ਕੀਨੀਆ ਦੀ ਆਜ਼ਾਦੀ ਦਾ ਝੰਡਾ ਚੁੱਕਣ ਵਾਲਾ ਸਿਰਕੱਢ ਸਿੱਖ ਨਾਇਕ ਮੱਖਣ ਸਿੰਘ

Tuesday, Aug 13, 2024 - 04:45 PM (IST)

ਕੀਨੀਆ ਦੀ ਆਜ਼ਾਦੀ ਦਾ ਝੰਡਾ ਚੁੱਕਣ ਵਾਲਾ ਸਿਰਕੱਢ ਸਿੱਖ ਨਾਇਕ ਮੱਖਣ ਸਿੰਘ

ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਸੀ ਤੇ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੂੰ ਹੀ ਦੇਣੀਆਂ ਪਈਆਂ ਸਨ। ਪੰਜਾਬੀ ਸ਼ੁਰੂ ਤੋਂ ਹੀ ਜ਼ਬਰ ਨਾਲ ਮੱਥਾ ਲਾਉਂਦੇ ਰਹੇ ਹਨ ਤੇ ਮਜ਼ਲੂਮਾਂ ਦੇ ਹੱਕ 'ਚ ਖੜ੍ਹਦੇ ਰਹੇ ਹਨ। ਪੰਜਾਬੀ ਜਿੱਥੇ ਵੀ ਗਏ, ਉੱਥੇ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਅਜਿਹੇ ਹੀ ਇਕ ਮਹਾਨ ਸਿੱਖ ਨਾਇਕ ਸਨ ਮੱਖਣ ਸਿੰਘ ਜਿਨ੍ਹਾਂ ਨੇ ਕੀਨੀਆ ਦੀ ਆਜ਼ਾਦੀ ਦਾ ਝੰਡਾ ਚੁੱਕਿਆ ਸੀ। 

ਸਾਲ 1950 ਵਿਚ ਮੱਖਣ ਸਿੰਘ ਨੇ ਕੀਨੀਆ ਦੀ ਆਜ਼ਾਦੀ ਲਈ ਕਿਸਵਾਹਿਲੀ ਭਾਸ਼ਾ ਵਿਚ ‘ਉਹੂਰੂ ਸਾਸਾ’ ਦਾ ਨਾਅਰਾ ਦਿੱਤਾ ਸੀ, ਜਿਸ ਦਾ ਅਰਥ ਹੈ ‘ਫ੍ਰੀਡਮ ਨਾਓ’ ‘ਆਜ਼ਾਦੀ ਇਸੇ ਵੇਲੇ’। ਕੀਨੀਆ ਵਿਚਲੇ ਕਾਮਿਆਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਨ ਤੋਂ ਸ਼ੁਰੂਆਤ ਕਰਨ ਵਾਲੇ ਮੱਖਣ ਸਿੰਘ ਕੀਨੀਆ ਦੀ ਆਜ਼ਾਦੀ ਦੇ ਸੰਘਰਸ਼ ਦੇ ਸਿਰਕੱਢ ਆਗੂ ਵਜੋਂ ਉੱਭਰੇ ਸਨ। ਇਸ ਸੰਘਰਸ਼ ਕਾਰਨ ਉਨ੍ਹਾਂ ਨੇ ਤਕਰੀਬਨ 11 ਸਾਲ ਇਕਾਂਤਵਾਸ ਕੈਦ ਵੀ ਕੱਟੀ।

ਮੱਖਣ ਸਿੰਘ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਗੁੱਜਰਾਵਾਲਾਂ ਦੇ ਘਰਜਾਕ ਪਿੰਡ ਦਾ ਸੀ। ਉਨ੍ਹਾਂ ਦਾ ਜਨਮ ਸਾਲ 1913 ਵਿਚ ਹੋਇਆ ਸੀ। ਮੱਖਣ ਸਿੰਘ ਦਾ 18 ਮਈ 1973 ਨੂੰ 59 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਮੱਖਣ ਸਿੰਘ ਬਾਰੇ ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਸ਼ਿਰਾਜ਼ ਦੁੱਰਾਨੀ ਦੱਸਦੇ ਹਨ ਕਿ ਕੀਨੀਆ ਮੱਖਣ ਸਿੰਘ ਲਈ ਆਪਣੀ ਮਾਤ ਭੂਮੀ ਜਿੰਨਾ ਹੀ ਪਿਆਰਾ ਸੀ। ਪੰਜਾਬੀ ਲੇਖਕ ਅਤੇ ਕਵੀ ਅਮਰਜੀਤ ਚੰਦਨ ਦੱਸਦੇ ਹਨ ਕੀਨੀਆ ਵਿਚ ਗ਼ਦਰ ਪਾਰਟੀ ਦੀ ਅੰਡਰ-ਗਰਾਊਂਡ ਬਰਾਂਚ ਸੀ ਜਿਸ ਵਿਚ ਮੱਖਣ ਸਿੰਘ ਸਰਗਰਮ ਸਨ।

