ਨਾਵਲ ਕੌਰਵ ਸਭਾ : ਕਾਂਡ- 14

10/11/2020 4:45:03 PM

ਹੁਣ ਉਹ ਕਿਧਰ ਜਾਣ? ਕਿਸ ਕੋਲ ਜਾਣ?

ਬਾਬੂ ਜੀ ਦੀ ਕੋਠੀ ਦੇ ਬਾਹਰ, ਚੌਰਾਹੇ ਕੋਲ ਖੜੋ ਕੇ ਉਹ ਸੋਚਣ ਲੱਗੇ। “ਭਾਈ ਸਾਹਿਬ ਕਪਤਾਨ ਕੋਲ ਸਿਫ਼ਾਰਸ਼ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਨਾਂ ਵਿੱਚ ਆ ਗਿਆ ਹੈ ਜਾਂ ਹਾਲੇ ਬਚੇ ਹੋਏ ਹਾਂ? ਹੋ ਸਕਦਾ ਹੈ ਠੇਕੇਦਾਰ ਮਾਰ ਸਹਿ ਗਿਆ ਹੋਵੇ?”

ਨੀਰਜ ਕਾਹਲ ਵਿੱਚ ਕਦਮ ਪੁੱਟਣ ਦੇ ਹੱਕ ਵਿੱਚ ਨਹੀਂ ਸੀ।

“ਤੂੰ ਹਲੇ ਛੋਟਾ ਹੈਂ। ਪੁਲਸ ਦੇ ਹੱਥ ਬੜੇ ਲੰਬੇ ਹੁੰਦੇ ਹਨ। ਹੁਣ ਤਕ ਉਹ ਕਦੋਂ ਦੇ ਮਸਲੇ ਦੀ ਤੈਅ ਤਕ ਪੁੱਜ ਗਏ ਹੋਣਗੇ। ਫੇਰ ਵੀ ਜੇ ਤੂੰ ਕਹਿੰਦਾ ਹੈਂ ਤਾਂ ਪਹਿਲਾਂ ਸ਼ੱਕ ਕੱਢ ਲੈਂਦੇ ਹਾਂ।”

ਛੋਟੇ ਭਰਾ ਦਾ ਦਿਲ ਰੱਖਣ ਲਈ ਪੰਕਜ ਨੀਰਜ ਨਾਲ ਸਹਿਮਤ ਹੋ ਗਿਆ।

“ਚੱਲ ਆਪਣੇ ਪ੍ਰਧਾਨ ਵੱਲ ਚੱਲ! ਉਹ ਆਪੇ ਰਾਹ ਲੱਭ !”

ਦਿਮਾਗ਼ ’ਤੇ ਬੋਝ ਪਾ ਕੇ ਪੰਕਜ ਨੇ ਈਜਹੇ ਮੋਹਤਬਰ ਦਾ ਨਾਂ ਸੋਚਿਆ, ਜਿਹੜਾ ਪੁਲਸ ਦੀ ਗੁਪਤ ਸੂਚਨਾ ਨੂੰ ਸੰਨ੍ਹ ਲਾ ਸਕਦਾ ਸੀ।

ਨੀਰਜ ਨੂੰ ਪੰਕਜ ਦਾ ਸੁਝਾਅ ਪਸੰਦ ਆਇਆ। ਅਗਲੇ ਹੀ ਪਲ ਉਨ੍ਹਾਂ ਨੇ ਗੱਡੀ ‘ਭਾਰੀ ਉਦਯੋਗ ਮਾਲਕ ਸੰਘ’ ਦੇ ਪ੍ਰਧਾਨ ਅਨਿਲ ਜੈਨ ਦੀ ਫੈਕਟਰੀ ਅੱਗੇ ਲਾ ਦਿੱਤੀ।

“ਬੱਚੂ ਕਿਉਂ ਘਬਰਾਉਂਦੇ ਹੋ? ਥਾਣੇਦਾਰ ਇਥੇ ਆਏਗਾ। ਆਪਣੀ ਜ਼ੁਬਾਨੀ ਸਭ ਕੁੱਝ ਦੱਸ ਕੇ ਜਾਏਗਾ।”

