾਂ ਕਹਿ ਰਿਹਾ ਹੋਵੇਗਾ ਪਰ ਸਮਝਣ ਵਾਲੇ ਸਮਝਣਾ ਹੀ ਨਹੀਂ ਚਾਹੁੰਦੇ !

ਹਰਪ੍ਰੀਤ ਸਿੰਘ ਕਾਹਲੋਂ


Gurminder Singh

Content Editor

Related News