ਅਮਰਜੀਤ ਚੰਦਨ ਦੇ ਪਿਤਾ ਗੋਪਾਲ ਸਿੰਘ ਚੰਦਨ ਵੀ ਨਾਇਰੋਬੀ ਵਿਖੇ ਰਹੇ ਸਨ। ਅਮਰਜੀਤ ਸਿੰਘ ਚੰਦਨ ਦਾ ਜਨਮ ਵੀ ਨਾਇਰੋਬੀ ਵਿਚ ਹੀ ਹੋਇਆ। ਗੋਪਾਲ ਸਿੰਘ ਚੰਦਨ ਅਤੇ ਮੱਖਣ ਸਿੰਘ ਚੰਗੇ ਦੋਸਤ ਸਨ। ਕੀਨੀਆ ਤੇ ਪੂਰਬੀ ਅਫ਼ਰੀਕਾ ਦੇ ਇਤਿਹਾਸ ਵਿਚ ਮੁਹਾਰਤ ਰੱਖਣ ਵਾਲੇ ਜ਼ਰੀਨਾ ਪਟੇਲ ਆਪਣੇ ਲੇਖ ‘ਮੱਖਣ ਸਿੰਘ ਐਂਡ ਦਿ ਗਦਰਾਈਟਸ’ ਵਿਚ ਮੱਖਣ ਸਿੰਘ ਨੂੰ ਕੀਨੀਆ ਦੀ ਟਰੇਡ ਯੂਨੀਅਨ ਮੂਵਮੈਂਟ ਦਾ ਸੰਸਥਾਪਕ ਦੱਸਦੇ ਹਨ।

ਜ਼ਰੀਨਾ ਪਟੇਲ ਦੀ ਬੀਤੇ ਅਪ੍ਰੈਲ ਮਹੀਨੇ ਮੌਤ ਹੋ ਗਈ ਸੀ। ਜ਼ਰੀਨਾ ਪਟੇਲ ਨੇ ਮੱਖਣ ਸਿੰਘ ਦੇ ਜੀਵਨ ਉੱਤੇ ਦੀ 'ਅਨਕੁਆਇਟ - ਦੀ ਲਾਈਫ ਐਂਡ ਟਾਈਮਜ਼ ਆਫ ਮੱਖਣ ਸਿੰਘ' ਨਾਂ ਦੀ ਕਿਤਾਬ ਵੀ ਲਿਖੀ ਸੀ। ਜ਼ਰੀਨਾ ਲਿਖਦੇ ਹਨ ਕਿ ਮੱਖਣ ਸਿੰਘ ਹੁਰਾਂ ਦਾ ਪਰਿਵਾਰਕ ਪਿਛੋਕੜ ਕਾਫੀ ਸਧਾਰਣ ਸੀ। ਮੱਖਣ ਸਿੰਘ ਦੇ ਪਿਤਾ ਸੁੱਧ ਸਿੰਘ ਜੱਬਲ ਇੱਕ ਤਰਖਾਣ ਵਜੋਂ ਕੰਮ ਕਰਦੇ ਸਨ, ਉਨ੍ਹਾਂ ਦਾ ਪਰਿਵਾਰ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਸੀ। ਮੱਖਣ ਸਿੰਘ ਦੀ ਮਾਤਾ ਦਾ ਨਾਂ ਈਸ਼ਰ ਕੌਰ ਸੀ।

