ਮਾਲਟਾ ਸਮੁੰਦਰੀ ਹਾਦਸੇ ਦੀ ਸੱਚੀ ਕਹਾਣੀ : ‘ਤੂੰ ਵੀ ਮੁੜ ਆ ਵੀਰ...’

12/6/2020 2:28:41 PM

ਬਾਰਾਂ ਸਾਲ ਹੋ ਗਏ ਸਨ ਨਿਰਮਲ ਦੇ ਵਿਆਹ ਨੂੰ। ਤਿੰਨ ਕੁੜੀਆਂ ਤੋਂ ਬਾਅਦ, ਮਸਾਂ ਮਸਾਂ ਸੁੱਖਾਂ ਸੁੱਖ ਕੇ ਮਾਂ-ਬਾਪ ਨੇ ਰੱਬ ਕੋਲੋਂ ਮੰਗ ਕੇ ਲਿਆ ਸੁੱਖੀ। ਵੱਡੀ ਭੈਣ ਵੀਰਾਂ, ਜੋ ਤਦੋਂ 6ਵੀਂ ’ਚ ਪੜ੍ਹਦੀ ਸੀ, ਵਲੋਂ ਗੁਰਦੁਆਰਾ ਸਾਹਿਬ ਜਾ ਕੇ ਵੀਰ ਮੰਗਣ ਦੀ ਅਰਦਾਸ ਕਬੂਲ ਹੋ ਗਈ ਸੀ। ਘਰ ’ਚ ਪੁੱਤ ਜੰਮਣ ’ਤੇ ਕਿਹੜੀ ਖੁਸ਼ੀ ਸੀ, ਜੋ ਮਾਪਿਆਂ ਨਹੀਂ ਕੀਤੀ? ਖੁਸ਼ੀਆਂ ਮਨਾਉਣ ਲਈ ਸ਼ਾਹੂਕਾਰ ਤੋਂ ਪੰਜ ਹਜ਼ਾਰ ਰੁਪਏ ਵਿਆਜੂ ਚੁੱਕ ਕੇ ,ਮੰਦੀ ਦਾ ਝੰਬਿਆ ਬਾਪ, ਅੱਜ ਪੂਰੇ ਸਰੂਰ ’ਚ ਲੱਗਦਾ। ਗੁਆਂਢੀ ਪਿੰਡ ਤੋਂ ਦੇਸੀ ਸ਼ਰਾਬ ਦੀ ਵੱਡੀ ਕੈਨੀ ਤੇ ਲੱਡੂਆਂ ਦੇ ਟੋਕਰੇ ਤਿਆਰ ਕਰਕੇ ਤੇਰਵਾਂ ਮਨਾਉਣ ਲਈ ਸਭ ਸਾਕ ਸਬੰਧੀਆਂ ਨੂੰ ਸੱਦਾ ਭੇਜਿਆ। ਕਾਕੇ ਦੀ ਭੂਆ ਸੱਤੋ ਵੀ ਉਚੇਚ,'ਵੀਰ ਘਰ ਪੁੱਤ ਜੰਮਿਆ-ਲੱਡੂ ਵੰਡਦੀ ਗਲੀ ਦੇ ਵਿੱਚ ਆਵਾਂ' ਗਾਉਂਦੀ ਆਣ ਢੁੱਕੀ। ਦਿਨੇ ਖੁਸਰੇ ਬੁਲਾਏ ਅਤੇ ਰਾਤ ਨੂੰ ਬੱਕਰੇ। 

'ਚੋਇਆ ਤੇਲ ਅਤੇ ਲੱਡੂ ਵੰਡੇ, ਰਾਤ ਨੂੰ ਚੱਲਿਆ ਦਾਰੂ।
ਟੱਲੀ ਹੋ ਕੇ ਗਏ ਘਰਾਂ ਨੂੰ, ਸ਼ੈਂਕਰ ਅਤੇ ਸ਼ੰਗਾਰੂ।

ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ

ਸਭ ਖੁਸ਼ੀ ’ਚ ਖੀਵੇ ਸਨ ਪਰ ਜੇ ਕੋਈ ਖੁਸ਼ ਨਹੀਂ ਸੀ ਤਾਂ ਉਹ ਸੀ ਸੁੱਖੀ ਦੀ ਚਾਚੀ। ਜੋ ਆਪਣੇ ਜੇਠ ਦੀ ਪੈਲੀ ’ਤੇ ਅੱਖ ਰੱਖੀ ਬੈਠੀ ਸੀ ਪਰ ਮਾਨੋ ਸੁੱਖੀ ਦੀ ਆਮਦ ਨੇ ਉਹਦੀ ਆਸ ਨੂੰ ਤਿੜਕ ਦਿੱਤਾ। ਜੁਗਨੂੰ, ਤਿਤਲੀਆਂ ਫੜਦਾ/ਖੇਡਦਾ ਸੁੱਖੀ ਸਭਨਾਂ ਦਾ ਪਿਆਰ ਲੈਂਦਾ ਪਰ ਉਹਦਾ ਬਹੁਤਾ ਲਗਾਓ ਵੱਡੀ ਭੈਣ ਵੀਰਾਂ ਨਾਲ ਹੀ ਸੀ। ਹੁਣ ਉਹ ਆਪਣੀਆਂ ਭੈਣਾਂ ਨਾਲ ਸਕੂਲ ਪੜ੍ਹਨ ਜਾਂਦਾ। ਪੜ੍ਹਾਈ ’ਚ ਉਹ ਨਾ ਹੁਸ਼ਿਆਰ ਸੀ ਤੇ ਨਾ ਬਹੁਤਾ ਕਮਜ਼ੋਰ, ਬਸ ਪਾਸ ਹੋਈ ਜਾਂਦਾ। ਇੰਵੇ ਉਹ ਗੁਆਂਢੀ ਪਿੰਡ ਤੋਂ 12ਵੀਂ ਪਾਸ ਕਰ ਗਿਆ। ਸੁੱਖੀ ਹੁਣ ਪੜਨੋਂ ਹੱਟ ਗਿਆ ਤੇ ਆਪਣੇ ਬਾਪ ਨਾਲ ਖੇਤੀਬਾੜੀ ’ਚ ਹੱਥ ਵਟਾਉਣ ਲੱਗਾ, ਜੋ ਮਸਾਂ ਗੁਜ਼ਾਰੇ ਜੋਗੀ ਸੀ। ਕੋਈ ਹੋਰ ਕੰਮ ਵੀ ਨਾ ਸਿੱਖਣ ਲੱਗਾ। ਇਵੇਂ ਸਾਲ ਖੰਡ ਹੋਰ ਲੰਘ ਗਿਆ। ਉਸ ਦੀਆਂ ਤਿੰਨੋਂ ਭੈਣਾਂ ਅਮਰ ਵੇਲ ਵਾਂਗ ਵੱਧ ਕੇ ਲਗਰ ਵਰਗੀਆਂ ਹੋ ਗਈਆਂ। ਹੁਣ ਵੀਰਾਂ ਦੇ ਵਿਆਹ ਦੀ ਚਿੰਤਾ ਮਾਪਿਆਂ ਦੀ ਨੀਂਦ ਹਰਾਮ ਕਰਨ ਲੱਗੀ। ਇਵੇਂ ਵਰਾ ਹੋਰ ਨਿੱਕਲ ਗਿਆ। ਸੁੱਖੀ ਦੀ ਚੋਭਮਾਰ ਚਾਚੀ ਜਿਥੇ ਸੁੱਖੀ ਦੇ ਜਨਮ ਤੋਂ ਪਹਿਲਾਂ ਚੋਭਾਂ ਮਾਰਦੀ ਸੀ ਹੁਣ ਵੀਰਾਂ ਦੀ ਵੱਧਦੀ ਉਮਰ ’ਤੇ ਨਿਹੋਰੇ ਮਾਰਦੀ। ਹੁਣ ਸੁੱਖੀ ਘਰਦੀ ਹਰ ਗੱਲ ਸਮਝਦਾ ਸੀ। ਉਹਦੇ ਨਾਲ ਪੜਦੇ 3-4 ਸਾਥੀ ਬਿਹਤਰ ਭਵਿੱਖ ਦੀ ਆਸ ਨਾਲ ਵਲੈਤ ਵੱਲ ਰੁੱਖ ਕਰ ਗਏ। ਸੁੱਖੀ ਕਈ ਦਫ਼ਾ ਨਿਆਣਪੁਣੇ ’ਚ ਗੁੱਸਾ ਖਾ ਕੇ ਭੈਣਾਂ ਦੇ ਵਿਆਹ ਗੱਜ ਵੱਜ ਕੇ ਕਰਨ ਦੀ ਠਾਣਦਾ। ਚਾਚੀ ਦੇ ਬੋਲ-ਕੁਬੋਲਾਂ ਨੇ ਸੁੱਖੀ ਨੂੰ ਇਟਲੀ ਜਾਣ ਲਈ ਉਤਸ਼ਾਹਿਤ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

