1947 ਹਿਜਰਤਨਾਮਾ- 9 : ਮਾਈ ਕੇਸਰ ਕੌਰ

Tuesday, May 12, 2020 - 05:10 PM (IST)

1947 ਹਿਜਰਤਨਾਮਾ- 9 : ਮਾਈ ਕੇਸਰ ਕੌਰ

" ਮੈਂ ਕੇਸਰ ਕੌਰ ਪਤਨੀ ਹਰਬੰਸ ਸਿੰਘ ਕੰਬੋਜ-ਮਰੋਕ ਸਿੱਖ ਪਿੰਡ ਬੱਲਕੋਨਾ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਤੋਂ ਬੋਲਦੀ ਪਈ ਆਂ। ਮੇਰਾ ਪਿਛਲਾ ਪੇਕਾ ਪਿੰਡ ਨਸੀਰ ਪੁਰ ਨਜਦੀਕ ਲੋਹੀਆਂ ਜ਼ਿਲ੍ਹਾ ਕਪੂਰਥਲਾ ਐ। ਮੇਰਾ ਬਾਪ ਭਗਤ ਸਿੰਘ ਹਾਲਾਂ ਨਿਆਣੀ ਉਮਰੇ ਹੀ ਸੀ, ਜਦ ਉਹ ਬਾਰ ਦੇ ਪਿੰਡ ਚੂਹੇ ਝਾੜ ਨੇੜੇ ਸਾਂਗਲਾ ਜ਼ਿਲ੍ਹਾ ਸ਼ੇਖੂਪੁਰਾ ਵਿਚ ਮੁਰੱਬਾ ਅਲਾਟ ਹੋਣ ਕਾਰਨ ਅਪਣੇ ਪਿਤਾ ਸ.ਸ਼ੇਰ ਸਿੰਘ ਨਾਲ ਖੇਤੀਬਾੜੀ ਕਰਨ ਲਈ ਗਏ। ਮੇਰਾ ਅਤੇ ਸੱਭੋ ਭੈਣ ਭਰਾਵਾਂ ਦਾ ਜਨਮ ਉਧਰ ਬਾਰ ਦਾ ਹੀ ਹੈ। ਫਸਲ ਬਾੜੀ ਚੰਗੀ ਸੀ। ਗੁਜਾਰਾ ਵਧੀਆ ਸੀ। ਫਸਲ ਸਾਂਗਲਾ ਮੰਡੀ ਵਿਚ ਵੇਚਿਆ ਕਰਦੇ ਸਾਂ। ਅਲੀ ਮੁਹੰਮਦ ਲੁਹਾਰਾ - ਤਖਾਣਾ ਕੰਮ ਕਰਦਾ ਸੀ। ਚਾਨਣ ਅਤੇ ਉਹਦਾ ਬਾਪ ਨੱਬੀ ਮੋਚੀ ਪੁਣਾ ਕਰਦੇ ਸਨ। ਪਿੰਡ ਦਾ ਚੌਧਰੀ-ਲੰਬੜਦਾਰ ਗੁਲਾਬ ਸਿੰਘ ਹੈ ਸੀ। ਸੰਤਾ ਸਿੰਘ ਪਿੰਡ ਦਾ ਝੀਰ ਪਿੰਡ ਵਿਚਲੇ ਖੂਹ ਤੋਂ ਪਾਣੀ ਕੱਢ ਕੇ ਘਰਾਂ ਵਿਚ ਪਹੁੰਚਾਇਆ ਕਰਦਾ ਸੀ। ਬਦਲੇ ’ਚ ਉਹ ਹਾੜੀ ਸੌਣੀ ਦਾਣੇ ਅਤੇ ਪੱਠਾ ਦੱਥਾ ਲੈਂਦਾ ਸੀ । ਲਾਲੂ ਝੀਰ ਲਾਗੀ ਦਾ ਕੰਮ ਕਰਦਾ ਸੀ। ਮੇਰੀਆਂ ਮੁਸਲਿਮ ਸਹੇਲੀਆਂ ਵਿਚ ਸ਼ਕੀਨਾ, ਐਸਾਂ ਅਤੇ ਦੋ ਸਕੀਆਂ ਭੈਣਾ ਭਾਗੋ ਅਤੇ ਬਰਕਤੇ ਸ਼ੁਮਾਰ ਸਨ। ਬਰਕਤੇ ਦਾ ਭਰਾ ਚਾਨਣ ਵੀ ਮੇਰੀ ਯਾਦ ਵਿਚ ਹੈ। ਜਦ ਕਿਧਰੇ ਜਾਣਾ ਹੁੰਦਾ ਤਾਂ ਚੂਹੇ ਝਾੜ ਤੋਂ ਢਾਬਾਂ ਨਾਮੇ  ਸਟੇਸ਼ਨ ਤੋਂ ਰੇਲ ਗੱਡੀ ਚੜ੍ਹਿਆ ਕਰਦੇ ਸਾਂ।