ਜ਼ਰੀਨਾ ਪਟੇਲ ਲਿਖਦੇ ਹਨ ਕਿ ਭਾਰਤ ਵਿਚ ਮੱਖਣ ਸਿੰਘ ਦੇ ਪਿਤਾ ਸੁੱਧ ਸਿੰਘ ਆਪਣੀ ਆਰਥਿਕ ਸਥਿਤੀ ਸੁਧਾਰਣ ਲਈ ਸਾਲ 1920 ਵਿਚ ਮੁਮਬਾਸਾ ਚਲੇ ਗਏ ਸਨ। ਇਸ ਤੋਂ ਪਹਿਲਾਂ ਵੀ ਕਾਫ਼ੀ ਦੱਖਣੀ ਏਸ਼ੀਆਈ ਲੋਕ ਪੂਰਬੀ ਅਫ਼ਰੀਕਾ ਵਿਚ ਜਾ ਚੁੱਕੇ ਸਨ। ਉਹ ਲਿਖਦੇ ਹਨ ਕਾਰੀਗਰਾਂ ਨੂੰ ਯੁਗਾਂਡਾ ਰੇਲਵੇ ਦੀ ਉਸਾਰੀ ਲਈ ਕੰਮ ਕਰਨ ਲਈ ਇੱਥੇ ਲਿਆਂਦਾ ਗਿਆ ਹੈ, ਇਨ੍ਹਾਂ ਵਿਚ ਸਿੱਖ ਕਾਰੀਗਰ ਵੀ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ-ਹਰਿਆਣਾ 'ਚ ED ਦੀ ਵੱਡੀ ਕਾਰਵਾਈ, ਮੌਜੂਦਾ ਵਿਧਾਇਕ ਤੇ ਹੋਰਨਾਂ ਆਗੂਆਂ ਦੇ ਮਾਮਲੇ 'ਚ ਐਕਸ਼ਨ

ਇਸ ਦੇ ਮੁਕੰਮਲ ਹੋਣ ਮਗਰੋਂ 37,747 ਕਾਮਿਆਂ ਵਿਚੋਂ 28,254 ਵਾਪਸ ਚਲੇ ਗਏ ਸਨ ਜਦਕਿ 2,493 ਕਾਮਿਆਂ ਦੀ ਮੌਤ ਹੋ ਗਈ ਸੀ। 7000 ਦੇ ਕਰੀਬ ਕਾਮੇ ਇੱਥੇ ਹੀ ਰਹਿ ਗਏ ਸਨ। ਜ਼ਰੀਨਾ ਪਟੇਲ ਲਿਖਦੇ ਹਨ ਸਾਲ 1921 ਦੇ ਆਉਂਦਿਆਂ ਆਉਂਦਿਆ ਕੀਨੀਆ ਵਿਚਲੇ ਭਾਰਤੀਆਂ ਦੀ ਗਿਣਤੀ 22,822 ਤੱਕ ਪਹੁੰਚ ਗਈ ਸੀ। ਇਸ ਸਮੇਂ ਦੌਰਾਨ ਕੀਨੀਆ ਵਿਚ ਵੀ ਈਸਟ ਅਫ਼ਰੀਕਾ ਐਸੋਸੀਏਸ਼ਨ, ਈਸਟ ਅਫ਼ਰੀਕਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਹੇਠ ਰੋਸ ਦੀ ਲਹਿਰ ਜ਼ੋਰਾਂ ਸ਼ੋਰਾਂ ਨਾਲ ਵਗ਼ ਰਹੀ ਸੀ।

ਮੱਖਣ ਸਿੰਘ ਦੇ ਪਿਤਾ ਨੇ ਨਾਇਰੋਬੀ ਵਿਚ ਕੁਝ ਛੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਇਕ ਪ੍ਰਿੰਟਿੰਗ ਪ੍ਰੈੱਸ ਖੋਲ੍ਹ ਲਈ ਸੀ। ਸਾਲ 1927 ਵਿਚ ਉਹ ਆਪਣੀ ਪਤਨੀ ਆਪਣੇ ਪੁੱਤਰ ਮੱਖਣ ਸਿੰਘ ਆਪਣੀ ਧੀ ਕੁਲਵੰਤ ਕੌਰ ਅਤੇ ਆਪਣੀ ਪਤਨੀ ਨੂੰ ਨਾਇਰੋਬੀ ਲੈ ਕੇ ਆ ਗਏ ਸਨ। ਅਮਰਜੀਤ ਸਿੰਘ ਚੰਦਨ ਦੱਸਦੇ ਹਨ ਕਿ ਸਾਲ 1895 ਵਿਚ ਪੰਜਾਬੀ ਇੱਧਰ ਵੱਲ੍ਹ ਜਾਣੇ ਸ਼ੁਰੂ ਹੋਏ ਸਨ, ਪਹਿਲੇ 500 ਪੰਜਾਬੀ ਕਾਰੀਗਰ ਲਾਹੌਰ ਤੋਂ ਅਲੀਭਾਈ ਜੀਵਨਜੀ ਲੈ ਕੇ ਗਏ ਸਨ।

