ਸ਼ਹੀਦੀ ਦਿਵਸ ''ਤੇ ਵਿਸ਼ੇਸ਼: ਕਰਤਾਰ ਸਿੰਘ ਸਰਾਭਾ ਨੂੰ ਚੇਤੇ ਕਰਦਿਆਂ...!

Saturday, Nov 16, 2024 - 06:34 PM (IST)

ਸ਼ਹੀਦੀ ਦਿਵਸ ''ਤੇ ਵਿਸ਼ੇਸ਼: ਕਰਤਾਰ ਸਿੰਘ ਸਰਾਭਾ ਨੂੰ ਚੇਤੇ ਕਰਦਿਆਂ...!

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650 
Abbasdhaliwal72@gmail.com 

ਦੇਸ਼ ਦੀ ਆਜ਼ਾਦੀ ਲਈ ਜਦੋਂ ਵੀ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਦਾ ਨਾਂ ਸਰੇ-ਫਹਿਰਿਸਤ ਆਉਂਦਾ ਹੈ। ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਆਦਿ ਅਜਿਹੇ ਹੀ ਜਾਂਬਾਜ਼ ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਦਾ ਨਾਂ ਅੱਜ ਦੇਸ਼ ਅੰਦਰ ਬੜੇ ਫਖਰ ਅਤੇ ਗੌਰਵ ਨਾਲ ਲਿਆ ਜਾਂਦਾ ਹੈ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਵਜੋਂ ਜਾਣਿਆ ਜਾਂਦਾ ਹੈ। ਉਹੀਓ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦੇ ਸਨ। ਕਿਹਾ ਇਹ ਵੀ ਜਾਂਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਫੋਟੋ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ।

ਇਹ ਵੀ ਪੜ੍ਹੋ - ਘਰ ਨਾ ਆਏ ਪਿਤਾ ਦਾ ਅਮਰੀਕਾ ਬੈਠੇ ਪੁੱਤ ਨੇ ਟਰੈਕ ਕੀਤਾ IPhone, ਮੌਕੇ 'ਤੇ ਪਹੁੰਚੇ ਪਰਿਵਾਰ ਦੇ ਉੱਡੇ ਹੋਸ਼

ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੰਗਲ ਸਿੰਘ ਅਤੇ ਮਾਤਾ ਦਾ ਨਾਂ ਸਾਹਿਬ ਕੌਰ ਸੀ। ਕਰਤਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਲੇ ਕਰਤਾਰ ਸਿੰਘ ਛੋਟੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਜਿਸ ਉਪਰੰਤ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਦਾਦਾ ਸ. ਬਚਨ ਸਿੰਘ ਦੇ ਮੋਢਿਆਂ ’ਤੇ ਆ ਪਈ। ਕਰਤਾਰ ਸਿੰਘ ਹੁਰਾਂ ਨੇ ਆਪਣੀ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚੋਂ ਹਾਸਲ ਕੀਤੀ ਇਸ ਉਪਰੰਤ ਉਹ ਦਸਵੀਂ ਕਰਨ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਵਿਖੇ ਦਾਖਲ ਹੋ ਗਏ। ਇਸੇ ਦੌਰਾਨ ਉਹ ਆਪਣੇ ਚਾਚੇ ਕੋਲ ਉੜੀਸਾ ਰਹਿਣ ਚਲੇ ਗਏ। ਉੱਥੇ ਹੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉਂਝ ਕਰਤਾਰ ਸਿੰਘ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਨ੍ਹਾਂ ਦੇ ਦਾਦਾ ਉਨ੍ਹਾਂ ਨੂੰ ਕਿਸੇ ਉੱਚ ਅਹੁਦੇ ’ਤੇ ਵੇਖਣਾ ਚਾਹੁੰਦੇ ਸਨ। ਜਿਸਦੇ ਚੱਲਦਿਆਂ ਦਾਦੇ ਨੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜ ਦਿੱਤਾ, ਜਿੱਥੇ ਉਨ੍ਹਾਂ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।

