ਨਾਵਲ ਕੌਰਵ ਸਭਾ : ਕਾਂਡ- 13
Sunday, Oct 04, 2020 - 06:39 PM (IST)
ਠੇਕੇਦਾਰ ਦੇ ਘਰ ਛਾਪਾ ਪੈਂਦਿਆਂ ਹੀ ਪੰਕਜ ਹੋਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਆਪਣੀ ਜਾਣੇ ਉਨ੍ਹਾਂ ਨੇ ਸਾਜ਼ਿਸ਼ ਬਹੁਤ ਸੋਚ ਵਿਚਾਰ ਕੇ ਘੜੀ ਸੀ। ਪਰ ਪੁਲਸ ਨੇ ਵਾਰਦਾਤ ਦੇ ਬਹੱਤਰ ਘੰਟਿਆਂ ਦੇ ਅੰਦਰ-ਅੰਦਰ ਇੱਕ ਦੋਸ਼ੀ ਵੀ ਫੜ ਲਿਆ ਅਤੇ ਚੋਰੀ ਹੋਇਆ ਬਹੁਤ ਸਾਰਾ ਸਮਾਨ ਵੀ ਬਰਾਮਦ ਕਰ ਲਿਆ।
ਠੇਕੇਦਾਰ ਰਾਹੀਂ ਪੁਲਸ ਦੇ ਹੱਥ ਕਿਸੇ ਵੀ ਸਮੇਂ ਉਨ੍ਹਾਂ ਤਕ ਪੁੱਜ ਸਕਦੇ ਸਨ। ਚੰਗਾ ਹੋਵੇ ਜੇ ਪਹਿਲਾਂ ਹੀ ਮੌਕਾ ਸੰਭਾਲ ਲਿਆ ਜਾਵੇ। ਤਫ਼ਤੀਸ਼ ਜਿੱਥੇ ਹੈ ਉੱਥੇ ਹੀ ਰੁਕਵਾ ਦਿੱਤੀ ਜਾਵੇ। ਗ੍ਰਿਫ਼ਤਾਰੀ ਭਈਆਂ ਤਕ ਸੀਮਤ ਕਰਵਾ ਦਿੱਤੀ ਜਾਵੇ।
ਸਭ ਤੋਂ ਪਹਿਲਾਂ ਪੰਕਜ ਨੇ ਐੱਮ.ਪੀ.ਸਾਹਿਬ ਨੂੰ ਫ਼ੋਨ ਕੀਤਾ। ਉਹ ਘਰੋਂ ਬਾਹਰ ਨਾ ਜਾਣ। ਪੰਕਜ ਉਨ੍ਹਾਂ ਵੱਲ ਆ ਰਿਹਾ ਸੀ। ਉਸਨੂੰ ਬਾਬੂ ਜੀ ਦੀ ਸਹਾਇਤਾ ਦੀ ਜ਼ਰੂਰਤ ਸੀ।
ਪੰਕਜ ਨੇ ਠੀਕ ਸਮੇਂ ਫ਼ੋਨ ਕੀਤਾ ਸੀ। ਫ਼ੋਨ ਕੁੱਝ ਸਕਿੰਟ ਲੇਟ ਹੋਇਆ ਹੁੰਦਾ ਉਹ ਦਿੱਲੀ ਲਈ ਨਿਕਲ ਗਏ ਹੁੰਦੇ। ਬਾਬੂ ਜੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸੀ। ਬਹੁਤਾ ਲੇਟ ਹੋਣ ਦੀ ਗੁੰਜਾਇਸ਼ ਨਹੀਂ ਸੀ। ਪੰਕਜ ਨੂੰ ਉਨ੍ਹਾਂ ਨੇ ਤੁਰੰਤ ਬੁਲਾ ਲਿਆ।
