ਸੰਘਰਸ਼ ਵਿੱਚੋਂ ਨਿਕਲੇ ਨਾਇਕ- ਨੇਤਾਜੀ ਸੁਭਾਸ਼ ਚੰਦਰ ਬੋਸ

Saturday, Jan 23, 2021 - 11:01 AM (IST)

ਸੰਘਰਸ਼ ਵਿੱਚੋਂ ਨਿਕਲੇ ਨਾਇਕ- ਨੇਤਾਜੀ ਸੁਭਾਸ਼ ਚੰਦਰ ਬੋਸ

ਜਲੰਧਰ (ਬਿਊਰੋ)- ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜੀਵਨ, ਸੰਘਰਸ਼ ਦੀ ਇੱਕ ਕਹਾਣੀ ਹੈ। ਇਹ ਇੱਕ ਯੁਵਾ ਸੁਪਨੇ ਦੀ ਕਹਾਣੀ ਹੈ ਜੋ ਹਰ ਅੱਖ ਵਿੱਚ ਚੇਤਨਾ, ਸੰਘਰਸ਼ ਅਤੇ ਸਫ਼ਲਤਾ ਦੀ ਗਾਥਾ ਨੂੰ ਬਿਆਨ ਕਰਦਾ ਹੈ, ਜੋ ਆਪਣੀਆਂ ਬਾਂਹਾਂ ਦੀ ਤਾਕਤ ਨਾਲ ਜ਼ਮੀਨ ਨੂੰ ਚੀਰ ਦੇਣ ਦੀ ਸ਼ਕਤੀ ਰੱਖਦਾ ਹੈ, ਜੋ ਅਸਮਾਨ ਵਿਚ ਛੇਕ ਕਰਨ ਦੀ ਗੱਲ ਕਰਦਾ ਹੈ। ਜੋ ਆਪਣੇ ਪੁਰਸ਼ਾਰਥ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਤਪਰ ਹੈ, ਜਿਸ ਨੂੰ ਮੁਫ਼ਤ ਵਿੱਚ ਕੁਝ ਵੀ ਸਵੀਕਾਰ ਨਹੀਂ ਅਤੇ ਜੇਕਰ ਉਹ ਆਜ਼ਾਦੀ ਚਾਹੁੰਦਾ ਹੈ ਤਾਂ ਉਸ ਲਈ ਆਪਣਾ ਖੂਨ ਦੇਣ ਲਈ ਤਿਆਰ ਹੈ। ਨੇਤਾ ਜੀ ਦੇ ਇੱਕ ਸੱਦੇ 'ਤੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੇਖਦੇ ਹੀ ਦੇਖਦੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਇੱਕ ਫੌਜ ਦੀ ਸਿਰਜਣਾ ਕਰ ਲਈ। ਉਨ੍ਹਾਂ ਦੇ ਕੰਠ ਵਿੱਚੋਂ ਨਿਕਲਿਆ ਇੱਕ ਨਾਅਰਾ ਤਾਂ ਅਸਮਾਨ ਵਿੱਚ ਅੰਕਿਤ ਸੀ- ਜੈ ਹਿੰਦ।