ਉਨ੍ਹੀਂ ਦਿਨੀਂ ਅਮਰੀਕਾ ਵਿੱਚ ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ ਅਤੇ ਅਮਰੀਕਾ ਵਸਦੇ ਭਾਰਤੀਆਂ ਨੇ 1913 ਈ: ਵਿੱਚ ਗ਼ਦਰ ਨਾਂਅ ਦੀ ਪਾਰਟੀ ਬਣਾਈ, ਜਿਸਦੇ ਪ੍ਰਧਾਨ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਬਣਾਏ ਗਏ। ਕਰਤਾਰ ਸਿੰਘ ਸਰਾਭਾ ਵੀ ਇਸ ਦੌਰਾਨ ਸੋਹਣ ਸਿੰਘ ਭਕਨਾ ਨੂੰ ਮਿਲੇ ਅਤੇ ਉਕਤ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਪਾਰਟੀ ਵਿੱਚ ਬਹੁਤ ਜਲਦੀ ਹਰਮਨ-ਪਿਆਰਾ ਹੋ ਗਏ। ਪਾਰਟੀ ਦਾ ਕੇਂਦਰ ਸਾਨ ਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਸੁਤੰਤਰਤਾ ਦੀ ਲੜਾਈ ਦੇ ਪ੍ਰਚਾਰ-ਹਿਤ (ਉਰਦੂ ਤੇ ਪੰਜਾਬੀ) ਗ਼ਦਰ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਿਆ। ਦਰਅਸਲ ਉਕਤ ਅਖ਼ਬਾਰ ਕਰਤਾਰ ਸਿੰਘ ਦੇ ਦਿਮਾਗ ਦੀ ਹੀ ਉਪਜ ਸੀ। ਇੱਥੇ ਜ਼ਿਕਰਯੋਗ ਹੈ ਕਿ 31 ਅਕਤੂਬਰ 1913 ਨੂੰ ਸੈਕਰਾਮੈਂਟੋ, ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਵਿੱਚ ਉਹ ਕੁੱਦ ਕੇ ਸਟੇਜ ਤੇ ਜਾ ਚੜ੍ਹੇ ਅਤੇ ਇਨ੍ਹਾਂ ਸ਼ਬਦਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ: “ਚੱਲੋ ਚੱਲੀਏ ਦੇਸ ਨੂੰ ਯੁੱਧ ਕਰਨ, ਇਹੋ ਆਖ਼ਰੀ ਵਚਨ ਤੇ ਫ਼ਰਮਾਨ ਹੋ ਗਏ।”

ਇਹ ਵੀ ਪੜ੍ਹੋ - ਇਸ ਕਿਸਾਨ ਦੇ ਖੇਤਾਂ 'ਚ 'ਉੱਗੇ' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ

ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣ ਲਿਆ। ਇਸਦੇ ਨਾਲ ਹੀ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਅਮਰੀਕਾ ਅਤੇ ਕਨੇਡਾ ਵਿੱਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਗ਼ਦਰ ਪਾਰਟੀ ਦੇ ਮੈਂਬਰਾਂ ਨੂੰ ਭਾਰਤ ਪਰਤਣ ਅਤੇ ਅੰਗਰੇਜ਼ਾਂ ਖ਼ਿਲਾਫ਼ ਹਥਿਆਰਬੰਦ ਵਿਦਰੋਹ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਕਰਤਾਰ ਸਿੰਘ ਭਾਰਤ ਆਉਣ ਵਾਲੇ ਸਿੱਖਾਂ ਦੇ ਮੁੱਖ ਜਥੇ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੀ ਭਾਵ 15 ਸਤੰਬਰ 1914 ਨੂੰ ਅਮਰੀਕਾ ਤੋਂ ਚੱਲ ਪਏ ਸਨ। ਉਹ ਕੋਲੰਬੋ ਦੇ ਰਸਤੇ ਭਾਰਤ ਪੁੱਜਾ ਅਤੇ ਗ਼ਦਰ ਪਾਰਟੀ ਦੇ ਸਾਨਫਰਾਂਸਿਸਕੋ ਵਿਚਲੇ ਯੁਗਾਂਤਰ ਆਸ਼ਰਮ ਦੇ ਮਾਡਲ ਵਰਗਾ ਇੱਕ ਕੇਂਦਰ ਆਪਣੇ ਪਿੰਡ ਵਿੱਚ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਗਏ। ਜਦੋਂ ਭਾਈ ਪਰਮਾਨੰਦ ਲਹਿਰ ਦੀ ਅਗਵਾਈ ਕਰਨ ਦਸੰਬਰ 1914 ਨੂੰ ਭਾਰਤ ਪਹੁੰਚੇ ਤਾਂ ਉਦੋਂ ਤਕ ਕਰਤਾਰ ਸਿੰਘ ਲੁਧਿਆਣਾ ਜ਼ਿਲ੍ਹੇ ਵਿੱਚ ਆਪਣਾ ਪੂਰਾ ਪ੍ਰਭਾਵ ਕਾਇਮ ਕਰ ਚੁੱਕੇ ਸਨ। 