ਮੇਰੀ ਅਤੇ ਮੇਰੀ ਵੱਡੀ ਭੈਣ ਕਰਤਾਰ ਕੌਰ ਦਾ ਵਿਆਹ 1942 ਵਿਚ ਇਕੱਠੀਆਂ ਦੀ ਇੱਕੋ ਦਿਨ ਹੋਇਆ। ਕਰਤਾਰ ਕੌਰ ਥੋਥੀਆਂ ਤੇ ਮੈਂ ਜਹਾਂਗੀਰ ਤਹਿਸੀਲ ਅਤੇ ਜ਼ਿਲ੍ਹਾ ਲਾਇਲਪੁਰ ਦੇ ਹਰਬੰਸ ਸਿੰਘ ਪੁੱਤਰ ਨਰੈਣ ਸਿੰਘ ਪੁੱਤਰ ਮੂਲਾ ਸਿੰਘ ਨੂੰ ਵਿਆਹੀ ਗਈ। ਜਹਾਂਗੀਰ ਵਿਚ ਸਾਡੀ 14 ਖੇਤਾਂ ਦੀ ਵਾਹੀ ਸੀ। ਕਣਕ ਮੱਕੀ ਬਾਜਰਾ ਅਤੇ ਕਪਾਹ ਆਦਿ ਫਸਲਾਂ ਹੁੰਦੀਆਂ। ਫਸਲ ਲਾਇਲਪੁਰ ਮੰਡੀ ਵਿਚ ਵੇਚਿਆ ਕਰਦੇ । ਇੱਥੇ ਮੈਂ ਸਾਲ ਖੰਡ ਹੀ ਰਹੀ। ਨਹਿਰੀ ਪਾਣੀ ਇਕਦਮ ਨਿਰਮਲ ਪੀਣ ਯੋਗ ਹੁੰਦਾ ਸੀ। ਇਹੀ ਪਾਣੀ ਸਾਫ ਚੁਬੱਚਿਆਂ ਵਿਚ ਭਰ ਲੈਂਦੇ ਅਤੇ ਘਰ ਦੇ ਨਿੱਤ ਆਹਰ ਲਈ ਵਰਤਦੇ। ਪਿੰਡ ਵਿਚਲੇ ਖੂਹ ਦਾ ਪਾਣੀ ਕੁਝ ਕੁੜੱਤਣ ’ਤੇ ਸੀ।