ਪੰਜਾਬ ਸਣੇ ਭਾਰਤ ਦੇ ਹੋਰਨਾਂ ਇਲਾਕਿਆਂ ਤੋਂ ਇੱਥੇ ਪਹੁੰਚੇ ਪ੍ਰਵਾਸੀਆਂ ਨੇ ਨਾ ਸਿਰਫ਼ ਭਾਰਤ ਦੀ ਆਜ਼ਾਦੀ ਦੇ ਲਈ ਹੀ ਕੰਮ ਨਹੀਂ ਕੀਤਾ ਸਗੋਂ ਕੀਨੀਆ, ਯੁਗਾਂਡਾ ਸਣੇ ਪੂਰਬੀ ਅਫ਼ਰੀਕੀ ਖਿੱਤੇ ਵਿਚ ਬਸਤੀਵਾਦ ਖ਼ਿਲਾਫ਼ ਅੰਦੋਲਨ ਵਿਚ ਵੀ ਮੋਹਰੀ ਰੋਲ ਅਦਾ ਕੀਤਾ। ਜ਼ਰੀਨਾ ਪਟੇਲ ਲਿਖਦੇ ਹਨ ਕਿ ਸਾਲ 1927 ਕੀਨੀਆ ਵਚ ਬਸਤੀਵਾਦ ਵਿਰੋਧੀ ਲਹਿਰ ਵਿੱਚ ਕਾਫ਼ੀ ਮਹੱਤਵਪੂਰਨ ਸਮਾਂ ਸੀ। ਇਸੇ ਸਾਲ ਜੋਮੋ ਕੀਨੀਓਟਾ ਵਜੋਂ ਜਾਣੇ ਜਾਂਦੇ ਜੋਹਨਸਟੋਨ ਕਮਾਓ ਨੇ ਜਨਤਕ ਜੀਵਨ ਦੀ ਸ਼ੁਰੂਆਤ ਕੀਤੀ ਸੀ।

ਜੋਮੋ ਕੀਨੀਓਟਾ ਕੀਨੀਆ ਦੇ ਪਹਿਲੇ ਰਾਸ਼ਟਰਪਤੀ ਵੀ ਬਣੇ ਸਨ। ਇਸੇ ਸਾਲ ਹੀ ਗ਼ਦਰ ਪਾਰਟੀ ਦਾ ਵੀ ਮੁੜ ਉਭਾਰ ਹੋਇਆ ਸੀ। ਜ਼ਰੀਨਾ ਲਿਖਦੇ ਹਨ 1926 ਵਿਚ ਗ਼ਦਰ ਪਾਰਟੀ ਦਾ ਨਾਮ ਕਿਰਤੀ ਕਿਸਾਨ ਸਭਾ ਪੈ ਗਿਆ ਸੀ। ਉੱਤਰੀ ਅਮਰੀਕਾ ਅਤੇ ਸੰਸਾਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਗ਼ਦਰ ਪਾਰਟੀ ਦਾ ਅਧਾਰ ਪੂਰਬੀ ਅਫ਼ਰੀਕਾ ਵਿੱਚ ਵੀ ਸੀ। ਉਹ ਲਿਖਦੇ ਹਨ ਕਿ ਇੱਥੇ ਦੋ ਗ਼ਦਰੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ, ਤਿੰਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਅੱਠ ਨੂੰ ਜੇਲ੍ਹ ਦੀ ਸਜ਼ਾ ਹੋਈ ਅਤੇ 20 ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ।

ਜ਼ਰੀਨਾ ਪਟੇਲ ਲਿਖਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦੇ ਸ਼ੁਰੂਆਤੀ ਸਮੇਂ ਦਾ ਅਸਰ ਜ਼ਰੂਰ ਮੱਖਣ ਸਿੰਘ ਉੱਤੇ ਹੋਇਆ ਹੋਵੇਗਾ, ਉਨ੍ਹਾਂ ਨੇ 1857 ਦੀ ਆਜ਼ਾਦੀ ਦੀ ਪਹਿਲੀ ਜੰਗ, ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ਼ ਦਾ ਕਤਲਿਆਮ ਬਾਰੇ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਦੀ ਸੋਚ 'ਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਲੈਨਿਨ ਦੀਆਂ ਸਮਾਜਵਾਦ ਬਾਰੇ ਧਾਰਨਾਵਾਂ ਦਾ ਵੀ ਪ੍ਰਭਾਵ ਪਿਆ ਹੋਵੇਗਾ।

