ਮੇਰਾ ਰੱਬ

Friday, Sep 07, 2018 - 02:33 PM (IST)

ਧੰਨਾ ਜੱਟ 'ਪੱਥਰ' ਵਿਚ ਰੱਬ ਵੇਖਦਾ, 
ਮਜਨੂੰ 'ਲੈਲਾ' ਵਿਚ ਰੱਬ ਵੇਖਦਾ, 
ਸੁਦਾਮਾ 'ਕ੍ਰਿਸ਼ਨ' ਵਿਚ ਰੱਬ ਵੇਖਦਾ, 
ਰਾਂਝਾ 'ਹੀਰ' ਵਿਚ ਰੱਬ ਵੇਖਦਾ, 
ਸੱਸੀ ਥਲਾਂ ਵਿਚ ਸੜੇ, ਪੁੰਨੂ ਸੱਸੀ ਵਿਚ ਰੱਬ ਵੇਖਦਾ, 
ਮਹੀਵਾਲ ਛੱਜੂ ਦੇ ਚੁਬਾਰੇ ਵਿਚੋਂ, ਸੋਹਣੀ ਵਿਚੋਂ ਰੱਬ ਵੇਖਦਾ, 
ਘੜੇ 'ਸ਼ੀਰੀਂ' ਦੀਆਂ ਮੂਰਤਾਂ 'ਚੋਂ ਫ਼ਰਹਾਦ ਰੱਬ ਵੇਖਦਾ, 
ਮਨਸੂਰ 'ਸੂਲੀ' ਚੜ੍ਹਨ ਤੋਂ ਪਹਿਲਾਂ ਆਪਣੇ ਆਪ 'ਚ ਰੱਬ ਵੇਖਦਾ, 
ਇਬਾਦਤ ਕਰਦਾ ਬੰਦਾ ਆਸਮਾਨ ਵਿੱਚ ਰੱਬ ਵੇਖਦਾ, 
ਕੋਈ ਦੇਵ ਵਿਚ ਰੱਬ ਵੇਖਦਾ, 
ਕੋਈ ਦੇਵੀ ਵਿਚ ਰੱਬ ਵੇਖਦਾ, 
ਬਾਬਾ ਬੁੱਲ੍ਹੇ ਸ਼ਾਹ, ਗੁਰੂ ਸ਼ਾਹ ਇਨਾਯਤ ਵਿਚ ਰੱਬ ਵੇਖਦਾ, 
ਪ੍ਰਹਲਾਦ ਤਪਦੇ ਥੰਮ 'ਚੋਂ ਰੱਬ ਵੇਖਦਾ, 
ਕੋਈ ਗ੍ਰਹਿਆਂ ਦੀ ਚਾਲ ਨੂੰ ਵਿਗਿਆਨ ਵੇਖਦਾ, 
ਕੋਈ ਗ੍ਰਹਿਆਂ ਨੂੰ ਬੰਨ੍ਹਣ ਵਾਲਾ, ਰੱਬ ਵੇਖਦਾ, 
ਕੋਈ ਕਿਸੇ ਨੂੰ ਪਾਲਣ ਵਾਲਾ ਮਾਂ-ਬਾਪ ਵੇਖਦਾ, 
ਕੋਈ ਸਭ ਨੂੰ ਪਾਲਣ ਵਾਲਾ ਰੱਬ ਵੇਖਦਾ, 
ਕੋਈ ਸਹਾਰਾ ਦੇਣ ਵਾਲੇ ਨੂੰ, ਰੱਬ ਵੇਖਦਾ, 
ਕੋਈ ਖੂਬਸੂਰਤੀ 'ਚੋਂ ਰੱਬ ਵੇਖਦਾ, 
ਕੋਈ ਭੱਦਿਆਂ 'ਚੋਂ ਰੱਬ ਵੇਖਦਾ, 
ਕੋਈ ਕਾਇਨਾਤ 'ਚੋਂ ਰੱਬ ਵੇਖਦਾ, 
ਇਕ ਮੈ ਹਾਂ, ਮੈਂ ਰੱਬ ਕਦੇ ਵੇਖਿਆ ਨਹੀਂ, 
ਜਦੋਂ ਗੁਰੂ ਨੂੰ ਵੇਖਦਾ, ਸੱਚ ਰੱਬ ਵੇਖਦਾ ।
— ਸੰਦੀਪ ਕੁਮਾਰ ਨਰ ਬਲਾਚੌਰ


Related News