ਪ੍ਰਧਾਨ ਨੇ ਹੈਂਕੜ ਦਿਖਾਈ।

ਝੱਟ ਉਸਨੇ ਮੁੱਖ ਅਫ਼ਸਰ ਨੂੰ ਫ਼ੋਨ ਕੀਤਾ। ਨਾਲ ਇਸ਼ਾਰਾ ਵੀ। ਥਾਣੇਦਾਰ ਦਾ ਦਸ ਹਜ਼ਾਰ ਉਸਦੇ ਦਰਾਜ ਵਿੱਚ ਪਿਆ ਸੀ। ਨਾਲੇ ਉਹ ਆਪਣਾ ਨਜ਼ਰਾਨਾ ਲੈ ਜਾਏ ਨਾਲੇ ਤਾਜ਼ੀ ਸਥਿਤੀ ਉਪਰ ਰੋਸ਼ਨੀ ਪਾ ਜਾਏ।

ਮੁੱਖ ਅਫ਼ਸਰ ਤਫ਼ਤੀਸ਼ ਵਿੱਚ ਰੁੱਝਾ ਹੋਇਆ ਸੀ। ਇੱਕ ਮਿੰਟ ਦੀ ਫੁਰਸਤ ਨਹੀਂ ਸੀ। ਪਰ ਉਹ ਪ੍ਰਧਾਨ ਨੂੰ ਨਰਾਜ਼ ਵੀ ਨਹੀਂ ਸੀ ਕਰ ਸਕਦਾ। ਉਪਰੋਂ ਜਦੋਂ ਵੱਡੀ ਵਗਾਰ ਪੈਂਦੀ ਸੀ ਤਾਂ ਅੜਿਆ ਗੱਡਾ ਪ੍ਰਧਾਨ ਹੀ ਕੱਢਦਾ ਸੀ। ਵੱਡੇ ਸਨਅਤਕਾਰਾਂ ਦਾ ਉਹ ਪ੍ਰਧਾਨ ਸੀ। ਸਨਅਤਕਾਰਾਂ ਨੂੰ ਜਦੋਂ ਭੀੜ ਪੈਂਦੀ ਸੀ ਉਹ ਅਨਿਲ ਵੱਲ ਭੱਜਦੇ ਸਨ। ਪ੍ਰਧਾਨ ਮੁੱਖ ਅਫ਼ਸਰ ਨੂੰ ਫ਼ੀਸ ਪਹਿਲਾਂ ਦਿਵਾਉਂਦਾ ਸੀ ਕੰਮ ਪਿੱਛੋਂ ਦੱਸਦਾ ਸੀ। ਪ੍ਰਧਾਨ ਦੀ ਪਹੁੰਚ ਚੰਡੀਗੜ੍ਹ ਦੇ ਪੁਲਸ ਅਧਿਕਾਰੀਆਂ ਤਕ ਸੀ। ਕਦੇ ਬਦਲੀ ਹੁੰਦੀ ਦਿੱਸੇ ਜਾਂ ਕਿਸੇ ਪੁੱਛ-ਪੜਤਾਲ ਦਾ ਖ਼ਤਰਾ ਹੋਵੇ, ਉਹ ਝੱਟ ਫ਼ੋਨ ਖੜਕਾ ਕੇ ਠੱਲ੍ਹ ਪਾ ਦਿੰਦਾ ਸੀ। ਮੁੱਖ ਅਫ਼ਸਰ ਪ੍ਰਧਾਨ ਨੂੰ ਨਾਂਹ ਨਹੀਂ ਸੀ ਕਰ ਸਕਦਾ।

ਰੇਡ ਕਰਨ ਦਾ ਬਹਾਨਾ ਲਾ ਕੇ ਉਹ ਪ੍ਰਧਾਨ ਦੀ ਫੈਕਟਰੀ ਪੁੱਜ ਗਿਆ। ਪੰਕਜ ਅਤੇ ਨੀਰਜ ਮੁੱਖ ਅਫ਼ਸਰ ਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ। ਉਹ ਨਾਲ ਦੇ ਕਮਰੇ ਵਿੱਚ ਚਲੇ ਗਏ।

ਪ੍ਰਧਾਨ ਨੇ ਠੰਡਾ ਪਿਛੋਂ ਪੁੱਛਿਆ, ਨੋਟ ਪਹਿਲਾਂ ਪੇਸ਼ ਕੀਤੇ। ਫੇਰ ਆਪਣੀ ਗਰਜ਼ ਦੱਸੀ।

ਪ੍ਰਧਾਨ ਕਤਲ ਕਾਂਡ ਬਾਰੇ ਕੁੱਝ ਜਾਨਣਾ ਚਾਹੁੰਦਾ ਸੀ। ਇਹ ਸੁਣ ਕੇ ਮੁੱਖ ਅਫ਼ਸਰ ਨੂੰ ਕਾਂਬਾ ਛਿੜ ਗਿਆ।