“ਪੁਲਿਸ ਦੀ ਕੀ ਮਜਾਲ ਹੈ ਤੁਹਾਨੂੰ ਝੂਠੇ ਕੇਸ ਵਿੱਚ ਫਸਾ ਲਏ? ਠੀਕ ਹੈ ਭਤੀਜਿਆਂ ਦੀ ਚਾਚੇ ਨਾਲ ਮੁਕੱਦਮੇਬਾਜ਼ੀ ਚੱਲਦੀ ਹੈ। ਪਰ ਇਸਦਾ ਇਹ ਮਤਲਬ ਥੋੜ੍ਹਾ ਹੈ ਕਿ ਭਤੀਜੇ ਚਾਚੇ ਦੇ ਘਰ ਡਾਕਾ ਪਵਾ ਦੇਣਗੇ? ਚਾਚੇ ਦੇ ਮੁੰਡੇ ਦਾ ਕਤਲ ਕਰਵਾ ਦੇਣਗੇ। ਪੁਲਿਸ ਤੁਹਾਡੀ’ਵਾ ਵੱਲ ਨਹੀਂ ਝਾਕ ਸਕਦੀ।”
ਪੰਕਜ ਦੀ ਗੱਲ ਸੁਣਕੇ ਬਾਬੂ ਜੀ ਨੂੰ ਪੁਲਿਸ ਦੀ ਵਧੀਕੀ ਤੇ ਗੁੱਸਾ ਆਇਆ ਸੀ।
ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਕਿ ਵਾਰਦਾਤ ਵਾਲੇ ਦਿਨ ਦੋਵੇਂ ਭਰਾ ਉਸ ਨਾਲ ਦਿੱਲੀ ਸਨ ਤਾਂ ਸ਼ਾਇਦ ਬਾਬੂ ਜੀ ਉਸਤੇ ਯਕੀਨ ਨਾ ਕਰਦੇ। ਪਰ ਹੁਣ ਇਹ ਗੱਲ ਉਹ ਖ਼ੁਦ ਆਖ ਰਹੇ ਸਨ। ਵਾਰਦਾਤ ਵਾਲੀ ਰਾਤ ਪੰਕਜ ਅਤੇ ਨੀਰਜ ਬਾਬੂ ਜੀ ਦੇ ਨਾਲ ਸਨ। ਉਸ ਤੋਂ ਇੱਕ ਦਿਨ ਪਹਿਲਾਂ ਉਹ ਇਕੱਠੇ ਦਿੱਲੀ ਗਏ ਸਨ। ਇਕੱਠੇ ਦਿੱਲੀ ਘੁੰਮਦੇ ਰਹੇ ਸਨ। ਵਾਰਦਾਤ ਦੀ ਖ਼ਬਰ ਉਨ੍ਹਾਂ ਨੂੰ ਦਿੱਲੀ ਮਿਲੀ ਸੀ। ਬਾਕੀ ਦੇ ਕੰਮ ਵਿੱਚ ਛੱਡਕੇ ਉਹ ਵਾਪਸ ਮਾਇਆ ਨਗਰ ਆ ਗਏ ਸਨ। ਫੇਰ ਪੰਕਜ ਅਤੇ ਉਸਦਾ ਭਰਾ ਵਾਰਦਾਤ ਵਿੱਚ ਭਾਗੀਦਾਰ ਕਿਸ ਤਰ੍ਹਾਂ ਹੋਏ? ਪੁਲਸ ਦੀ ਵਧੀਕੀ ਤੇ ਬਾਬੂ ਜੀ ਨੂੰ ਹੈਰਾਨੀ ਹੋ ਰਹੀ ਸੀ।
ਉਨ੍ਹਾਂ ਦਾ ਇਕੱਠੇ ਦਿੱਲੀ ਜਾਣ ਦਾ ਪ੍ਰੋਗਰਾਮ ਕਈ ਮਹੀਨੇ ਤੋਂ ਲਟਕਦਾ ਆ ਰਿਹਾ ਸੀ। ਕਈ ਕੰਮ ਅੜੇ ਪਏ ਸਨ। ਕਦੇ ਬਾਬੂ ਜੀ ਕੋਲ ਵਕਤ ਨਹੀਂ ਸੀ ਹੁੰਦਾ। ਕਦੇ ਪੰਕਜ ਨੂੰ ਅੜਚਨ ਪੈ ਜਾਂਦੀ ਸੀ।