ਸਹੁਰੇ ਪਰਿਵਾਰ ਵਾਲਿਆਂ ਗੁਆਂਢੀ ਚੱਕ 32 ’ਚ ਦੋ ਮੁਰੱਬਿਆਂ ਦੀ ਵਾਹੀ ਠੇਕੇ ’ਤੇ ਲੈ ਰੱਖੀ ਸੀ। ਮੈਂ ਜ਼ਿਆਦਾ ਸਮਾਂ ਇਥੇ ਹੀ ਰਹੀ। ਜਦ ਰੌਲੇ ਪਏ ਤਾਂ ਸਾਡਾ ਸਾਰਾ ਪਰਿਵਾਰ ਆਪਣੇ ਸਰੀਕੇ ਪਾਸ ਜਹਾਂਗੀਰ ਆ ਗਿਆ। ਇਥੇ ਹੀ ਆਲੇ-ਦੁਆਲੇ ਪਿੰਡਾਂ ਤੋਂ ਵੀ ਹਿੰਦੂ ਸਿੱਖ ਉੱਠ ਕੇ ਆਰਜੀ ਕੈਂਪ ਦੀ ਸ਼ਕਲ ਵਿਚ ਆ ਸ਼ਾਮਲ ਹੋਏ। ਇਕ ਹੋਰਸ ਪਿੰਡ ਦਾ ਜੱਟ ਸਿੱਖ ਨਹਿਰ ਦੀ ਪਟੜੀ ਬੰਦੂਕ ਲਈ  ਆਵੇ। ਮੁਸਲਿਮ ਦੰਗਈਆਂ ਉਸ ਨੂੰ ਪਿੱਛਿਓਂ ਘੇਰ ਕੇ ਬਰਸ਼ੇ ਮਾਰੇ ਪਰ ਉਹ ਭੱਜ ਨਿੱਕਲਿਆ। ਜਹਾਂਗੀਰ ਵਿਚ ਕਈ ਦਿਨ ਕਾਫਲਾ ਚੱਲਣ ਦੀ ਉਡੀਕ ਵਿਚ ਉਵੇਂ ਖੜਾ ਰਿਹਾ।

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ 'ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’

ਪੜ੍ਹੋ ਇਹ ਵੀ ਖਬਰ - ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ?