ਇਸ ਸੰਬੰਧ ਵਿੱਚ ਉਹ ਹਥਿਆਰ ਲੈਣ ਬੰਗਾਲ ਗਏ ਅਤੇ ਵਿਸ਼ਣੂ ਗਨੇਸ਼ ਪਿੰਗਲੇ, ਸਚਿੰਦਰ ਨਾਥ ਸਾਨਯਾਲ ਅਤੇ ਰਾਸ਼ ਬਿਹਾਰੀ ਬੋਸ ਵਰਗੇ ਕ੍ਰਾਂਤੀਕਾਰੀਆਂ ਨਾਲ ਮੁਲਾਕਾਤ ਕਰਨ ਉਪਰੰਤ ਹੋਰ ਵਧੇਰੇ ਊਰਜਾ ਪ੍ਰਾਪਤ ਕੀਤੀ। ਇਸਦੇ ਨਾਲ ਹੀ ਕਰਤਾਰ ਸਿੰਘ ਨੇ ਮੇਰਠ, ਆਗਰਾ, ਬਨਾਰਸ, ਅਲਾਹਾਬਾਦ, ਅੰਬਾਲਾ, ਲਾਹੌਰ ਅਤੇ ਰਾਵਲਪਿੰਡੀ ਦੀਆਂ ਫ਼ੌਜੀ ਛਾਉਣੀਆਂ ਦਾ ਦੌਰਾ ਕੀਤਾ ਤਾਂ ਕਿ ਫ਼ੌਜੀਆਂ ਨੂੰ ਵਿਦਰੋਹ ਲਈ ਉਕਸਾਇਆ ਜਾ ਸਕੇ। ਜਿੱਥੋਂ ਤਕ ਹਥਿਆਰਾਂ ਦਾ ਸੰਬੰਧ ਹੈ, ਕਰਤਾਰ ਸਿੰਘ ਅਤੇ ਇਹਨਾਂ ਦੇ ਸਾਥੀ ਲੁਧਿਆਣਾ ਜ਼ਿਲ੍ਹੇ ਵਿੱਚ ਪਹਿਲਾਂ ਝਾਬੇਵਾਲ ਅਤੇ ਫਿਰ ਲੋਹਟਬੱਧੀ ਵਿਖੇ ਛੋਟੇ ਪੱਧਰ ’ਤੇ ਬੰਬ ਤਿਆਰ ਕਰਨ ਵਿੱਚ ਸਫ਼ਲ ਹੋ ਗਏ ਸਨ।