ਬੜੀ ਮੁਸ਼ਕਲ ਨਾਲ ਦੋਹਾਂ ਧਿਰਾਂ ਨੂੰ ਇਕੱਠਿਆਂ ਵਿਹਲ ਮਿਲੀ ਸੀ। ਬਾਬੂ ਜੀ ਦੀ ਸਨਅਤ-ਮੰਤਰੀ ਨਾਲ ਮੁਲਾਕਾਤ ਸੀ। ਬਾਬੂ ਜੀ ਮਾਇਆ ਨਗਰ ਲਈ ਭਾਰੇ ਉਦਯੋਗ ਦੀ ਮੰਗ ਕਰ ਰਹੇ ਸਨ। ਉਨ੍ਹਾਂ ਵਿਚੋਂ ਕੁੱਝ ਉਦਯੋਗਾਂ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਸੀ। ਮੰਤਰੀ ਅਤੇ ਐਮ.ਪੀ.ਵਿਚਕਾਰ ਇਸੇ ਮੁੱਦੇ ਤੇ ਵਿਚਾਰ ਹੋਣੀ ਸੀ।
ਪੰਕਜ ਹੋਰੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਨ ਨੂੰ ਫਿਰਦੇ ਸਨ। ਕੁਝ ਦਿਨਾਂ ਤੋਂ ਪੰਕਜ ਨੂੰ ਦਿਲ ਦੀ ਕਿਸੇ ਬੀਮਾਰੀ ਦੇ ਲੱਗ ਜਾਣ ਦਾ ਸ਼ੱਕ ਪੈ ਰਿਹਾ ਸੀ। ਮਾਇਆ ਨਗਰ ਦੇ ਡਾਕਟਰਾਂ ਦੇ ਕੁੱਝ ਪੱਲੇ ਨਹੀਂ ਸੀ ਪੈ ਰਿਹਾ। ਉਹ ਦਿੱਲੀ ਦੇ ‘ਅਸਕਾਰਟ’ ਹਸਪਤਾਲ ਵਿੱਚ ਮੁਆਇਨਾ ਕਰਾਉਣਾ ਚਾਹੁੰਦਾ ਸੀ।
ਨਾਲੇ ਮੁਆਇਨਾ ਹੋ ਜਾਣਾ ਸੀ ਨਾਲੇ ਐੱਮ.ਪੀ.ਸਾਹਿਬ ਨਾਲ ਦੋ ਦਿਨਾਂ ਦੀ ਲੰਬੀ ਮੁਲਾਕਾਤ ਦੌਰਾਨ ਘਰੇਲੂ, ਵਿਉਪਾਰਕ ਅਤੇ ਜਨਤਕ ਮਸਲਿਆਂ ਉਪਰ ਵਿਚਾਰ ਵਟਾਂਦਰਾ ਹੋ ਜਾਣਾ ਸੀ। ਸੱਨਅਤ-ਮੰਤਰੀ ਨਾਲ ਮੁਲਾਕਾਤ ਸੀ। ਕਿਸੇ ਨਵੇਂ ਪ੍ਰੋਜੈਕਟ ਤੇ ਹੱਥ ਵੱਜ ਸਕਦਾ ਸੀ।
ਬਾਬੂ ਜੀ ਲਈ ਵੀ ਉਨ੍ਹਾਂ ਦਾ ਸਾਥ ਸੁਖਾਵਾਂ ਸੀ। ਸਿਟੀ ਹੋਂਡਾ ਕਾਰ, ਸੇਵਾ ਲਈ ਦੋ ਅਮੀਰਜ਼ਾਦੇ ਤਿਆਰ-ਬਰਤਿਆਰ। ਪੂੰਜੀ ਸੇਠਾਂ ਦੀ, ਸਿਫਾਰਸ਼ ਐਮ.ਪੀ.ਦੀ। ਕੋਈ ਮੋਟੀ ਮੁਰਗੀ ਹੱਥ ਲਗ ਗਈ ਤਾਂ ਮੁਫ਼ਤ-ਮੁਫ਼ਤ ਵਿੱਚ ਬਾਬੂ ਜੀ ਦੀ ਉਮਰ ਭਰ ਦੀ ਰੋਟੀ ਦਾ ਜੁਗਾੜ ਬਣ ਜਾਣਾ ਸੀ।