ਨੇਤਾ ਜੀ ਦਾ ਜਨਮ ਓਡੀਸ਼ਾ ਦੇ ਕਟਕ ਵਿੱਚ ਹੋਇਆ ਸੀ, ਬੰਗਾਲ ਵਿੱਚ ਕੋਲਕਾਤਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬ੍ਰਿਟੇਨ ਵਿੱਚ ਆਈ.ਸੀ.ਐੱਸ. ਅਧਿਕਾਰੀ ਬਣ ਕੇ ਆਪਣੇ ਦੁਸ਼ਮਣਾਂ ਕੋਲੋਂ ਵੀ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਪਰ ਉਨ੍ਹਾਂ ਨੂੰ ਆਪਣੀ ਨੌਕਰੀ ਦੇ ਨਾਲ ਮਿਲੇ ਆਰਾਮ ਅਤੇ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਪਸੰਦ ਨਹੀਂ ਸੀ। ਉਨ੍ਹਾਂ ਨੇ ਤਾਂ ਸੰਘਰਸ਼ ਦੀ ਗਾਥਾ ਲਿਖਣੀ ਸੀ। ਉਹ ਇੱਕ ਯੋਧੇ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜਨੀ ਸੀ। ਉਨ੍ਹਾਂ ਨੇ ਨਾ ਸਿਰਫ਼ ਆਜ਼ਾਦੀ ਦੀ ਲਹਿਰ ਨੂੰ ਪੂਰੇ ਦਿਲ ਨਾਲ ਅਪਣਾਇਆ, ਬਲਕਿ ਖੁਦ ਆਜ਼ਾਦੀ ਦੀ ਇੱਕ ਪ੍ਰੇਰਣਾ ਬਣ ਗਏ। “ਤੁਮ ਮੁਝੇ ਖੂਨ ਦੋ, ਮੈਂ ਤੁਮਹੇਂ ਆਜ਼ਾਦੀ ਦੂੰਗਾ” ਦੇ ਨਾਅਰੇ ਨਾਲ ਉਨ੍ਹਾਂ ਦੇਸ਼ ਨੂੰ ਜਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਵਿਚਾਰਾਂ ਅਤੇ ਸ਼ਖਸੀਅਤ ਵਿੱਚ ਅਜਿਹਾ ਕ੍ਰਿਸ਼ਮਾ ਸੀ ਕਿ ਜੋ ਕੋਈ ਵੀ ਉਨ੍ਹਾਂ ਦੀ ਗੱਲ ਸੁਣਦਾ ਉਹ ਉਨ੍ਹਾਂ ਵੱਲ ਖਿੱਚਿਆ ਚਲਾ ਜਾਂਦਾ ਸੀ। ਉਨ੍ਹਾਂ ਦੀ ਪ੍ਰਸਿੱਧੀ ਅਸਮਾਨ ਨੂੰ ਛੂਹਣ ਲੱਗੀ ਅਤੇ ਉਹ ਆਮ ਜਨਤਾ ਦੇ ਨੇਤਾ ਜੀ ਬਣ ਗਏ।