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਪਲਾਨਿੰਗ ਅਨੁਸਾਰ ਵਿਦ੍ਰੋਹ ਫਰਵਰੀ 1915 ਨੂੰ ਅਰੰਭ ਹੋਣਾ ਸੀ। ਪ੍ਰੰਤੂ ਇਸੇ ਦੌਰਾਨ ਕਿਰਪਾਲ ਸਿੰਘ ਨਾਂ ਦਾ ਇੱਕ ਸਰਕਾਰੀ ਮੁਖ਼ਬਰ ਗੁਪਤ ਤੌਰ ’ਤੇ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। ਉਸ ਮੁਖਬਰ ਦੁਆਰਾ ਸਰਕਾਰ ਨੂੰ ਸਮਾਂ ਰਹਿੰਦੇ ਹੀ ਸਾਰੇ ਕਰਤਾਰ ਸਿੰਘ ਹੁਰਾਂ ਦੇ ਸਾਰੇ ਗੁਪਤ ਭੇਦ ਖੋਲ੍ਹਣ ਦੇ ਚੱਲਦਿਆਂ, ਵੱਡੇ ਪੱਧਰ ’ਤੇ ਗ਼ਦਰ ਪਾਰਟੀ ਦੇ ਉਕਤ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਕਰਤਾਰ ਸਿੰਘ, ਸੁਰਸਿੰਘ ਦਾ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਬਚ ਕੇ ਕਾਬੁਲ ਵੱਲ ਨਿਕਲ ਗਏ ਸਨ। ਪ੍ਰੰਤੂ ਉਕਤ ਤਿੰਨੋਂ ਜਦੋਂ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਲਈ ਪੰਜਾਬ ਪਰਤ ਰਹੇ ਸਨ ਤਾਂ ਪੁਲਸ ਨੇ 2 ਮਾਰਚ 1915 ਨੂੰ ਸ਼ਾਹਪੁਰ ਜ਼ਿਲ੍ਹੇ ਵਿੱਚ ਵਿਲਸਨਪੁਰ ਵਿਖੇ 22ਵੀਂ ਘੋੜ-ਸਵਾਰ ਫ਼ੌਜ ਦੇ ਜਵਾਨਾਂ ਨੂੰ ਵਰਗਲਾਉਣ ਦੇ ਉਦੇਸ਼ ਨਾਲ ਆਇਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਜਦੋਂ ਬਗ਼ਾਵਤ ਦੇ ਦੋਸ਼ ਅਧੀਨ ਕਰਤਾਰ ਸਿੰਘ ਸਰਾਭਾ ’ਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਤਮਾਮ ਦੋਸ਼ਾਂ ਦੀ ਸਮੁੱਚੀ ਜ਼ਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ ਸੀ ਤੇ ਇਹ ਸਭ ਸੁਣ ਕੇ ਜੱਜ ਹੱਕਾ-ਬੱਕਾ ਰਹਿ ਗਿਆ ਕਿ ਇੱਕ ਉੱਨੀ ਸਾਲਾਂ ਦੀ ਛੋਟੀ ਉਮਰ ਦਾ ਮੁੱਛ ਫੁੱਟ ਗਭਰੂ ਇੰਨੀ ਨਿਡਰਤਾ ਨਾਲ ਵਿਵਹਾਰ ਕਰ ਰਿਹਾ ਸੀ। ਕਰਤਾਰ ਸਿੰਘ ਦੀ ਨਿੱਕੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਨੇ ਨੌਜਵਾਨ ਨੂੰ ਆਪਣੇ ਬਿਆਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ ਪਰ ਨਤੀਜਾ ਇਸਦੇ ਵਿਪਰੀਤ ਹੋਇਆ। ਕਰਤਾਰ ਸਿੰਘ ਨੇ ਇਸਦੇ ਉਲਟ ਹੋਰ ਵੀ ਦ੍ਰਿੜ੍ਹਤਾ ਨਾਲ ਬਿਆਨ ਦਿੱਤਾ ਅਤੇ ਪੂਰੀ ਸਾਜ਼ਿਸ਼ ਦਾ ਜ਼ਿੰਮੇਵਾਰ ਉਹ ਖ਼ੁਦ ਹੀ ਸੀ। ਇਸਦੇ ਆਧਾਰ ’ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਗ਼ਦਰੀਆਂ ਵਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਰਘੂਵਰ ਸਹਾਇ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ ਵਿੱਚੋਂ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਵੀ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਸ ਸਮੇਂ ਸਰਾਭੇ ਦੀ ਉਮਰ ਸਭ ਤੋਂ ਘੱਟ ਸੀ। ਪਰ ਵਾਇਸਰਾਇ ਨੇ ਅਪੀਲ ਖਾਰਜ ਕਰ ਦਿੱਤੀ ਅਤੇ ਕੋਰਟ ਵਲੋਂ ਸਰਾਭੇ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ, ਜਿਸ ਵਿੱਚ ਉਸ ਨੂੰ ਸਭ ਤੋਂ ‘ਖ਼ਤਰਨਾਕ’ ਦੱਸਿਆ ਗਿਆ ਸੀ। ਫ਼ੈਸਲੇ ਵਿੱਚ ਅਹਿਮ ਗੱਲ ਇਹ ਲਿਖੀ ਗਈ ਸੀ ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ ਹੈ ਜਿਸ ਵਿੱਚ ਸਰਾਭਾ ਸ਼ਾਮਿਲ ਨਾ ਹੋਵੇ।

ਅਖੀਰ 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ - ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ; ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ; ਜਗਤ ਸਿੰਘ, ਜ਼ਿਲ੍ਹਾ ਲਾਹੌਰ; ਸੁਰੈਣ ਸਿੰਘ-1 ਅਤੇ ਸੁਰੈਣ-2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ)- ਦੇ ਨਾਲ ਲਾਹੌਰ ਦੀ ਸੈਂਟਰਲ ਜੇਲ ਵਿੱਚ ਫ਼ਾਂਸੀ ਦੇ ਦਿੱਤੀ ਗਈ। ਕਹਿੰਦੇ ਹਨ ਕਿ ਮੌਤ ਸਮੇਂ ਕਰਤਾਰ ਸਿੰਘ 20 ਸਾਲਾਂ ਦਾ ਵੀ ਨਹੀਂ ਸੀ। ਪਰ ਉਸ ਵਿੱਚ ਇੰਨਾ ਹੌਸਲਾ ਤੇ ਕੁਰਬਾਨੀ ਦਾ ਜਜ਼ਬਾ ਸੀ ਕਿ ਨਜ਼ਰਬੰਦੀ ਦੌਰਾਨ ਉਸਦਾ ਭਾਰ 14 ਪੌਂਡ ਵਧ ਗਿਆ ਸੀ। ਅਦਾਲਤ ਵਿੱਚ ਕਹੇ ਕਰਤਾਰ ਸਿੰਘ ਸਰਾਭਾ ਦੇ ਇਹ ਸ਼ਬਦ ਭਗਤ ਸਿੰਘ ਅਤੇ ਊਧਮ ਸਿੰਘ ਜਿਹੇ ਯੋਧਿਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹੇ ਕਿ: ਮੈਂਨੂੰ ਉਮਰ-ਕੈਦ ਜਾਂ ਮੌਤ ਦੀ ਸਜ਼ਾ ਮਿਲ ਸਕਦੀ ਹੈ ਪਰ ਮੈਂ ਮੌਤ ਦੀ ਸਜ਼ਾ ਨੂੰ ਤਰਜੀਹ ਦੇਵਾਂਗਾ, ਤਾਂ ਜੋ ਦੁਬਾਰਾ ਜਨਮ ਲੈ ਕੇ ਮੈਂ ਫਿਰ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਸਕਾਂ। ਮੈਂ ਵਾਰ ਵਾਰ ਉਦੋਂ ਤਕ ਮਰਨਾ ਚਾਹਾਂਗਾ ਜਦੋਂ ਤਕ ਕਿ ਭਾਰਤ ਅਜ਼ਾਦ ਨਹੀਂ ਹੋ ਜਾਂਦਾ। ਇਹੀ ਮੇਰੀ ਆਖ਼ਰੀ ਇੱਛਾ ਹੈ।

ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News