ਕੁਦਰਤ

Thursday, Jun 04, 2020 - 12:32 PM (IST)

ਕੁਦਰਤ

ਜਗਜੀਤ ਸਿੰਘ ਕਲੇਰ


ਸਿਰ ਤੇ ਸੀ ਜੋ ਨੀਲੀ ਚਾਦਰ ਦੇਖ ਅੱਜ ਸਾਫ ਕਿੱਦਾਂ ਹੋਈ
ਅਸ਼ੁੱਧ ਹਵਾਵਾਂ ਤੋਂ ਮੁਕਤ ਹੋ ਕੇ ਪੰਛੀਆਂ ਦੀ ਜ਼ਿੰਦਗੀ ਅਬਾਦ ਕਿੱਦਾਂ ਹੋਈ
ਅਲੋਪ ਹੋਏ ਪੰਛੀਆਂ ਦੀ ਦੇਖ ਆਮਦ ਦੁਨੀਆਂ ਹੈਰਾਨ ਹੈ
ਪੂਰੀ ਕਾਇਨਾਤ ਤੇ ਇਹ ਕੁਦਰਤ ਮੇਹਰਬਾਨ ਕਿਦਾਂ ਹੋਈ।
ਬੜਾ ਸ਼ੌਕ ਸੀ ਬੰਦੇ ਨੂੰ ਪਿੰਜਰੇ 'ਚ ਰੱਖਣਾ ਅਜ਼ਾਦ ਪੰਛੀਆਂ ਨੂੰ
ਖੁਦ ਦਾ ਘੁਟਿਆ ਹੈ ਦਮ ਵੇਖ ਘਬਰਾਹਟ ਕਿੱਦਾਂ ਹੋਈ
ਭਰੀਆਂ ਸੜਕਾਂ ਤੇ ਜਿੱਥੇ ਰਾਹ ਨਹੀਂ ਸੀ ਮਿਲਦਾ ਲੰਘਣ ਨੂੰ
ਬਿਨਾਂ ਇਨਸਾਨ ਹਰ ਇਕ ਜਗ੍ਹਾ ਸੁੰਨਸਾਨ ਕਿੱਦਾਂ ਹੋਈ।
ਜਿਥੇ ਰੁਲਦੀਆਂ ਸੀ ਬਰੈਡਾਂ ਤੇ ਸਤਨਾਜੇ ਚੌਰਾਹਿਆਂ 'ਚ
ਭੁੱਖੇ ਸੋਚਣ ਕੁੱਤੇ ਤੇ ਕਬੂਤਰ ਕੇ ਦੁਨੀਆ ਸ਼ਮਸ਼ਾਨ ਕਿੱਦਾਂ ਹੋਈ।
ਪੱਬਾਂ ਕਲੱਬਾਂ ਦੇ ਸ਼ੋਰਾਂ ਵਿੱਚ ਜਿਥੇ ਰਾਤ ਨਹੀਂ ਸੀ ਹੁੰਦੀ
ਉਹ ਸ਼ਹਿਰ ਵਿਲਕਦੇ ਸੁਣਦੇ ਨੇ ਆਵਾਜਾਈ ਜਾਮ ਕਿੱਦਾਂ ਹੋਈ।
ਧੂੰਏਂ, ਨਾਰੀਅਲ, ਫੁੱਲ ਤੇ ਜੋਤਸ਼ੀਆਂ ਦੀਆਂ ਪਰਚੀਆਂ ਤੋਂ ਧੁੰਦਲੀਆਂ
ਰਾਹਾਂ ਛੇੜਦੀਆਂ ਨਦੀਆਂ, ਨਹਿਰਾਂ ਦੀ ਆਤਮਾ ਸਾਫ ਕਿੱਦਾਂ ਹੋਈ।
ਦੁਨੀਆਂ ਦੇ ਨਾਸਤਿਕ ਵੀ ਆਸਤਕ ਹੋਏ ਫਿਰਦੇ ਨੇ ਟੇਕ ਗੋਡੇ
ਹੁਣ ਦੇਖ ਮੰਜਰ ਮੌਤ ਦਾ ਸਰਬੱਤ ਦੇ ਭਲੇ ਦੀ ਅਰਦਾਸ ਕਿੱਦਾਂ ਹੋਈ।
ਹਰ ਦੇਸ਼ ਨੂੰ ਘਮੰਡ ਸੀ ਆਪਣੇ ਆਪਣੇ ਪਰਮਾਣੂ ਦਾ 'ਜਗਜੀਤ'
ਹੈਰਾਨ ਸਭ ਅਣਦੇਖੀ ਮੌਤ ਕਾਰਨ ਬਹੁ ਗਿਣਤੀ ਲਾਸ਼ਾਂ ਦੀ ਢੇਰੀ ਕਿੱਦਾਂ ਹੋਈ।
ਹੁਣ ਵੀ ਸੰਭਲ ਜਾਉ ਵਿਗਿਆਨੀਓ ਨਾ ਛੇੜੋ ਕੁਦਰਤ ਨੂੰ
ਫਿਰ ਯਾਦ ਕਰਕੇ ਰੋਵੋਗੇ ਕਰੋਨਾ ਨੂੰ 2020 ਵਿਚ ਦੁਨੀਆਂ ਵੀਰਾਨ ਕਿੱਦਾਂ ਹੋਈ।

 


author

Iqbalkaur

Content Editor

Related News