ਉਹ ਭਾਰਤ ਮਾਤਾ ਨੂੰ ਇੰਨਾ ਪਿਆਰ ਕਰਦੇ ਸਨ ਕਿ ਗੁਲਾਮੀ ਦੀਆਂ ਜ਼ੰਜੀਰਾਂ ਨਾਲ ਬੱਝੇ ਦੇਸ਼ ਨੂੰ ਦੇਖ ਕੇ ਉਹ ਚੈਨ ਨਾਲ ਨਹੀਂ ਰਹਿ ਸਕੇ। ਦੇਸ਼ ਲਈ ਉਨ੍ਹਾਂ ਦਾ ਪਿਆਰ ਹੀ ਸੀ ਜਿਸ ਨੇ ਇਹ ਚਮਤਕਾਰ ਕਰਾਇਆ। ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਦੇ ਲੋਕਾਂ ਵਿੱਚ ਵੀ ਉਨ੍ਹਾਂ ਲਈ ਮੋਹ ਪੈਦਾ ਹੋਇਆ। ਕਈ ਮਹੱਤਵਪੂਰਨ ਦੇਸ਼ਾਂ ਦੇ ਮੁਖੀ ਉਨ੍ਹਾਂ ਦੇ ਨਾਲ ਖੜ੍ਹੇ ਹੋਏ ਅਤੇ ਨੇਤਾ ਜੀ ਨੇ ਦੇਸ਼ ਦੇ ਬਾਹਰ ਵੀ ਸੁਤੰਤਰਤਾ ਸੰਗ੍ਰਾਮ ਦਾ ਭਾਂਬੜ ਮਚਾ ਦਿੱਤਾ। ਉਨ੍ਹਾਂ ਇੱਕ ਨਵੀਂ ਫੋਰਸ ਤਿਆਰ ਕੀਤੀ ਅਤੇ ਉਸ ਫੋਰਸ ਨੂੰ ਦੇਸ਼ ਦੇ ਦੁਸ਼ਮਣਾਂ ਸਾਹਮਣੇ ਆਜ਼ਾਦ ਹਿੰਦ ਫੌਜ (ਇੰਡੀਅਨ ਨੈਸ਼ਨਲ ਆਰਮੀ) ਵਜੋਂ ਪੇਸ਼ ਕੀਤਾ। ਉਨ੍ਹਾਂ ਇੱਕ ਨਵੇਂ ਜੋਸ਼ ਨਾਲ "ਦਿੱਲੀ ਚਲੋ" ਦਾ ਨਾਅਰਾ ਦਿੱਤਾ ਅਤੇ ਭਾਰਤ ਦੀ ਆਜ਼ਾਦੀ ਲਈ ਆਪਣੀ ਭੂਮਿਕਾ ਤੈਅ ਕੀਤੀ। ਉਨ੍ਹਾਂ ਦੀ 60,000 ਸਿਪਾਹੀਆਂ ਦੀ ਮਜ਼ਬੂਤ ਫੌਜ ਦੇ ਲਗਭਗ 26,000 ਸਿਪਾਹੀਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਸੀਨਾ ਤਾਣ ਕੇ ਜੀਣ ਲਈ ਸੁਭਾਸ਼ ਚੰਦਰ ਬੋਸ ਦੇ ਤਿਰੰਗੇ ਵਿੱਚ ਭਾਰਤ ਦਾ ਸ਼ੇਰ ਆਪਣੀ ਪੂਰੀ ਤਾਕਤ ਨਾਲ ਅੰਗ੍ਰੇਜ਼ਾਂ ਨੂੰ ਲਲਕਾਰ ਰਿਹਾ ਸੀ। ਉਸ ਦੀ ਦਹਾੜ ਬ੍ਰਿਟਿਸ਼ ਦਿਲਾਂ ਦੀਆਂ ਧੜਕਣਾਂ ਨੂੰ ਵਧਾ ਰਹੀ ਸੀ ਅਤੇ ਜਿਸਦਾ ਅੰਤਅੰਗ੍ਰੇਜ਼ਾਂ ਦੇ ਭਾਰਤ ਨੂੰ ਛੱਡ ਕੇ ਜਾਣ ਨਾਲ ਹੀ ਹੋਇਆ।
"ਸਫ਼ਲਤਾ ਹਮੇਸ਼ਾ ਅਸਫ਼ਲਤਾ ਦੇ ਥੰਮ੍ਹ’ਤੇ ਖੜ੍ਹੀ ਹੁੰਦੀ ਹੈ।" ਸੁਭਾਸ਼ ਚੰਦਰ ਬੋਸ ਇਸ ਫ਼ਲਸਫ਼ੇ ਨਾਲ ਹੀ ਜੀਏ ਅਤੇ ਦੂਜਿਆਂ ਨੂੰ ਵੀ ਇਸੇ ਨਾਲ ਹੀ ਪ੍ਰੇਰਿਤ ਕੀਤਾ।ਨੇਤਾ ਜੀ ਨੂੰ ਕਈ ਵਾਰ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਅਸਫ਼ਲਤਾਵਾਂ ਨੂੰ ਆਪਣੇ ਸੰਘਰਸ਼ ਦੇ ਨਾਲ ਇੱਕ ਜਿੱਤ ਦੀ ਗਾਥਾ ਵਿੱਚ ਤਬਦੀਲ ਕਰ ਦਿੱਤਾ। ਚਾਹੇ ਸਥਾਨਕ ਰਾਜਨੀਤੀ ਹੋਵੇ ਜਾਂਆਮ ਕਾਂਗਰਸ-ਜਨ ਤੋਂ ਕਾਂਗਰਸ ਪ੍ਰਧਾਨ ਤੱਕ ਦੀ ਯਾਤਰਾ,ਫਾਰਵਰਡ ਬਲਾਕ ਦਾ ਗਠਨ ਹੋਵੇ ਜਾਂ ਇੰਡੀਅਨ ਨੈਸ਼ਨਲ ਆਰਮੀ ਦਾ ਸੰਘਰਸ਼, ਉਨ੍ਹਾਂ ਹਰ ਪਰੀਖਿਆ ਨੂੰ ਨਿਵੇਕਲੇ ਤੌਰ ’ਤੇ ਪਾਸ ਕੀਤਾ।

ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਸਵੀਕਾਰ ਕਰ ਲਈ, ਪਰ ਵਿਡੰਬਨਾ ਇਹ ਰਹੀ ਕਿ ਗਾਂਧੀ ਜੀ ਖੁਦ ਉਨ੍ਹਾਂ ਲਈ ਕਾਂਗਰਸ ਨੂੰ ਛੱਡਣ ਦਾ ਕਾਰਨ ਬਣ ਗਏ। ਪਰ ਦੋਵੇਂ ਨੇਤਾ ਹਮੇਸ਼ਾ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ। ਨੇਤਾ ਜੀ ਕਦੇ ਗਾਂਧੀ ਜੀ ਬਾਰੇ ਬੁਰਾ ਨਹੀਂ ਬੋਲਦੇ ਸਨ। ਨੇਤਾ ਜੀ ਦੋ ਵਾਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਪਰ ਪਹਿਲੀ ਵਾਰਉਨ੍ਹਾਂ ਨੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਅਤੇ ਫਿਰ ਦੂਸਰੀ ਵਾਰ ਕਾਂਗਰਸ ਹੀ ਛੱਡ ਦਿੱਤੀ। ਇਸ ਤੋਂ ਬਾਅਦਉਹ ਆਪਣੇ ਪਿੱਛੇ ਭਾਰਤੀ ਸੁਤੰਤਰਤਾ ਸੰਗ੍ਰਾਮ ਦਾ ਇੱਕ ਅਧਿਆਇ ਛੱਡ ਗਏਜਿਸ ਦੇ ਪੰਨਿਆਂ ਨਾਲ ਨਵੇਂ ਪੰਨੇ ਜੁੜਦੇ ਰਹਿੰਦੇ ਹਨ।
1939 ਵਿੱਚ ਅਤੇ ਉਸ ਤੋਂ ਬਾਅਦ, ਜਦੋਂ ਕਾਂਗਰਸ ਅਤੇ ਕਮਿਊਨਿਸਟ ਦੇਸ਼ ਦੀ ਆਜ਼ਾਦੀ ਬਾਰੇ ਆਪਣਾ ਪੱਖ ਸਪਸ਼ਟ ਨਹੀਂ ਕਰ ਸਕੇ ਤਾਂ ਆਜ਼ਾਦੀ ਦੇ ਸੁਪਨੇ ਨਾਲਸੁਭਾਸ ਚੰਦਰ ਬੋਸ ਨੇ ਹਿਟਲਰ, ਮੁਸੋਲੀਨੀ, ਤੋਜੋ ਅਤੇ ਸਟਾਲਿਨ ਨਾਲ ਦੋਸਤੀ ਕਰ ਲਈ। ਉਨ੍ਹਾਂ ਸਿਰਫ "ਆਜ਼ਾਦ ਹਿੰਦ ਫੌਜ" ਦੀ ਸਥਾਪਨਾ ਹੀ ਨਹੀਂ ਕੀਤੀ, ਉਨ੍ਹਾਂ ਨੇ 24 ਅਕਤੂਬਰ 1943 ਨੂੰ ਆਜ਼ਾਦ (ਸੁਤੰਤਰ) ਸਰਕਾਰ ਵੀ ਬਣਾਈ। ਇਸ ਨਵੇਂ ਦੇਸ਼ ਨੂੰ 9 ਦੇਸ਼ਾਂ ਤੋਂ ਮਾਨਤਾ ਮਿਲੀ, ਜਿਨ੍ਹਾਂ ਵਿੱਚ ਜਰਮਨੀ, ਇਟਲੀ, ਜਪਾਨ, ਆਇਰਲੈਂਡ, ਚੀਨ, ਕੋਰੀਆ ਅਤੇ ਫਿਲੀਪੀਨਸ ਸ਼ਾਮਲ ਸਨ।