ਕੁਝ ਦਿਨਾਂ ਬਾਅਦ ਕਾਫਲੇ ਨੂੰ ਚੱਲਣ ਦਾ ਹੁਕਮ ਹੋਇਆ। ਹੱਥੀਂ ਬਣਾਏ, ਲਿੱਪੇ ਪੋਚੇ ਘਰਾਂ ਅਤੇ ਹਵੇਲੀਆਂ ਨੂੰ ਆਖੀਰੀ ਵਾਰੀ ਨੀਝ ਲਾ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ। ਸਦਾਂ ਲਈ ਵਿਛੋੜੇ ਦਾ ਦਰਦ ਅੱਖਾਂ ਥਾਣੀ ਬਹਿ ਤੁਰਿਆ। - -ਤੇ ਫਿਰ ਸੈਂਕੜੇ ਗੱਡਿਆਂ ਦਾ ਕਾਫਲਾ ਲਾਇਲਪੁਰ ਲਈ ਤੁਰਿਆ। ਕਾਫਲੇ ਵਿਚ ਸਾਡਾ ਗੱਡਾ ਸੱਭ ਤੋਂ ਪਿੱਛੇ ਸੀ। ਜਿਸ ਵਿਚ ਮੈਂ ਅਤੇ ਮੇਰੇ ਪਤਿਓਰੇ ਧਿਆਨ ਸਿੰਘ ਅਤੇ ਸੁਰੈਣ ਸਿੰਘ ਦੀਆਂ ਨੂੰਹਾਂ ਬੈਠੀਆਂ ਹੋਈਆਂ ਸਨ। ਜਿਉਂ ਹੀ ਗੱਡਿਆਂ ਦਾ ਕਾਫਲਾ ਰੌਸ਼ਨਵਾਲਾ ਪਿੰਡ ਦੇ ਬਰਾਬਰ ਪਹੁੰਚਾ ਤਾਂ ਕੀ ਵੇਖਦੇ ਹਾਂ ਕਿ 4-5 ਹਥਿਆਰਬੰਦ ਮੁਸਲਮਾਨ ਚੋਬਰ ਘੋੜਿਆਂ ਉਪਰ ਸਵਾਰ ਹੋ ਕੇ ਸਾਡੇ ਬਰਾਬਰ ਚੱਲਣ ਲੱਗੇ। ਕਹਿੰਦੇ ਡਰੋ ਨਾ ਤੁਹਾਡੇ ਖਿਆਲ ਲਈ ਹੀ ਆਏ ਹਾਂ ਪਰ ਇਹ ਉਨ੍ਹਾਂ ਦਾ ਧੋਖਾ ਸੀ। ਉਨ੍ਹਾਂ ਪਿਛਲੇ ਪਾਸਿਓਂ ਗੱਡਿਆਂ ਉਪਰ ਗੋਲੀ ਚਲਾ ਦਿੱਤੀ । ਮੇਰਾ ਸਹੁਰਾ ਨਰੈਣ ਸਿੰਘ ਆਖੇ ਕਿ ਗੱਡੇ ’ਚੋਂ ਕਿਰਪਾਨ ਕੱਢ ਪਰ ਗੱਡਾ ਤਾਂ ਸਮਾਨ ਨਾਲ ਭਰਿਆ ਪਿਆ ਸੀ। ਸੋ ਮੈਨੂੰ ਕਿਰਪਾਨ ਨਾ ਲੱਭੇ। ਪਲਾਂ ਛਿਨਾ ਵਿਚ ਹੀ ਭਾਣਾ ਵਰਤ ਗਿਆ। ਮੇਰੇ ਸਹੁਰੇ, ਇਕ ਬਾਲਮੀਕ ਕੰਮੀ, ਸਾਡੇ ਸ਼ਰੀਕੇ ’ਚੋਂ ਤੇਜਾ ਸਿੰਘ ਦੀ ਨੂੰਹ, ਜੋ ਚੰਨਣ ਸਿੰਘ ਦੇ ਘਰੋਂ ਸੀ ਅਤੇ 4-5 ਹੋਰਸ ਨੂੰ ਗੋਲੀਆਂ ਆਣ ਲੱਗੀਆਂ। ਇਸ ਕਾਂਡ ਵਿਚ ਨਰੈਣ ਸਿੰਘ, ਬਾਲਮੀਕ ਕੰਮੀ, ਇਕ ਬੱਚਾ ਅਤੇ 1- 2 ਹੋਰ ਮਾਰੇ ਗਏ। ਕਾਫਲਾ ਖਲੋਅ ਗਿਆ। ਤੇਜਾ ਸਿੰਘ ਦਾ ਭਰਾ ਕਨੱਈਆ ਸਿੰਘ, ਜੋ ਕਿ ਰਿਟਾਇਰਡ ਥਾਣੇਦਾਰ ਸੀ ਲਾਇਲਪੁਰੋਂ 2-3 ਸਿੱਖ ਮਿਲਟਰੀ ਦੇ ਜਵਾਨ ਲੈ ਆਇਆ। ਉਨ੍ਹਾਂ ਕੁਝ ਹਵਾਈ ਫਾਇਰ ਕੀਤੇ। ਤਦੋਂ ਕਾਫਲੇ ਦੇ ਤੁਰਨ ਦਾ ਹੁਕਮ ਹੋਇਆ। ਮਰ ਗਿਆ ਦਾ ਸੰਸਕਾਰ ਵੀ ਕਾਹਲੀ ਕਾਹਲੀ 'ਚ ਅੱਧ-ਪੁਚੱਧਾ ਹੀ ਹੋਇਆ। ਸੋ ਅੱਧ ਜ਼ਲੀਆਂ ਲਾਸ਼ਾਂ ,ਉਵੇਂ ਹੀ ਨਹਿਰ ਵਿਚ ਸੁੱਟ ਆਏ।