ਦੋਵੇਂ ਭਰਾ, ਬਾਬੂ ਜੀ ਅਤੇ ਗੰਨਮੈਨ ਸਵੇਰੇ ਪੰਜ ਵਜੇ ਮਾਇਆ ਨਗਰੋਂ ਨਿਕਲੇ ਸਨ। ਨੌਂ ਵਜੇ ਉਹ ਐੱਮ.ਪੀ.ਸਾਹਿਬ ਦੇ ਫਲੈਟ ਤੇ ਪੁੱਜ ਗਏ ਸਨ। ਦੋ ਘੰਟੇ ਬਾਬੂ ਜੀ ਨੇ ਅਰਾਮ ਕੀਤਾ। ਫੇਰ ਘੰਟਾ ਫ਼ੋਨ ਘੁਮਾਏ। ਫਰੈਸ਼ ਹੋਏ, ਨਾਸ਼ਤਾ ਕੀਤਾ ਅਤੇ ਕੰਮਾਂਕਾਰਾਂ ਲਈ ਨਿਕਲ ਪਏ। ਸਨਅਤ-ਮੰਤਰੀ ਨੂੰ ਸ਼ਾਮ ਨੂੰ ਛੇ ਵਜੇ ਮਿਲਣਾ ਸੀ।
ਪੰਜ ਵਜੇ ਤਕ ਪੰਕਜ ਆਪਣਾ ਮੁਆਇਨਾ ਕਰਵਾ ਲਏ। ਤਦ ਤਕ ਬਾਬੂ ਜੀ ਛੋਟੇ ਮੋਟੇ ਕੰਮ ਨਬੇੜ ਲੈਣਗੇ।
ਪੰਜ ਵਜੇ ਤਕ ਪੰਕਜ ਦੇ ਹਸਪਤਾਲ ਵਿੱਚ ਟੈਸਟ ਹੁੰਦੇ ਰਹੇ। ਖ਼ੂਨ ਤੋਂ ਲੈ ਕੇ ਗੁਰਦੇ ਤਕ ਦੀ ਜਾਂਚ ਹੋਈ। ਹਰ ਟੈਸਟ ਦੀ ਰਿਪੋਰਟ ਠੀਕ ਆ ਰਹੀ ਸੀ। ਆਏ ਸਨ ਤਾਂ ਕੰਮ ਨਬੇੜਿਆ ਜਾਵੇ। ਕਿਸੇ ਸਿੱਟੇ ਤੇ ਪੁੱਜਿਆ ਜਾਵੇ। ਡਾਕਟਰ ਟੈਸਟਾਂ ਦੀ ਲਿਸਟ ਲੰਬੀ ਕਰਦੇ ਗਏ। ਪੰਕਜ ਬਿਨਾਂ ਝਿਜਕ ਪੈਸੇ ਭਰਦਾ ਰਿਹਾ।
ਕੋਈ ਨੁਕਸ ਲੱਭੇ ਤਾਂ ਡਾਕਟਰ ਕਿਸੇ ਸਿੱਟੇ ਤੇ ਪੁੱਜਣ। ਸਿੱਟੇ ’ਤੇ ਪੁੱਜਣ ਲਈ ਹੋਰ ਟੈਸਟ ਜ਼ਰੂਰੀ ਸਨ।
ਅਗਲੇ ਦਿਨ ਇੱਕ ਵਾਰ ਫਿਰ ਆਉਣ ਲਈ ਆਖਿਆ ਗਿਆ।
ਸਨਅਤ-ਮੰਤਰੀ ਨਾਲ ਤੈਅ ਹੋਈ ਮੁਲਾਕਾਤ 6 ਤੋਂ 8 ਅਤੇ 8 ਤੋਂ 11 ਤਕ ਖਿਸਕ ਗਈ। ਮੰਤਰੀ ਵਿਦੇਸ਼ ਤੋਂ ਆਏ ਕਿਸੇ ਵਫ਼ਦ ਨਾਲ ਹੋ ਰਹੀ ਮੀਟਿੰਗ ਵਿੱਚ ਰੁੱਝਾ ਹੋਇਆ ਸੀ।