ਇਤਫਾਕ ਵੱਸ ਇਕ ਦਿਨ ਪਿੰਡ ਦੇ ਦੂਜੇ ਪਾਸਿਓਂ, ਸੁੱਖੀ ਦੇ ਹਮ ਜਮਾਤੀ ਦੀ ਮਾਂ, ਸੁੱਖੀ ਦੀ ਮਾਂ ਨੂੰ ਕਹਿੰਦੀ,"ਨੀ ਭੈਣ ਨਾ ਮੈਂ ਕਹਿੰਦੀ ਵਾਂ, ਉੱਪਲਾਂ ਵਾਲਾ ਏਜੰਟ ਇਟਲੀ ਦਾ ਢਾਈ ਲੱਖ ਮੰਗਦੈ। 50 ਪਹਿਲਾਂ ਤੇ ਬਾਕੀ ਬਾਅਦ ’ਚ। ਜੇ ਤੁਸੀਂ ਆਪਣੇ ਮੁੰਡੇ ਨੂੰ ਇਟਲੀ ਭੇਜਣੈ ਤਾਂ ਅਸੀਂ ਵੀ ਆਪਣੇ ਤੋਖੀ ਲਈ ਸਲਾਹ ਬਣਾ ਲੈਂਦੇ ਆਂ।"

