ਹੁਣ ਛੂਛਕ ਵਿਚੋਂ ਸੱਭਿਆਚਾਰ ਨਹੀਂ ਝਲਕਦਾ
Tuesday, Jul 24, 2018 - 02:31 PM (IST)
ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਬਹੁਤੇ ਅੰਗ ਰੀਤੀ ਅਤੇ ਰਿਵਾਜ ਆਖਰੀ ਸਾਹਾਂ ਉੱਤੇ ਹਨ । ਕੁਝ ਕੁ ਸਮੇਂ ਦੇ ਹਾਣ ਦੀ ਲਪੇਟ ਵਿਚ ਆ ਗਏ ਕੁੱਝ ਉੱਤੇ ਦੇਸੀ ਟੱਟੂ ਖੁਰਾਸਾਨੀ ਦੁਲੱਤੇ ਭਾਰੀ ਹੋ ਗਏ । ਛੂਛਕ ਇਕ ਅਜਿਹੀ ਰਸਮ ਸੀ ਜੋ ਜੱਚਾ ਨੂੰ ਬੱਚਾ ਬਾਲਕ ਜੰਮਣ ਖੁਸ਼ੀ ਵਿਚ ਮਾਪਿਆ ਵਲੋਂ ਸਾਜੋ ਸਮਾਨ ਦੇ ਕਿ ਨਿਭਾਈ ਜਾਂਦੀ ਸੀ । ਉਸ ਸਮੇਂ ਗਰਭਵਤੀ ਨੂੰ ਪੇਕੇ ਲੈ ਜਾਂਦੇ ਸਨ । ਜਣੇਪਾ ਦੇਸੀ ਤਰੀਕੇ ਨਾਲ ਪੇਕੇ ਘਰ ਵਿਚ ਹੀ ਹੁੰਦਾ ਸੀ ਨਾਨਾ-ਨਾਨੀ ਅਤੇ ਹੋਰ ਨਾਨਕਾ ਪਰਿਵਾਰ ਚਾਂਈ-ਚਾਂਈ ਖੁਸ਼ੀ ਵਿਚ ਛੂਛਕ ਦਾ ਸਾਮਾਨ ਤਿਆਰ ਕਰਦੇ ਸਨ । ਇਹ ਸਾਮਾਨ ਜਣੇਪੇ ਤੋਂ ਬਾਅਦ ਜੱਚਾ-ਬੱਚਾ ਨੂੰ ਨਾਲ ਦੇ ਕਿ ਤੋਰਿਆ ਜਾਂਦਾ ਸੀ ।
ਛੂਛਕ ਅਜਿਹੀ ਰੀਤੀ ਰਿਵਾਜ ਸੀ ਕਿ ਛੂਛਕ ਦਾ ਸਮਾਨ ਪੇਕੇ ਘਰ ਵਿਚ ਤੌਰਨ ਸਮੇਂ ਦਿਖਾਇਆ ਜਾਂਦਾ ਸੀ । ਫਿਰ ਸੌਹਰੇ ਘਰ ਜੱਚਾ-ਬੱਚਾ ਅਤੇ ਛੂਛਕ ਦਾ ਸਮਾਨ ਸ਼ਰੀਕੇ ਨੂੰ ਦਿਖਾਇਆ ਜਾਂਦਾ ਸੀ । ਔਰਤਾਂ ਚਰਚਾ ਕਰਦੀਆਂ ਰਹਿੰਦੀਆ ਸਨ । ਰੀਸੋ-ਰੀਸ ਹੋਰਾਂ ਨੂੰ ਵੀ ਛੂਛਕ ਭੇਜਣ ਅਤੇ ਛੂਛਕ ਲਿਆਉਣ ਲਈ ਹੌਂਸਲਾ ਮਿਲਦਾ ਸੀ । ਜ਼ਿਆਦਾ ਸਾਮਾਨ ਮੰਜਾ ਬਿਸਤਰਾ ਅਤੇ ਗਹਿਣੇ ਵਗੈਰਾ ਹੁੰਦੇ ਸਨ । ਛੋਟੇ ਬਾਲਕ ਲਈ ਉਸਦੇ ਮੇਚ ਦੀ ਛੋਟੀ ਮੰਜੀ ਬਣਵਾ ਕੇ ਚਾਅ ਮਲਾਰ ਪੂਰੇ ਕੀਤੇ ਜਾਂਦੇ ਸਨ । ਕਈ ਵਾਰ ਇਸ ਤੌਰ ਤਰੀਕੇ ਬਾਰੇ ਘਰ ਅਤੇ ਸ਼ਰੀਕੇ ਵਿਚ ਮਿਹਣੋ-ਮਿਹਣੀ ਵੀ ਝਲਕ ਮਾਰਦੀ ਸੀ ।