ਅਸਲੀਅਤ ਇਹ ਸੀ ਕਿ ਇਸ ਕੇਸ ਦੀ ਤਫ਼ਤੀਸ਼ ਕਪਤਾਨ ਖ਼ੁਦ ਕਰ ਰਿਹਾ ਸੀ। ਕਿਸੇ ਗੱਲੋਂ ਕਪਤਾਨ ਨੂੰ ਮੁੱਖ ਅਫ਼ਸਰ ਤੇ ਸ਼ੱਕ ਹੋ ਗਿਆ ਸੀ। ਕਾਰਵਾਈ ਉਸ ਤੋਂ ਗੁਪਤ ਰੱਖੀ ਜਾ ਰਹੀ ਸੀ।

ਦਸ ਹਜ਼ਾਰ ਦੇ ਨੋਟ ਉਸਦੀ ਜੇਬ ਵਿੱਚ ਪੈ ਚੁੱਕੇ ਸਨ। ਇਨ੍ਹਾਂ ਨੂੰ ਹਜ਼ਮ ਕਰਨ ਲਈ ਉਸਨੂੰ ਝੂਠ ਬੋਲਣਾ ਪੈਣਾ ਸੀ।

“ਪੰਕਜ ਹੋਰਾਂ ਬਾਰੇ ਹਾਲੇ ਤਕ ਕੁੱਝ ਵੀ ਮਿਸਲ ’ਤੇ ਨਹੀਂ ਆਇਆ। ਉਂਗਲ ਉਨ੍ਹਾਂ ਵੱਲ ਉਠ ਰਹੀ ਹੈ। ਪਰ ਹਾਲੇ ਕੋਈ ਖ਼ਤਰਾ ਨਹੀਂ। ਵੈਸੇ ਸਾਵਧਾਨ ਰਹਿਣਾ ਚਾਹੀਦਾ ਹੈ।”

ਖ਼ੂਹ ਵਿੱਚ ਇੱਟ ਸੁੱਟ ਕੇ ਮੁੱਖ ਅਫ਼ਸਰ ਖਿਸਕ ਗਿਆ।

ਪ੍ਰਧਾਨ ਖੁਸ਼ ਸੀ। ਥਾਣੇ ਦਾ ਮੁੱਖ ਅਫ਼ਸਰ ਉਸ ਕੋਲ ਖੁਦ ਚੱਲ ਕੇ ਆਇਆ ਸੀ। ਪ੍ਰਧਾਨ ਲਈ ਇਹ ਫ਼ਖਰ ਵਾਲੀ ਗੱਲ ਸੀ। ਜੇ ਉਹ ਕਹਿੰਦਾ ਸੀ ਕੋਈ ਖ਼ਤਰਾ ਨਹੀਂ ਤਾਂ ਸਮਝੋ ਕੋਈ ਖ਼ਤਰਾ ਨਹੀਂ।

ਪਰ ਪੰਕਜ ਹੋਰਾਂ ਦਾ ਮਨ ਟਿਕ ਨਹੀਂ ਸੀ ਰਿਹਾ। ਉਹ ਉਂਗਲ ਉਨ੍ਹਾਂ ਵੱਲ ਉੱਠਣ ਅਤੇ ਸਾਵਧਾਨ ਰਹਿਣ ਬਾਰੇ ਵੀ ਕਹਿ ਕੇ ਗਿਆ ਸੀ। ਇਨ੍ਹਾਂ ਸੰਕੇਤਾਂ ਦਾ ਮਤਲਬ ਸਮਝਣਾ ਚਾਹੀਦਾ ਸੀ।

ਪਹਿਲਾਂ ਠੇਕੇਦਾਰਾ ਦੇ ਫੜੇ ਜਾਣ ਅਤੇ ਉਸਦੇ ਘਰੋਂ ਚੋਰੀ ਹੋਏ ਸਮਾਨ ਦੇ ਫੜੇ ਜਾਣ ਦੀ ਖ਼ਬਰ ਨਿਕਲੀ ਸੀ। ਹੁਣੇ-ਹੁਣੇ ਨਵੀਂ ਖ਼ਬਰ ਆਈ ਸੀ। ਪੁਲਸ ਨੇ ਠੇਕੇਦਾਰ ਕੋਲੋਂ ਇੱਕ ਜੇਬੀ ਡਾਇਰੀ ਫੜੀ ਸੀ। ਉਸ ਡਾਇਰੀ ਵਿੱਚ ਪੰਕਜ ਦਾ ਫ਼ੋਨ ਨੰਬਰ ਦਰਜ ਸੀ। ਉਸਦੀ ਜੇਬ ਵਿਚੋਂ ਉਨ੍ਹਾਂ ਦਾ ਵਿਜ਼ਟਿੰਗ ਕਾਰਡ ਵੀ ਨਿਕਲਿਆ ਸੀ। ਇਹ ਸਮਾਚਾਰ ਸ਼ੁਭ ਨਹੀਂ ਸਨ।