ਸੁੱਖੀ ਦੀ ਮਾਂ ਬੋਲੀ," ਨਾ ਕੰਮ ਤਾਂ ਮੁੰਡੇ ਧੇਲੇ ਦਾ ਨਈਂ ਜਾਣਦੇ। ਕੰਮ ਓਧਰ ਕੀ ਕਰਨਗੇ ,ਸੁਆਹ।" ਗੁਆਂਢਣ,"ਪੈਸੇ ਵੀ ਤਾਂ ਕਿਸ਼ਤਾਂ ’ਚ ਈ ਦੇਣੇ ਆਂ। ਸੁੱਖ ਨਾਲ ਜ਼ਮੀਨ ਹੈਗੀ ਆ ਤੁਹਾਡੇ। ਗਹਿਣੇ ਧਰਦੇ, ਇਕ ਵਾਰ ਜੇ ਮੁੰਡੇ ਬਾਹਰ ਨਿਕਲ ਗਏ ਤਾਂ ਫਿਰ ਭਲਾ ਦੋ ਤੋਂ ਚਾਰ ਬਣਾ ਲੀਂ।" ਤੋਖੀ ਦੀ ਮਾਂ ਦੀ ਸਲਾਹ ਸੁੱਖੀ ਦੀ ਮਾਂ ਨੂੰ ਜਚ ਗਈ। ਘਰ ਵਿਚਾਰਾਂ ਹੋਈਆਂ, ਮਤਾ ਪਾਸ ਹੋਇਆ। ਉਪਲਾਂ ਦੇ ਏਜੰਟ ਨਾਲ ਗੱਲ ਤੈਅ ਹੋਈ, ਢਾਈ ਲੱਖ ਰੁਪਏ ’ਚ। ਪੰਜਾਹ ਪਹਿਲਾਂ, ਲੱਖ ਵੀਜ਼ਾ ਲੱਗਣ ਅਤੇ ਅਤੇ ਲੱਖ ਇਟਲੀ ਪਹੁੰਚਣ ਉਪਰੰਤ। ਲਓ ਜੀ ਏਜੰਟ ਨਾਲ ਸਾਰੀ ਗੱਲ ਤਹਿ ਹੋ ਗਈ। ਡੇਢ ਲੱਖ ਦੀ ਪ੍ਰਾਪਤੀ ਲਈ ਅੱਧੀ ਜ਼ਮੀਨ ਪਿੰਡ ਦੇ ਸ਼ਾਹੂਕਾਰ ਪਾਸ ਗਹਿਣੇ ਰੱਖ ਦਿੱਤੀ। ਇਟਲੀ ਦੀਆਂ ਤਿਆਰੀਆਂ ਹੋਣ ਲੱਗੀਆਂ। ਇਕੱਤੀਆਂ ਨੂੰ ਪਾਰ ਹੁੰਦੀ ਵੀਰਾਂ ਜਿਥੇ ਕਦੇ ਗੁਰਦੁਆਰਾ ਸਾਹਿਬ ਜਾ ਕੇ ਵੀਰ ਪ੍ਰਾਪਤੀ ਲਈ ਦੁਆ ਕਰਦੀ ਸੀ, ਉਥੇ ਹੁਣ ਉਸ ਦੇ ਇਟਲੀ ਦਾ ਕੰਮ ਬਣ ਜਾਣ ਲਈ ਅਰਜ਼ੋਈਆਂ ਕਰਦੀ ਨਾ ਥੱਕਦੀ। ਲਓ ਜੀ ਉਹ ਦਿਨ ਵੀ ਆਣ ਢੁੱਕਾ। ਹੁਣ ਸੁੱਖੀ ਇਟਲੀ ਜਾਣ ਲਈ ਪਰਿਵਾਰ ਨੂੰ ਮਿਲ ਰਿਹਾ ਸੀ। ਵੀਰਾਂ ਨੂੰ ਮਿਲਦਿਆਂ ਆਖਿਓਸ,"ਵੀਰਾਂ।" 

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

ਵੀਰਾਂ,"ਹੂੰ"।"

"ਵਿਆਹ ਦਾ ਹੁਣ ਫ਼ਿਕਰ ਨਾ ਕਰੀਂ ਭੈਣਾਂ, ਸੋਨੇ ਦੇ ਬਿਸਕੁੱਟ ਲਿਆਵਾਂਗਾ। ਗੱਜ ਵੱਜ ਕੇ ਕਰਾਂਗਾ ਤੇਰੀ ਸਾਦੀ ਕਿ ਸ਼ਰੀਕ ਸੜ ਮਰ ਜਾਣਗੇ।"

ਵੀਰਾਂ ਨੇ ਸ਼ਰਮਾ ਉਂਦਿਆਂ ਆਪਣਾ ਮੂੰਹ ਪੱਲੂ ਨਾਲ ਢੱਕ ਲਿਆ। ਵੀਰਾਂ ਰਾਤੀਂ ਸੁਪਨਿਆਂ ’ਚ ਆਪਣੇ ਆਪ ਨੂੰ ਗਹਿਣਿਆਂ ਨਾਲ ਲੱਦੀ ਤੇ ਸ਼ਾਹੀ ਠਾਠ ਨਾਲ ਹੁੰਦੇ ਵਿਆਹ ਵੇਂਹਦੀ। ਵੀਰਾਂ ਦਾ ਬਾਪ ਵੀ ਕੋਠੀਆਂ ਕਾਰਾਂ ਦੇ ਸੁਪਨੇ ਲੈਂਦਾ ਹੋਇਆ, ਮੁੱਛਾਂ ਨੂੰ ਤਾਅ ਦਿੰਦਾ। ਮਾਨੋ ਸਾਰੇ ਪਰਿਵਾਰ ਦੇ ਖੁਸ਼ੀ ’ਚ ਧਰਤੀ ’ਤੇ ਪੈਰ ਨਾ ਲੱਗਦੇ।