ਕਾਫਲਾ ਲਾਇਲਪੁਰ ਪਹੁੰਚ ਕੇ ਹਫਤੇ ਕੁ ਤੱਕ ਉਥੇ ਹੀ ਰਿਹਾ। ਇਸ ਵਕਤ ਗਿਆਨੀ ਕਰਤਾਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਕਾਫਲਿਆਂ ਦੀ ਸਾਂਭ ਸੰਭਾਲ ਲਈ ਬਹੁਤ ਕੰਮ ਕੀਤਾ। ਪਿਛਿਓਂ ਪਿੰਡਾਂ ਵਲੋਂ ਹੋਰ ਗੱਡਿਆਂ ਦੇ ਕਾਫਲੇ ਆ ਗਏ। ਫਿਰ ਸਾਰੇ 'ਕੱਠੇ ਹੋ ਕੇ ਜੜਾਂਵਾਲਾ ਲਈ ਤੁਰੇ। ਇਥੇ ਵੀ 2-3 ਦਿਨ ਦਾ ਪੜਾਅ ਹੋਇਆ। ਉਪਰੰਤ ਬੱਲੋ ਕੀ ਹੈੱਡ ਲਈ ਚਾਲੇ ਪਾਏ। ਰਸਤੇ ਵਿਚ ਬੜੇ ਫਾਕੇ ਅਤੇ ਤਕਲੀਫ ਝੱਲੀ। ਕਿਧਰੇ ਮੱਕੀ-ਛੋਲਿਆਂ ਦੇ ਦਾਣੇ ਭੁਨਾ ਖਾਈਏ। ਪਾਣੀ ਵੀ ਕਿਧਰੋਂ ਪੀਣ ਵਾਲਾ ਸਾਫ ਨਾ ਮਿਲਿਆ। ਹਰ ਤਰਫ ਲਹੂ ਜਾਂ ਜਹਿਰ ਮਿਲਿਆ ਹੁੰਦਾ। ਵਬਾ ਵੀ ਫੈਲੀ ਹੋਈ ਸੀ। ਕਈ ਮਰ ਮੁੱਕ ਗਏ ਰਸਤੇ ਵਿਚ। ਬੱਲੋ ਕੀ ਹੈੱਡ ਤੋਂ ਅੱਗੇ ਇਕ ਮੁਸਲਿਮ ਕਬਰਿਸਤਾਨ ਵਿਚ ਜਦ ਇਕ ਸਿੱਖ ਦੀ ਲਾਸ਼ ਨੂੰ ਦੱਬਿਆ ਤਾਂ ਮੁਸਲਮਾਨਾ ਆਣ ਰੌਲਾ ਪਾਇਆ ਕਿ ਇਥੇ ਸਿੱਖ ਦੀ ਲਾਸ਼ ਕਿਓਂ ਦੱਬੀ ਐ? ਲਾਸ਼ ਮੁੜ ਕੱਢ ਕੇ ਹੋਰਸ ਪਾਸੇ ਦੱਬੀ। ਇਸੇ ਤਰਾਂ ਕਾਫਲੇ ’ਚੋਂ ਖੇਤਾਂ ਵਿਚ ਚਾਰਾ ਲੈਣ ਗਏ ਇਕਾ ਦੁੱਕਾ ਸਿੱਖਾਂ ਨੂੰ ਮਾਰ ਜਾਂ ਫੱਟੜ ਕਰ ਦਿੱਤਾ ।

ਪੜ੍ਹੋ ਇਹ ਵੀ ਖਬਰ - ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’ 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਰ ਸ਼ਰਫ