ਭਾਰਤ ਦੀ ਆਜ਼ਾਦੀ ਦੇ ਸਮੇਂ, ਕਲੀਮੈਂਟ ਐਟਲੀ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਸਨ। ਉਹ 1956 ਵਿੱਚ ਕੋਲਕਾਤਾ ਆਏ ਸਨ। ਉਸ ਸਮੇਂ ਉਨ੍ਹਾਂ ਦੇ ਮੇਜ਼ਬਾਨ ਰਾਜਪਾਲ ਜਸਟਿਸ ਪੀਬੀ ਚਕਰਵਰਤੀ ਨੇ ਉਨ੍ਹਾਂ ਕੋਲੋਂ ਭਾਰਤ ਨੂੰ ਆਜ਼ਾਦ ਕਰ ਦੇਣ ਦੇ ਬ੍ਰਿਟਿਸ਼ ਫੈਸਲੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ, ਐਟਲੀ ਨੇ ਕਿਹਾ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਦੀਆਂ ਵਧ ਰਹੀਆਂ ਫੌਜੀ ਗਤੀਵਿਧੀਆਂ ਕਾਰਨ ਬ੍ਰਿਟਿਸ਼ ਰਾਜ ਪ੍ਰਤੀ ਭਾਰਤੀ ਫੌਜ ਅਤੇ ਜਲ ਸੈਨਾ ਦੀ ਵਫ਼ਾਦਾਰੀ ਘਟ ਰਹੀ ਹੈ। ਪ੍ਰਮੁੱਖ ਕਾਰਨਾਂ ਵਿੱਚੋਂ ਇਹ ਵੀ ਇੱਕ ਕਾਰਨ ਸੀ। ਇਹ ਪ੍ਰਵਾਨਗੀ ਸੁਭਾਸ਼ ਚੰਦਰ ਬੋਸ ਦੇ ਭਾਰਤ ਦੀ ਆਜ਼ਾਦੀ ਵਿੱਚ ਵੱਡੇ ਯੋਗਦਾਨ ਨੂੰ ਸਾਬਤ ਕਰਦੀ ਹੈ। ਇਸ ਦਾ ਜ਼ਿਕਰ ਜਸਟਿਸ ਚਕਰਵਰਤੀ ਦੁਆਰਾ ਆਰ ਸੀ ਮਜੁਮਦਾਰ ਦੀ ਪੁਸਤਕ "ਅ ਹਿਸਟਰੀ ਆਵ੍ ਬੰਗਾਲ" ਦੇ ਪ੍ਰਕਾਸ਼ਕ ਨੂੰ ਲਿਖੀ ਇੱਕ ਚਿੱਠੀ ਵਿੱਚ ਮਿਲਦਾ ਹੈ।