ਪਹਿਲਾ ਬੱਚਾ ਨਾਨਕੇ ਪਰਿਵਾਰ ਜੰਮਦਾ ਸੀ । ਉਸ ਨਾਲ ਨਾਨਕਾਂ ਪਰਿਵਾਰ ਦੀ ਕੁਦਰਤੀ ਸਾਂਝ ਜੁੜ ਜਾਂਦੀ ਸੀ । ਹੁਣ ਬੱਚੇ ਵੀ ਹਸਪਤਾਲਾਂ ਵਿਚ ਜੰਮਦੇ ਹਨ । ਸਰਕਾਰ ਦਾ ਉਪਰਾਲਾ ਤਾਂ ਸਿਹਤ ਪੱਖੋਂ ਸਹੀ ਹੈ ਪਰ ਅੰਦਰੂਨੀ ਸਾਂਝਾ ਅਤੇ ਖਾਸ ਕਿਸਮ ਦੀ ਖਿੱਚ ਘਸਮੰਡੀ ਗਈ ਹੈ, ਜੇ ਕੋਈ ਛੂਛਕ ਬਦਲ ਵਜੋਂ ਜੱਚਾ-ਬੱਚਾ ਨੂੰ ਬਾਜ਼ਾਰੀ ਮਹਿੰਗਾ ਸਮਾਨ ਦਿੱਤਾ ਜਾਂਦਾ ਹੈ ਤਾਂ ਇਸ ਵਿਚੋਂ ਸੱਭਿਆਚਾਰ ਦੀ ਮਹਿਕ ਨਹੀਂ ਆਉਦੀਂ ।
ਅੱਜ ਛੂਛਕ ਦਾ ਰਿਵਾਜ ਅਤੇ ਮਹਿਕ ਕਿਤਾਬਾਂ ਦੇ ਵਰਕਿਆਂ ਵਿਚ ਮਹਿਸੂਸ ਹੁੰਦੀ ਹੈ ਪਰ ਹਕੀਕਤ ਵਿਚ ਛੂਛਕ ਸੱਭਿਆਚਾਰਕ ਵੰਨਗੀ ਪੇਸ਼ ਨਹੀਂ ਕਰਦੀ ਭਾਵੇਂ ਛੂਛਕ ਦੇ ਬਦਲ ਵਜੋਂ ਖਰਚ ਜ਼ਿਆਦਾ ਵੀ ਹੁੰਦਾ ਹੋਵੇ ਪਰ ਇਸ ਵਿਚੋਂ ਵਿਰਸਾ ਅਤੇ ਸੱਭਿਆਚਾਰ ਗਾਇਬ ਹੈ । ਨੂੰਹ ਅਤੇ ਸੱਸ ਹੁੱਬ-ਹੁੱਬ ਕੇ ਛੂਛਕ ਬਾਰੇ ਦੱਸਦੀਆਂ ਰਹਿੰਦੀਆਂ ਸਨ । ਡੋਲੀ ਤੋਂ ਬਾਅਦ ਛੂਛਕ ਸੱਭਿਆਚਾਰ ਦਾ ਅਗਲਾ ਅਧਿਆਏ ਸੀ ।ਅੱਜ ਇਸ ਰਿਵਾਜ ਦੇ ਬਦਲੇ ਤਰੀਕਿਆਂ ਨੇਂ ਚਾਅ ਮਲਾਰ ਅਤੇ ਵਿਰਸਾ ਘਸਮੈਲਾ ਕਰਨ ਦਾ ਯਤਨ ਕੀਤਾ ਹੈ । ਭਾਵੇਂ ਸਮੇਂ ਦੇ ਹਾਣੀ ਵੀ ਬਣ ਜਾਈਏ ਪਰ ਕਿਤਾਬਾਂ ਵਿੱਚ ਪੜ੍ਹ ਸੁਣ ਕੇ ਹਰ ਪੰਜਾਬੀ ਪੁਰਾਤਨ ਰਿਵਾਜਾ ਲਈ ਖਿੱਚਿਆ ਜਾਂਦਾ ਹੈ । ਅੱਜ ਛੂਛਕ ਦਾ ਬਹੁਤਾ ਰਿਵਾਜ ਭਾਵੇਂ ਨਹੀਂ ਰਿਹਾ ਪਰ ਵਿਰਸੇ ਵਿਚ ਇਸਦਾ ਨਾਮ ਅਤੇ ਮਹਿਕ ਕਾਇਮ ਹੈ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