ਖੇਮਕਰਨ-ਪੱਟੀ-ਤਰਨਤਾਰਨ ਤੋਂ ਹੁੰਦੇ ਹੋਏ ਅਸੀਂ ਆਪਣੇ ਪਿੱਤਰੀ ਪਿੰਡ ਜਹਾਂਗੀਰ ਤਹਿਸੀਲ ਤਰਨਤਾਰਨ ਪਹੁੰਚੇ। ਘਰ ਦਾ ਜਰੂਰੀ, ਕੀਮਤੀ ਸਾਮਾਨ, ਬੱਚੇ , ਬੀਮਾਰ ਅਤੇ ਬਜ਼ੁਰਗ ਗੱਡਿਆ ਉਪਰ ਅਤੇ ਬਾਕੀ ਗੱਡਿਆਂ ਦੇ ਨਾਲ ਨਾਲ ਤੁਰ ਕੇ ਹੀ ਆਏ। ਇਥੇ ਸਾਡਾ ਪਰਿਵਾਰ ਸਾਲ ਖੰਡ ਕੁ ਰਿਹਾ। ਉਪਰੰਤ ਸਡੀਆਂ ਕੱਚੀਆਂ ਪਰਚੀਆਂ ਮਲਸੀਆਂ (ਜਲੰਧਰ ) ਦੀਆਂ ਪਈਆਂ। ਸੋ ਉਥੇ ਜਾ ਡੇਰੇ ਲਾਏ। ਇਥੇ ਵੀ ਦੋ ਕੁ ਸਾਲ ਰਹੇ। ਫਿਰ ਪੱਕੀਆਂ ਪਰਚੀਆਂ ਮਲੋਟ ਮਾਲਵੇ ਦੀਆਂ ਪਈਆਂ,ਸੋ ਉਥੇ ਜਾ ਵਾਸ ਕੀਤਾ। ਮਲਸੀਆਂ ਆ ਕੇ ਮੇਰੇ ਸਹੁਰੇ ਦਾ ਭਰਾ ਸੁਰੈਣ ਸਿੰਘ ਆਖੇ ਕਿ ਉਸ ਨੂੰ ਕਾਫਲੇ ਵਿਚ ਮਾਰੇ ਗਏ ਆਪਣੇ ਭਰਾ ਨਰੈਣ ਸਿੰਘ ਦੇ ਬਹੁਤ ਸੁਪਨੇ ਆਉਂਦੇ ਨੇ ਕਿ ਉਹ ਭੁੱਖਾ ਅਤੇ ਨੰਗਾ ਆ। ਫਿਰ ਅਸਾਂ ਮਰਗ ਦੇ ਭੋਗ ਵਾਲਾ ਉਸ ਦਾ ਸਾਰਾ ਕਿਰਿਆ ਕਰਮ ਕੀਤਾ। ਇਥੇ ਵੀ ਮੁਸ਼ਕਲ ਨਾਲ ਸਾਲ ਖੰਡ ਰਹੇ। ਇਸ ਦੀ ਵਜਾ ਇਹ ਸੀ ਕਿ ਮੇਰੇ ਮਾਪਿਆਂ ਨੂੰ ਬਾਰ ਦੀ ਜ਼ਮੀਨ ਬਦਲੇ ਪਿੰਡ ਬੱਲਕੋਨਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਚ ਪੱਕੀ ਪਰਚੀ ਪਈ ਸੀ। ਪਰ ਮੇਰਾ ਭਰਾ ਕੋਈ ਨਹੀਂ ਸੀ । ਸੋ ਮੇਰੇ ਮਾਪਿਆਂ ਨੇ ਫੈਸਲਾ ਕਰ ਕੇ ਮੇਰੇ ਪਤੀ ਨੂੰ ਬਤੌਰ ਘਰ ਜਵਾਈ, ਬਲਕੋਨੇ ਰਹਿਣ ਲਈ ਮਨਾ ਲਿਆ। ਸੋ ਅਸੀਂ ਮਲੋਟ ਵਾਲੀ ਜ਼ਮੀਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਾਜਬ ਰੇਟ ਤੇ ਵੇਚ ਆਏ। ਬਲਕੋਨੇ ਵੀ ਮੇਰੇ ਬਾਪ ਨੇ ਜਮੀਨ ਦਾ ਇਕ ਵੱਡਾ ਹਿੱਸਾ ਵੇਚਤਾ। ਬਾਪ ਦੀ ਮੌਤ ਉਪਰੰਤ ਹੱਕ ਸ਼ਫਾ ਤਹਿਤ ਦਹਾਕਿਆਂ ਦੀ ਲੰਬੀ ਅਦਾਲਤੀ ਕਾਰਵਾਈ ਉਪਰੰਤ 10 ਗੁਣਾ ਵੱਧ ਕੀਮਤ ਚੁਕਾ ਕੇ ਮੁੜ ਕਾਬਜ਼ ਹੋਏ। ਮੇਰਾ ਜਨਮ ਕਰੀਬ 1922 ਦਾ ਹੈ। ਇਸ ਵਕਤ ਮੇਰੀ ਉਮਰ ਜਿੱਥੇ ਕਰੀਬ 98 ਸਾਲ ਹੈ ਉਥੇ ਮੇਰੇ ਪਤੀ ਦੀ 100 ਸਾਲ ਤੋਂ ਉਪਰ ਹੈ। ਮੇਰੀ ਯਾਦਾਸ਼ਤ ਅਤੇ ਸਿਹਤ ਚੰਗੀ ਹੈ ਪਰ ਮੇਰੇ ਸਰਦਾਰ ਜੀ ਇਨ੍ਹਾਂ ਦੋਹੇਂ ਪੱਖਾਂ ਤੋਂ ਆਰੀ ਹਨ।