ਪ੍ਰਧਾਨ ਕੋਲ ਬੈਠੇ-ਬੈਠੇ ਮੋਬਾਇਲ ਕੰਪਨੀ ਦੇ ਮੈਨੇਜ਼ਰ ਦਾ ਫ਼ੋਨ ਆ ਗਿਆ। ਪੁਲਸ ਪੰਕਜ ਹੋਰਾਂ ਦੇ ਫ਼ੋਨ ਨੰਬਰਾਂ ਦੀ ਲਿਸਟ ਅਤੇ ਉਨ੍ਹਾਂ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ ਕੀਤੇ ਫ਼ੋਨਾਂ ਦੀ ਸੂਚਨਾ ਲੈਣ ਆਈ ਸੀ। ਕੰਪਨੀ ਨੂੰ ਸ਼ੱਕ ਸੀ ਪੁਲਸ ਉਨ੍ਹਾਂ ਦੇ ਫ਼ੋਨ ਟੇਪ ਕਰ ਰਹੀ ਸੀ। ਉਹ ਕੰਪਨੀ ਦੇ ਪੱਕੇ ਗਾਹਕ ਸਨ। ਇਸ ਲਈ ਫ਼ੋਨ ਕੰਪਨੀ ਨੇ ਉਨ੍ਹਾਂ ਨੂੰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਇਆ ਸੀ। ਅੱਗੇ ਉਹ ਜੋ ਠੀਕ ਸਮਝਣ ਕਰਨ। 

ਨੀਰਜ ਨੇ ਵੱਡੇ ਭਰਾ ਨੂੰ ਸਮਝਾਇਆ। ਹੁਣ ਹਵਾਈ ਕਿਲ੍ਹੇ ਉਸਾਰਨ ਦਾ ਸਮਾਂ ਨਹੀਂ ਸੀ। ਉਨ੍ਹਾਂ ਨੂੰ ਅੰਡਰ-ਗਰਾਊਂਡ ਹੋ ਜਾਣਾ ਚਾਹੀਦਾ ਸੀ।

ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਬਚਾਅ ਦੇ ਢੰਗ ਤਰੀਕੇ ਸੋਚਣੇ ਚਾਹੀਦੇ ਸਨ।

ਕਿਸੇ ਵਧੀਆ ਵਕੀਲ ਰਾਹੀਂ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਸੀ।ਪੰਕਜ ਨੀਰਜ ਨਾਲ ਸਹਿਮਤ ਸੀ।ਝੱਟ ਉਨ੍ਹਾਂ ਨੇ ਆਪਣੀ ਗੱਡੀ ਗੈਰਜ ਵਿੱਚ ਲਾ ਦਿੱਤੀ। ਮੋਬਾਈਲ ਫ਼ੋਨ ਬੰਦ ਕਰ ਦਿੱਤੇ।

ਅਗਲੀ ਨੀਤੀ ਘੜਨ ਲਈ ਉਹ ਪੰਕਜ ਦੇ ਸਾਂਢੂ ਦੇ ਭਰਾ ਅਜੇ ਦੀ ਫੈਕਟਰੀ ਜਾ ਬੈਠੇ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਪੜ੍ਹ ਸਕਦੇ ਹੋ। ਇਸ ਨਾਵਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹੇਠ ਦਿੱਤੇ ਲਿੰਕ ’ਤੇ ਜਾ ਕੇ ਕਲਿੱਕ ਕਰੋ ਅਤੇ ਪੜ੍ਹੋ...

 ਨਾਵਲ ਕੌਰਵ ਸਭਾ : ਕਾਂਡ- 13

ਨਾਵਲ ਕੌਰਵ ਸਭਾ : ਕਾਂਡ- 12

ਨਾਵਲ ਕੌਰਵ ਸਭਾ : ਕਾਂਡ- 11


rajwinder kaur

Content Editor

Related News