ਗ਼ਦਰ ਪਾਰਟੀ ਨੇ ਹੋਰ ਗਤੀਵਿਧਿੀਆਂ ਦੇ ਨਾਲ ਨਾਲ ‘ਕਾਵਿ ਫ਼ੁਲਵਾੜੀ’ ਨਾਂ ਦੇ ਇਕ ਸਮੂਹ ਦੀ ਵੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਉਮਰ ਵਿੱਚ ਸਾਰਿਆਂ ਤੋਂ ਛੋਟੇ ਮੱਖਣ ਸਿੰਘ ਵੀ ਆਪਣੇ ਪਿਤਾ ਨਾਲ ਇਸ ਵਿੱਚ ਸ਼ਾਮਲ ਹੁੰਦੇ ਸਨ। ਸਾਲ 1935 ਵਿਚ ਮੱਖਣ ਸਿੰਘ ਨੂੰ ਇੰਡੀਅਨ ਟਰੇਡ ਯੂਨੀਅਨ ਦਾ ਸਕੱਤਰ ਬਣਾਇਆ ਗਿਆ ਸੀ। ਇਸ ਵੇਲੇ ਉਨ੍ਹਾਂਦੀ ਉਮਰ 22 ਸਾਲ ਸੀ। ਇਸ ਅਹੁਦੇ ਉੱਤੇ ਆਉਂਦਿਆਂ ਹੀ ਉਨ੍ਹਾਂ ਨੇ ਜਿਹੜਾ ਕੰਮ ਸਭ ਤੋਂ ਪਹਿਲਾਂ ਕੀਤਾ ਉਹ ਸੀ ਇਸ ਦਾ ਨਾਮ ਬਦਲਣਾ।

ਉਨ੍ਹਾਂ ਨੇ ਇਸ ਯੂਨੀਅਨ ਦਾ ਨਾਮ ਬਦਲ ਕੇ ‘ਨੌਨ ਰੇਸ਼ੀਅਲ ਟਰੇਡ ਯੂਨੀਅਨ ਮੈਨੇਜਮੈਂਟ’ ਕਮੇਟੀ ਰੱਖ ਦਿੱਤਾ ਸੀ। ਯੂਨੀਅਨ ਵਿਚ ਕੰਮ ਕਰਦਿਆਂ ਉਨ੍ਹਾਂ ਨੇ ਹੱਥ ਅਤੇ ਸਾਈਕਲੋਸਟਾਈਲ ਨਾਲ ਪਰਚੇ ਲਿਖ ਕੇ ਵੰਡਣੇ ਸ਼ੁਰੂ ਕਰ ਦਿੱਤੇ। ਇਹ ਪਰਚੇ ਗੁਰਮੁਖੀ, ਉਰਦੂ, ਗੁਜਰਾਤੀ, ਸਵਾਹਿਲੀ, ਅੰਗਰੇਜ਼ੀ ਵਿਚ ਹੁੰਦੇ ਸਨ। ਜ਼ਰੀਨਾ ਪਟੇਲ ਲਿਖਦੇ ਹਨ ਕਿ ਸਾਲ 1937 ਵਿੱਚ ਤਾਗਾਨਈਕਾ, ਦਰ ਏਸ ਸਾਲਾਮ ਤਾਗਾਨਿਕਾ ਦੇ ਕਾਮੇ ਇਸ ਯੂਨੀਅਨ ਵਿੱਚ ਸ਼ਾਮਲ ਹੋ ਗਏ ਸਨ। ਇਸ ਮਗਰੋਂ ਯੂਨੀਅਨ ਦਾ ਨਾਮ ਬਦਲਕੇ ਲੇਬਰ ਟਰੇਡ ਯੂਨੀਅਨ ਆਫ ਈਸਟ ਅਫ਼ਰੀਕਾ ਰੱਖ ਦਿੱਤਾ ਗਿਆ। ਮੱਖਣ ਸਿੰਘ ਨੇ ਕਾਮਿਆਂ ਦੀਆਂ ਕਈ ਵੱਡੀਆਂ ਮੰਗਾਂ ਚੁੱਕੀਆਂ ਅਤੇ ਉਨ੍ਹਾਂ ਨੂੰ ਪੂਰਾ ਕਰਵਾਇਆ।