PunjabKesari

ਰੌਲਿਆਂ ਤੋਂ ਪਹਿਲੇ ਮੇਰੇ ਬੇਟੀ ਅਤੇ ਬੇਟਾ ਸਨ ਪਰ ਅਫਸੋਸ ਕਿ ਦੋਨੋਂ ਨਿਆਣੀ ਉਮਰੇ ਓਧਰ ਹੀ ਪੂਰੇ ਹੋ ਗਏ। ਬੇਟੀ 32 ਚੱਕ ਵਿਚ ਰੌਲਿਆਂ ਤੋਂ ਡੇਢ ਕੁ ਸਾਲ ਪਹਿਲਾਂ ਅਤੇ ਬੇਟਾ ਜਹਾਂਗੀਰ ਵਿਚ ਕਾਫਲੇ ਦੇ ਚੱਲਣ ਦੀ ਘੰਟੀ ਵੱਜਣ ਤੋਂ 20 ਕੁ ਦਿਨ ਪਹਿਲਾਂ ਚੜਾਈ ਕਰ ਗਏ। ਇਸ ਵਕਤ ਅਸੀਂ ਦੋਏਂ, 3 ਧੀਆਂ ਕਰਮਜੀਤ ਕੌਰ, ਸੁਰਜੀਤ ਕੌਰ, ਪ੍ਰੀਤਮ ਕੌਰ ਅਤੇ ਦੋ ਸਪੁੱਤਰ ਸਾਧੂ ਸਿੰਘ ਅਤੇ ਲਖਵੀਰ ਸਿੰਘ ਸਭ ਵਿਆਹੇ ਵਰੇ ਨੇਕ ਬਖਤ ਧੀਆਂ ਪੁੱਤਰਾਂ ਦੀ ਫੁਲਵਾੜੀ ਦਾ ਨਿਘ ਮਾਣ ਰਹੇ ਹਾਂ। - ਵੰਡ ਦੀ ਕਤਲੋਗਾਰਤ ਦਾ ਕਿੱਸ ਨੂੰ ਦੋਸ਼ ਦਈਏ। ਸਭ ਧਿਰਾਂ ਦਾ ਬਰਾਬਰ ਲਹੂ ਬਹਿਐ। ਲੀਡਰਾਂ ਦਾ ਨੁਕਸਾਨ, ਹੋਇਆ ਲੱਖ ਨਾ ਤੇ ਲੋਕਾਂ ਦਾ ਰਿਹਾ ਕੱਖ ਨਾ।"

ਸਤਵੀਰ ਸਿੰਘ ਚਾਨੀਆਂ
92569-73526


author

rajwinder kaur

Content Editor

Related News