ਮੰਤਰੀ ਦੇ ਦਫ਼ਤਰ ਪੁੱਜਣ ਵਿੱਚ ਹੋ ਰਹੀ ਦੇਰੀ ਕਾਰਨ ਮੁਲਾਕਾਤੀਆਂ ਦੀ ਗਿਣਤੀ ਸੈਂਕੜਿਆਂ ਤਕ ਪੁੱਜ ਗਈ। ਸੂਬਿਆਂ ਦੇ ਕੁੱਝ ਮੰਤਰੀ ਅਤੇ ਹੋਰ ਐਮ.ਪੀ.ਮੁਲਾਕਾਤੀਆਂ ਵਿੱਚ ਸ਼ਾਮਲ ਹੋ ਗਏ। ਬਾਬੂ ਜੀ ਨੂੰ ਅਜਿਹੇ ਮਾਹੌਲ ਵਿੱਚ ਹੋਣ ਵਾਲੀ ਮੁਲਾਕਾਤ ਵਿਚੋਂ ਬਹੁਤਾ ਕੁੱਝ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਉਨ੍ਹਾਂ ਕੱਲ੍ਹ ਤਿੰਨ ਵਜੇ ਦਾ ਸਮਾਂ ਨਿਸ਼ਚਤ ਕਰਵਾਇਆ ਅਤੇ ਵਾਪਸ ਫਲੈਟ ਤੇ ਆ ਗਏ।
ਅਗਲਾ ਦਿਨ ਇਸੇ ਤਰ੍ਹਾਂ ਲੰਘਿਆ। ਇੱਕ ਵਜੇ ਤਕ ਦੋਵੇਂ ਭਰਾ ਹਸਪਤਾਲ ਵਿੱਚ ਰਹੇ। ਫੇਰ ਕੁੱਝ ਅਸਾਮੀਆਂ ਨਾਲ ਹਿਸਾਬ ਕਰਨ ਚਲੇ ਗਏ। ਬਾਬੂ ਜੀ ਦਫ਼ਤਰਾਂ ਵਿੱਚ ਘੁੰਮਦੇ ਰਹੇ।
ਸਨਅਤ-ਮੰਤਰੀ ਨਾਲ ਚਲਦੀ ਮੁਲਾਕਾਤ ਦੌਰਾਨ ਹੀ ਉਨ੍ਹਾਂ ਨੂੰ ਮਾਇਆ ਨਗਰ ਵਿੱਚ ਹੋਈ ਵਾਰਦਾਤ ਦੀ ਖ਼ਬਰ ਮਿਲੀ ਸੀ। ਬਾਬੂ ਜੀ ਦਾ ਲੋਕਾਂ ਦਾ ਨੁਮਾਇੰਦਾ ਹੋਣ ਕਾਰਨ ਅਤੇ ਪੰਕਜ ਹੋਰਾਂ ਦਾ ਵੇਦ ਨਾਲ ਭਾਈਚਾਰਾ ਹੋਣ ਕਾਰਨ ਉਨ੍ਹਾਂ ਦਾ ਮਾਇਆ ਨਗਰ ਪੁੱਜਣਾ ਜ਼ਰੂਰੀ ਸੀ।
ਬਾਬੂ ਜੀ ਨੇ ਬਾਕੀ ਦੇ ਪ੍ਰੋਗਰਾਮ ਮੁਲਤਵੀ ਕੀਤੇ ਅਤੇ ਗੱਡੀ ਮਾਇਆ ਨਗਰ ਵੱਲ ਮੋੜ ਲਈ।
ਵਾਰਦਾਤ ਤੋਂ ਕਰੀਬ ਚੌਵੀ ਘੰਟੇ ਪਹਿਲਾਂ ਤੋਂ ਦੋਵੇਂ ਭਰਾ ਬਾਬੂ ਜੀ ਦੇ ਨਾਲ ਸਨ। ਉਨ੍ਹਾਂ ਦੀ ਹਾਜ਼ਰੀ ਅਸਕਾਰਟ ਵਰਗੇ ਹਸਪਤਾਲ ਵਿੱਚ ਲੱਗੀ ਹੋਈ ਸੀ। ਉੱਥੇ ਪੰਕਜ ਦੇ ਸਰੀਰ ਦੇ ਅੰਗ-ਅੰਗ ਦਾ ਮੁਆਇਨਾ ਹੋਇਆ ਸੀ। ਇਸਦਾ ਸਬੂਤ ਕੰਪਿਊਟਰਾਂ ਵਿੱਚ ਦਰਜ ਸੀ। ਸਨਅਤ-ਮੰਤਰੀ ਦੀ ਕੋਠੀ ਦਾਖ਼ਲ ਹੁੰਦੇ ਸਮੇਂ ਉਨ੍ਹਾਂ ਦੇ ਗੇਟ-ਪਾਸ ਬਣੇ ਸਨ। ਉਨ੍ਹਾਂ ਪਾਸਾਂ ਉਪਰ ਉਨ੍ਹਾਂ ਦੇ ਫੋਟੋ ਲੱਗੇ ਸਨ। ਸਭ ਤੋਂ ਵੱਡਾ ਸਬੂਤ ਬਾਬੂ ਜੀ ਖ਼ੁਦ ਸਨ। ਇੱਕ ਐਮ.ਪੀ.ਝੂਠ ਥੋੜ੍ਹਾ ਬੋਲ ਸਕਦਾ ਸੀ।
ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਬਾਬੂ ਜੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਇਆ। ਲੋੜ ਪਈ ਉਹ ਮੁੱਖ-ਮੰਤਰੀ ਨਾਲ ਗੱਲ ਕਰਨਗੇ। ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਤੋਂ ਦਖ਼ਲ ਦਿਵਾਉਣਗੇ।
ਐਮ.ਪੀ.ਦੇ ਥਾਪੜੇ ਨਾਲ ਪੰਕਜ ਹੋਰਾਂ ਨੂੰ ਰਾਹਤ ਤਾਂ ਮਿਲੀ ਪਰ ਉਨ੍ਹਾਂ ਦੇ ਧੜਕਦੇ ਦਿਲਾਂ ਨੂੰ ਠੱਲ੍ਹ ਨਾ ਪਈ। ਆਪਣੇ ਮਨ ਦਾ ਚੋਰ ਉਨ੍ਹਾਂ ਨੂੰ ਬੇਚੈਨ ਕਰ ਰਿਹਾ ਸੀ। ਬਾਬੂ ਜੀ ਨਾਲ ਭੇਤ ਸਾਂਝਾ ਕਰਨ ਦਾ ਹਾਲੇ ਵਕਤ ਨਹੀਂ ਸੀ। ਹੋ ਸਕਦਾ ਹੈ ਮਾਮਲਾ ਉਂਝ ਹੀ ਠੱਪ ਹੋ ਜਾਵੇ। ਆਪਣੇ ਪੈਰ ਆਪ ਕੁਹਾੜਾ ਮਾਰਨ ਦੀ ਜ਼ਰੂਰਤ ਨਹੀਂ ਸੀ।
ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਪੜ੍ਹ ਸਕਦੇ ਹੋ। ਇਸ ਨਾਵਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹੇਠ ਦਿੱਤੇ ਲਿੰਕ ’ਤੇ ਜਾ ਕੇ ਕਲਿੱਕ ਕਰੋ ਅਤੇ ਪੜ੍ਹੋ...