PunjabKesari

ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਨੇਤਾ ਜੀ ਦੇ ਜੀਵਨ ਵਿੱਚ ਵੱਡਾ ਯੋਗਦਾਨ ਹੈ। ਨਰਮਦਾ ਦੇ ਕਿਨਾਰਿਆਂ ਨੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ। ਤ੍ਰਿਪੁਰੀ ਕਾਂਗਰਸ ਦਾ ਸੈਸ਼ਨ 4-11 ਮਾਰਚ, 1939 ਨੂੰ ਜਬਲਪੁਰ ਵਿੱਚ ਹੋਇਆ ਸੀ। ਸਿਹਤ ਖਰਾਬ ਹੋਣ ਦੇ ਬਾਵਜੂਦ ਨੇਤਾ ਜੀ ਇਸ ਵਿੱਚ ਹਿੱਸਾ ਲੈਣ ਲਈ ਇੱਕ ਸਟਰੈੱਚਰ 'ਤੇ ਇੱਥੇ ਪਹੁੰਚੇ ਸਨ। ਇਸ ਤੋਂ ਬਾਅਦ, ਉਹ 4 ਜੁਲਾਈ, 1939 ਨੂੰ ਫਾਰਵਰਡ ਬਲਾਕ ਦਾ ਗਠਨ ਕਰਨ ਲਈ ਦੁਬਾਰਾ ਜਬਲਪੁਰ ਆਏ ਜਿੱਥੇ ਕਿ ਨੇਤਾ ਜੀ ਦਾ ਲਾਮਿਸਾਲ ਸੁਆਗਤ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਲੋਕਾਂ ਦਾ ਨੇਤਾ ਜੀ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਰਾਜ ਦੇ ਹਰ ਸ਼ਹਿਰ ਵਿੱਚ, ਉਨ੍ਹਾਂ ਦੇ ਨਾਮ ’ਤੇ ਇੱਕ ਵਾਰਡ ਹੈ। ਸਹਿਯੋਗ ਕ੍ਰੀੜਾ ਮੰਡਲ ਪਿਛਲੇ 37 ਸਾਲਾਂ ਤੋਂ ਉਨ੍ਹਾਂ ਦੀ ਯਾਦ ਵਿੱਚ ਕੌਮੀ ਕਬੱਡੀ ਮੁਕਾਬਲੇ ਅਤੇ ਹੋਰ ਖੇਡ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ, ਜੋ ਨੇਤਾ ਜੀ ਪ੍ਰਤੀ ਰਾਜ ਦੇ ਲੋਕਾਂ ਦੀ ਡੂੰਘੀ ਆਸਥਾ ਦਾ ਪ੍ਰਤੀਕ ਹੈ। ਉਹ ਜਬਲਪੁਰ ਅਤੇ ਸ਼ਿਵਨੀ ਜੇਲ੍ਹਾਂ ਵਿੱਚ ਵੀ ਕੈਦ ਰਹੇ ਸਨ।