ਮੱਖਣ ਸਿੰਘ ਸਿੱਖ ਧਰਮ ਦੇ ਗਿਆਤਾ ਸਨ ਪਰ ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਕਰਮ ਕਾਂਡ ਜਾਂ ਰਸਮੀ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਿਰਾਜ਼ ਦੱਸਦੇ ਹਨ ਕਿ ਉਸ ਵੇਲੇ ਦੱਖਣੀ ਏਸ਼ੀਆਈ ਭਾਈਚਾਰਾ ਉੱਥੋਂ ਦੇ ਸਥਾਨਕ ਲੋਕਾਂ ਨਾਲ ਘੁਲਦਾ ਮਿਲਦਾ ਨਹੀਂ ਸੀ, ਪਰ ਮੱਖਣ ਸਿੰਘ ਅਤੇ ਪੀਓ ਗਾਮਾ ਪਿੰਟੋ ਜਿਹੇ ਕਾਰਕੁਨਾਂ ਨੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਆਪਣੇ ਨਾਲ ਜੋੜਿਆ। ਅਮਰਜੀਤ ਸਿੰਘ ਚੰਦਨ ਦੱਸਦੇ ਹਨ ਕਿ ਮੱਖਣ ਸਿੰਘ ਨੂੰ ਇਹ ਗੁੜ੍ਹਤੀ ਵਿਰਾਸਤ ਵਿੱਚੋਂ ਹੀ ਮਿਲੀ ਸੀ।

ਉਸ ਸਮੇਂ ਦੌਰਾਨ ਪੰਜਾਬ ਵਿਚ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਜੈਤੋਂ ਦਾ ਮੋਰਚਾ ਵੀ ਚੱਲ ਰਿਹਾ ਸੀ ਜਿਸ ਦਾ ਅਸਰ ਮੱਖਣ ਸਿੰਘ ਉੱਤੇ ਵੀ ਰਿਹਾ। 28 ਦਸੰਬਰ 1939 ਨੂੰ ਮੱਖਣ ਸਿੰਘ ਭਾਰਤ ਪਰਤ ਗਏ ਸਨ। ਮੱਖਣ ਸਿੰਘ ਇਸ ਗੱਲ ਤੋਂ ਜਾਣੂ ਸਨ ਕਿ ਅਫ਼ਰੀਕਾ ਵਿੱਚ ਕਾਮਿਆਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕਰਨ ਦੀਆਂ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਬਰਤਾਨਵੀ ਨਾਖ਼ੁਸ਼ ਹੋਣਗੇ। ਇਸ ਲਈ ਉਨ੍ਹਾਂ ਨੇ ਬੰਬਈ ਤੋਂ ਉੱਤਰਨ ਮਗਰੋਂ 500 ਮੀਲ ਤੋਂ ਅਹਿਮਦਾਬਾਦ ਦੀ ਇੱਕ ਕੱਪੜਾ ਮਿੱਲ ਵਿੱਚ ਸ਼ਰਨ ਲੈ ਲਈ ਸੀ।। ਪੁਲਿਸ ਨੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਅਤੇ ਜੇਲ੍ਹ ਵਿੱਚ ਡੱਕ ਦਿੱਤਾ। ਉਨ੍ਹਾਂ ਨੂੰ 5 ਮਈ 1940 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਸਾਲ 1942 ਤਕ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰਹੇ। ਇਸ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਘਰਜਾਕ ਵਿਚ ਨਜ਼ਰਬੰਦੀ ਤਹਿਤ ਰੱਖਿਆ ਗਿਆ।