ਇਕ ਮਹੀਨੇ ਬਾਅਦ ਗੁਆਂਢੀਆਂ ਦੇ ਘਰ, ਸੁੱਖੀ ਦਾ ਫੋਨ ਆਇਆ ਕਿ ਉਹ ਗ੍ਰੀਸ ਵਿਚ ਹੈਨ ਤੇ ਅਗਲੇ ਹਫਤੇ ਤੱਕ ਇਟਲੀ ਪਹੁੰਚ ਜਾਣੈ। ਗੁਆਂਢਣ ਇਸ ਖੁਸ਼ ਖ਼ਬਰੀ ਦੇ ਨਾਲ ਜਾਂਦੀ ਹੋਈ ਸੁੱਖੀ ਦੇ ਮੰਗਣੇ ਦੀ, ਆਪਣੀ ਰਿਸ਼ਤੇਦਾਰੀ ’ਚੋਂ ਕੁੜੀ ਦੀ ਦੱਸ ਵੀ ਪਾ ਗਈ। 31ਆਂ ਨੂੰ ਟੱਪੀ ਵੀਰਾਂ ਹੁਣ 21ਆਂ ਅਤੇ ਮੰਦੀ ਦੇ ਝੰਬੇ, ਬਜ਼ੁਰਗਾਂ ਦੀ ਦਹਿਲੀਜ਼ ’ਤੇ ਪਹੁੰਚੇ ਮਾਪੇ ਮੁੜ ਜੁਆਨ ਹੋਏ ਜਾਪਦੇ। ਛੇਤੀ ਸੁਨਹਿਰੀ ਆਸ ਵਿੱਚ ਸੱਭੋ ਪਰਿਵਾਰ ’ਚ ਜਿਵੇਂ ਹੁਣ ਥੋੜਾ ਨਖਰਾ ਅਤੇ ਆਕੜ ਆ ਗਈ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਫਿਰ ਇਕ ਦਿਨ ਮਾਲਟਾ/ਇਟਲੀ ਸਮੁੰਦਰੀ ਹਾਦਸੇ ਦੀ ਖ਼ਬਰ ਆਮ ਹੋਈ, ਜਿਸ ਵਿੱਚ ਤਿੰਨ ਸੌ ਦੇ ਕਰੀਬ ਪੰਜਾਬੀ ਜੁਆਨਾ ਦੇ ਡੁੱਬ ਕੇ ਮਰ ਜਾਣ ਦਾ ਖਦਸ਼ਾ ਪ੍ਰਗਟਾਇਆ। ਮਾਨੋ ਸਾਰੇ ਪਰਿਵਾਰ ਦੇ ਸੁਪਨਿਆਂ ਦਾ ਮਹਿਲ ਤਿੜਕ ਗਿਆ, ਸਵੇ ਤੇ ਫ਼ਸਲ ਆਈ, ਸੜ ਕੇ ਸੁਆਹ ਹੋ ਗਈ। ਬੂਰ ਪਿਆ ਅੰਬ ਕਿਸੇ ਜੜੋਂ ਉਖਾੜ ਕੇ ਸੁੱਟ ਦਿੱਤਾ। ਸਾਰਾ ਪਰਿਵਾਰ ਜਿਧਰੋਂ ਵੀ ਕੋਈ ਖ਼ਬਰ ਮਿਲਦੀ ਉਧਰ, ਵਾਹੋ ਦਾਹੀ ਭੱਜਦਾ ਪਰ ਕੋਈ ਖ਼ਬਰ ਸਪੱਸ਼ਟ ਨਹੀਂ ਸੀ। ਤਿੰਨ ਦਿਨ ਕਿਸੇ ਚੁੱਲ੍ਹੇ ਅੱਗ ਨਾ ਬਾਲੀ। ਵੀਰਾਂ, ਮਾਂ ਬਾਪ ਫਿਰ ਤੋਂ 10-10 ਸਾਲ ਬੁੱਢੇ ਜਾਪਣ ਲੱਗੇ। ਚੌਥੇ ਦਿਨ ਹਾਦਸੇ ਵਿੱਚ ਡੁੱਬ ਕੇ ਮਰ ਗਿਆਂ ਦੀ ਸੂਚੀ ਅਖ਼ਬਾਰ ਵਿੱਚ ਨਸ਼ਰ ਹੋਈ। ਉਸ ’ਚ ਸੁੱਖੀ ਦਾ ਨਾਮ ਵੀ ਸ਼ੁਮਾਰ ਸੀ। ਸੁੱਖੀ ਕੇ ਘਰਦਿਆਂ ਵੀ ਉਹ ਖ਼ਬਰ ਪੜ ਲਈ ਪਰ ਹਾਲੇ ਵੀ ਉਹ ਕਿਸੇ ਆਸ ਦੀ ਕਿਰਨ ’ਚ ਬੇਚੈਨ ਸਨ। ਜਿਧਰ ਵੀ ਕਿਧਰੇ ਕੋਈ ਸੁੱਖੀ ਦੇ ਨਾਲ ਗਇਆਂ ਦੀ ਦੱਸ ਪਾਉਂਦਾ ਉਧਰ ਹੀ ਨਿਰਮਲ ਸਾਈਕਲ ਚੁੱਕ ਕੇ ਵਾਹੋ ਦਾਹੀ ਭੱਜਦਾ ਪਰ ਅਫਸੋਸਿਆ ਘਰ ਮੁੜ ਆਉਂਦਾ। ਹੁਣ ਫਿਰ ਸਾਰਾ ਪਰਿਵਾਰ ਹੀ ਅਰਦਾਸ ਕਰਦਾ ਕਿ ਉਨ੍ਹਾਂ ਨੂੰ ਕਿਸੇ ਵਲੈਤ ਦੀ ਲੋੜ ਨਹੀਂ ਜਿਵੇਂ ਹੈ ਬਸ, ਸੁੱਖੀ ਸਲਾਮਤ ਘਰ ਆ ਜਾਏ। ਵੀਰਾਂ ਤੇ ਕਦੇ ਉਹਦੀ ਮਾਂ ਹੱਥ ’ਚ ਸੁੱਖੀ ਦੀ ਸ਼ੀਸ਼ੇ ਜੜਤ ਫੋਟੋ ਫੜ ਕੇ ਗੁਮਨਾਮੀ ’ਚ ਗੁਆਂਢੀ ਪਿੰਡ ਮੋਨੀ ਬਾਬੇ ਕੋਲ ਭੱਜਦੀਆਂ। ਮੋਨੀ ਬਾਬਾ ਵੀ "ਸੁੱਖੀ ਸਹੀ ਸਲਾਮਤ ਘਰ ਆ ਜਾਏਗਾ" ਕਹਿ ਛੱਡਦਾ। ਅਖ਼ਬਾਰ ’ਚ ਫਿਰ ਮਰ ਗਿਆਂ ਦੀ ਖ਼ਬਰ ਆਮ ਹੋਈ ਤਾਂ ਉਸ ਵਿੱਚ ਫਿਰ ਸੁੱਖੀ ਦਾ ਨਾਮ ਸ਼ਾਮਲ ਸੀ। ਘਰ ਅਫ਼ਸੋਸ ਕਰਨ ਵਾਲਿਆਂ ਦਾ ਆਉਣ ਜਾਣ ਰਹਿੰਦਾ ਪਰ ਭਾਣਾ ਵਰਤ ਗਏ ਦਾ ਕੋਈ ਸੱਚ ਨਾ ਉਗਲਦਾ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਸੁੱਖੀ ਦੀ ਮਾਂ ਬੇਸੁੱਧੀ ਵਿੱਚ ਵੀਰਾਂ ਨੂੰ ਬੋਲਦੀ,"ਆਪਣੇ ਸੁੱਖੀ ਨੂੰ ਭਲਾ ਕੀ ਹੋਇਐ? ਇਹ ਦੇਖ ਤਾਂ ਫੋਟੋ। ਮੋਨੀ ਬਾਬਾ ਕਹਿੰਦਾ ਛੇਤੀ ਹੀ ਆ ਜਾਏਗਾ, ਸੁੱਖਾਂ ਨਾਲ ਸੁੱਖ ਕੇ ਲਿਆ ਸੁੱਖੀ। ਜਾਹ ਤਾਂ ਭਲਾ ਰਾਹ ’ਚ ਦੇਖ ਕੇ ਆ ਆਪਣੇ ਵੀਰ ਤਾਈਂ। ਆਉਂਦੈ ਈ ਹੋਣੈ ਕਿਧਰੇ। "ਵੀਰਾਂ ਵੀ ਬੇਸੁੱਧੀ ’ਚ ਬਾਹਰ ਵੱਲ ਵਿਖਰੇ ਉਲਝੇ ਵਾਲਾਂ ਨਾਲ ਭੱਜ ਉੱਠਦੀ। ਫਿਰ ਇਕ ਦਿਨ ਸੁੱਖੀ ਨਾਲ ਗਿਆ, ਪਿੰਡ ਦੇ ਦੂਜੇ ਪਾਸਿਓਂ, ਬਚ ਗਿਆਂ ’ਚ ਸ਼ਾਮਲ ਤੋਖੀ ਦੇ ਮੁੜ ਆਉਣ ਦੀ ਖ਼ਬਰ ਆਈ ਤਾਂ ਸੁੱਖੀ ਦੀ ਮਾਂ ਉਨ੍ਹਾਂ ਦੇ ਘਰ ਵੱਲ ਦੌੜੀ। ਤੋਖੀ ਦੇ ਸੱਚ ਉਗਲਣ ’ਤੇ ਵੀਰਾਂ ਦੀ ਮਾਂ ਵੈਰਾਗ ਵਿੱਚ ਦੁਹੱਥੜ ਮਾਰਦੀ ਹੋਈ ਵਾਪਸ ਘਰ ਵੱਲ ਦੌੜੀ। ਵੀਰਾਂ ਨੂੰ ਜਦ ਖ਼ਬਰ ਦੱਸੀ ਤਾਂ ਉਹ ਤਦੋਂ ਹੱਥ ਵਿੱਚ ਫੜੀ ਆਪਣੇ ਵੀਰ ਦੀ ਫੋਟੋ ਨਿਹਾਰ ਰਹੀ ਸੀ। ਉਹ ਦੋਵੇਂ ਇਕ ਦੂਜੇ ਨਾਲ ਵਾਹ ਕੇ ਲਿਪਟ ਗਈਆਂ। ਵੀਰਾਂ ਚੀਕ ਮਾਰ ਕੇ ਬੋਲੀ,"ਤੂੰ ਵੀ ਮੁੜ ਆ ਵੀਰ।" ਤੇ ਉਹ ਦੋਵੇਂ ਗਸ਼ ਖਾ ਕੇ ਡਿੱਗ ਪਈਆਂ। ਸੁੱਖੀ ਦੀ ਸ਼ੀਸ਼ੇ ਜੜਤ ਫੋਟੋ ਵੀਰਾਂ ਦੇ ਹੱਥੋਂ ਫਰਸ਼ ਤੇ ਡਿੱਗ ਕੇ,ਸ਼ੀਸ਼ਾ ਚੂਰੋ ਚੂਰ ਹੋ ਗਿਆ।

(ਇਹ ਜਲੰਧਰ ਜ਼ਿਲ੍ਹੇ ਦੇ ਪਿੰਡ ਦੀ ਸੱਚੀ ਕਹਾਣੀ ਹੈ ਪਰ ਪਾਤਰ ਅਤੇ ਸਥਾਨ ਫਰਜ਼ੀ ਹਨ)

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor rajwinder kaur