ਸੁਭਾਸ ਚੰਦਰ ਬੋਸ ਦੀ ਅੰਗ੍ਰੇਜ਼ੀ, ਹਿੰਦੀ, ਬੰਗਾਲੀ, ਤਮਿਲ, ਤੇਲਗੂ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਉੱਤੇ ਜ਼ਬਰਦਸਤ ਪਕੜ ਸੀ। ਆਜ਼ਾਦ ਹਿੰਦ ਫ਼ੌਜ ਵਿੱਚ ਉਨ੍ਹਾਂ ਨੇ ਇਨ੍ਹਾਂ ਭਾਸ਼ਾਵਾਂ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸੰਦੇਸ਼ ਵੀ ਦਿੱਤੇ। ਨੇਤਾ ਜੀ ਦਾ ਆਪਣੇ ਸਾਥੀਆਂ ਨੂੰ ਸੰਦੇਸ਼ ਸੀ: “ਦੇਰ ਨਾਲ ਹੀ ਸਹੀ, ਸਫ਼ਲਤਾ ਮਿਲਦੀ ਜ਼ਰੂਰ ਹੈ”। ਸੁਭਾਸ਼ ਚੰਦਰ ਬੋਸ ਕਿਹਾ ਕਰਦੇ ਸਨ, “ਜੋ ਵਿਅਕਤੀ ਆਪਣੇ ਮਨ ਉੱਤੇ ਬੋਝ ਨਹੀਂ ਪੈਣ ਦਿੰਦਾ ਉਹ ਕਦੇ ਮਹਾਨ ਨਹੀਂ ਬਣ ਸਕਦਾ। ਪਰੰਤੂ ਇਸਦੇ ਇਲਾਵਾ ਵੀ ਉਸ ਦੇ ਅੰਦਰ ਕੁਝ ਹੋਣਾ ਚਾਹੀਦਾ ਹੈ।” ਨੇਤਾ ਜੀ ਨੂੰ ਭਾਰਤ ਵਿੱਚ 11 ਵਾਰ ਕੈਦ ਕੀਤਾ ਗਿਆ ਮਗਰ ਉਨ੍ਹਾਂ ਨੇ ਕੈਦ ਵਿੱਚੋਂ ਛੁਟਣ ਦਾ ਹੁਨਰ ਵੀ ਦਿਖਾਇਆ ਅਤੇ ਦੁਨੀਆ ਦੇ ਦਿੱਗਜ ਨੇਤਾਵਾਂ ਨਾਲ ਮਿਲ ਕੇ ਟੀਚਾ ਪ੍ਰਾਪਤ ਕਰਨ ਦੀ ਸਨਕ ਵੀ ਦਿਖਾਈ। ਭਾਰਤੀ ਲੀਡਰਸ਼ਿਪ ਨੂੰ ਗਲੋਬਲ ਪਹਿਚਾਣ ਦਿਵਾਉਣ ਦਾ ਕ੍ਰੈਡਿਟ ਸੁਭਾਸ਼ ਚੰਦਰ ਬੋਸ ਨੂੰ ਹੀ ਜਾਂਦਾ ਹੈ। ਇਸ ਤੋਂ ਪਹਿਲਾਂ ਸੁਆਮੀ ਵਿਵੇਕਾਨੰਦ ਨੇ ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਸ੍ਰੇਸ਼ਠਤਾ ਅਤੇ ਪਹਿਚਾਣ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀ।

ਸੁਭਾਸ਼ ਚੰਦਰ ਬੋਸ ਦਾ ਆਜ਼ਾਦੀ ਵਾਸਤੇ ਸੰਘਰਸ਼ ਨਾ ਸਿਰਫ਼ ਭਾਰਤ ਲਈ, ਬਲਕਿ ਤੀਸਰੇ ਵਿਸ਼ਵ ਦੇ ਸਾਰੇ ਦੇਸ਼ਾਂ ਲਈ ਪ੍ਰੇਰਣਾ ਸਾਬਤ ਹੋਇਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਅਗਲੇ 15 ਸਾਲ ਵਿੱਚ ਤਿੰਨ ਦਰਜਨ ਏਸ਼ਿਆਈ ਦੇਸ਼ਾਂ ਵਿੱਚ ਆਜ਼ਾਦੀ ਦੇ ਤਰਾਨੇ ਗਾਏ ਗਏ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੇ ਭਾਰਤੀ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੀ ਲੜਾਈ ਦਾ ਉਨ੍ਹਾਂ ਦੇਸ਼ਾਂ ਉੱਤੇ ਡੂੰਘਾ ਪ੍ਰਭਾਵ ਪਿਆ। ਨੇਤਾ ਜੀ ਦਾ ਇਹ ਸਟੇਟਸ ਉਨ੍ਹਾਂ ਨੂੰ ਗਲੋਬਲ ਪੱਧਰ'ਤੇ "ਆਜ਼ਾਦੀ ਦੇ ਨਾਇਕ" ਵਜੋਂ ਸਥਾਪਿਤ ਕਰਦਾ ਹੈ।

-ਪ੍ਰਹਲਾਦ ਸਿੰਘ ਪਟੇਲ
ਰਾਜ ਮੰਤਰੀ (ਸੁਤੰਤਰ ਚਾਰਜ),
ਸੱਭਿਆਚਾਰ ਅਤੇ ਟੂਰਿਜ਼ਮ ਮੰਤਰਾਲਾ,
ਭਾਰਤ ਸਰਕਾਰ।


author

DIsha

Content Editor

Related News