ਇਸ ਸਮੇਂ ਦੌਰਾਨ ਉਨ੍ਹਾਂ ਨੇ ਕਾਰਲ ਮਾਰਕਸ ਦੇ ‘ਦਾਸ ਕੈਪੀਟਲ’ ਦੇ ਕੁਝ ਹਿੱਸੇ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ। ਉਨ੍ਹਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ‘ਜੰਗ ਏ ਅਜ਼ਾਦੀ’ ਅਖ਼ਬਾਰ ਦੇ ਸਹਿ-ਸੰਪਾਦਕ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੇ ਅਫ਼ਰੀਕਾ ਵਾਪਸ ਪਰਤਣ ਮਗਰੋਂ ਉਨ੍ਹਾਂ ਨੂੰ ਇਕ ‘ਕੁਇੱਟ ਆਰਡਰ’ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇੱਕ ਪਾਬੰਦੀਸ਼ੁਦਾ ਪ੍ਰਵਾਸੀ ਕਰਾਰ ਦਿੱਤਾ ਗਿਆ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਮੱਖਣ ਸਿੰਘ ਦੇ ਪੁੱਤਰ ਹਿੰਦਪਾਲ ਸਿੰਘ ਜੱਬਲ ਲਿਖਦੇ ਹਨ ਕਿ ਅਗਸਤ 1947 ਵਿੱਚ ਭਾਰਤ ਪਰਤਣ ਮਗਰੋਂ ਉਨ੍ਹਾਂ ਨੇ ਸਾਲ 1949 ਵਿੱਚ ਪੂਰਬੀ ਅਫ਼ਰੀਕਾ ਟਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕੀਤੀ।

ਉਹ ਲਿਖਦੇ ਹਨ ਕਿ ਇੱਕ ਤਕਰੀਰ ਮਗਰੋਂ ਉਨ੍ਹਾਂ ਦੇ ਪਿਤਾ ਨੂੰ 15 ਮਈ,1950 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਕਤੂਬਰ 1961 ਤੱਕ ਬਿਨਾ ਕਿਸੇ ਇਲਜ਼ਾਮ ਜਾਂ ਮੁਕੱਦਮੇ ਦੇ ਵੱਖ-ਵੱਖ ਥਾਵਾਂ ਉੱਤੇ ਇਕੱਲਿਆਂ ਹਿਰਾਸਤ ਵਿਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਲਈ ਨਾਇਰੋਬੀ ਅਤੇ ਹੋਰ ਥਾਵਾਂ ’ਤੇ ਪ੍ਰਦਰਸ਼ਨ ਵੀ ਹੋਏ ਸਨ, ਉਨ੍ਹਾਂ ਦੇ ਨਾਲ ਫਰੈੱਡ ਕੁਬਾਈ ਨਾਮ ਦੇ ਆਗੂ ਨੂੰ ਵੀ ਫੜਿਆ ਗਿਆ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੋਈ ਸਿਆਸੀ ਜਾਂ ਗ਼ੈਰ ਸਿਆਸੀ ਅਹੁਦਾ ਨਹੀਂ ਲਿਆ ਅਤੇ ਸਾਦਾ ਜੀਵਨ ਬਤੀਤ ਕੀਤਾ।

ਪੰਜਾਬੀ ਲੇਖਕ ਆਤਮਜੀਤ ਦਾ ਨਾਟਕ ਮੰਗੂ ਕਾਮਰੇਡ ਮੱਖਣ ਸਿੰਘ ਦੀ ਜ਼ਿੰਦਗੀ ’ਤੇ ਅਧਾਰਤ ਹੈ। ਮੱਖਣ ਸਿੰਘ ਨੇ ਆਪਣੀ ਆਤਮ ਕਥਾ ਵੀ ਲਿਖੀ ਹੈ ਜਿਸ ਦਾ ਨਾਂ ‘ਕਾਮਰੇਡ ਮੱਖਣ ਸਿੰਘ’ ਹੈ। ਮੱਖਣ ਸਿੰਘ ਨੇ ਕੀਨੀਆ ਵਿਚ ਟਰੇਡ ਯੂਨੀਅਨ ਮੂਵਮੈਂਟ ਦੇ ਇਤਿਹਾਸ ਬਾਰੇ ਕਿਤਾਬ ਵੀ ਲਿਖੀ ਸੀ। ਮੱਖਣ ਸਿੰਘ ਦੀਆਂ ਲਿਖ਼ਤਾਂ 20,000 ਪੰਨੇ ਯੂਨੀਵਰਸਿਟੀ ਆਫ ਨਾਇਰੋਬੀ ਵਿੱਚ ਪਈਆਂ ਜਿਨ੍ਹਾਂ ਦੀ ਹਾਲਤ ਖ਼ਸਤਾ ਹੈ।


author

Anmol Tagra

Content Editor

Related News